ਆਡੀਓ ਲੀਕ ਮਾਮਲੇ 'ਚ ਬਿੱਟੂ ਨੇ ਤੋੜੀ ਚੁੱਪੀ, ਕਿਹਾ- ''ਬੈਂਸ ਤੋਂ ਕਾਂਗਰਸ ਕਰਵਾ ਰਹੀ ਅਜਿਹੇ ਕੰਮ''
Monday, May 20, 2024 - 04:22 AM (IST)
ਲੁਧਿਆਣਾ (ਹਿਤੇਸ਼)- ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਆਡੀਓ ਵਾਇਰਲ ਕਰਨ ਨੂੰ ਲੈ ਕੇ ਐੱਮ.ਪੀ. ਰਵਨੀਤ ਬਿੱਟੂ ਨੇ ਆਪਣੀ ਚੁੱਪ ਤੋੜ ਦਿੱਤੀ ਹੈ। ਉਨ੍ਹਾਂ ਨੇ ਇਸ ਮਾਮਲੇ ’ਚ ਆਈ.ਟੀ. ਸੈੱਲ ’ਚ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਹੈ।
ਜ਼ਿਕਰਯੋਗ ਹੈ ਕਿ ਬੈਂਸ ਵੱਲੋਂ ਇਹ ਕਹਿ ਕੇ ਆਡੀਓ ਵਾਇਰਲ ਕੀਤੀ ਗਈ ਹੈ ਕਿ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਜਬਰ-ਜ਼ਨਾਹੀ ਦੱਸ ਕੇ ਨਿਸ਼ਾਨਾ ਬਣਾਉਣ ਵਾਲੇ ਬਿੱਟੂ ਪਹਿਲਾਂ ਭਾਜਪਾ ’ਚ ਸ਼ਾਮਲ ਕਰਵਾਉਣ ਲਈ ਉਨ੍ਹਾਂ ਨਾਲ ਸੰਪਰਕ ਕਰ ਰਹੇ ਸਨ। ਇਸ ਆਡੀਓ ’ਚ ਬਿੱਟੂ ਆਪਣੀ ਪੁਰਾਣੀ ਪਾਰਟੀ ਕਾਂਗਰਸ ਦੇ ਨਾਲ ਭਾਜਪਾ ਦੇ ਸੀਨੀਅਰ ਨੇਤਾਵਾਂ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵੀ ਟਿੱਪਣੀ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਸਿਮਰਜੀਤ ਬੈਂਸ ਨੇ ਬਿੱਟੂ ਨਾਲ ਸਨਸਨੀਖੇਜ਼ ਗੱਲਬਾਤ ਦੀ ਆਡੀਓ ਕੀਤੀ ਜਾਰੀ
ਭਾਵੇਂ ਬਿੱਟੂ ਨੇ ਇਸ ਆਡੀਓ ਨੂੰ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੈਂਸ ਨਾਲ ਉਨ੍ਹਾਂ ਦਾ ਚੋਣਾਂ ’ਚ ਸਿੱਧਾ ਮੁਕਾਬਲਾ ਹੋਇਆ ਹੈ ਅਤੇ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਹੁਣ ਬੈਂਸ ਕਾਂਗਰਸ ’ਚ ਸ਼ਾਮਲ ਹੋ ਗਏ ਹਨ ਤਾਂ ਪਾਰਟੀ ਉਨ੍ਹਾਂ ਤੋਂ ਇਸ ਤਰ੍ਹਾਂ ਦੇ ਕੰਮ ਕਰਵਾ ਰਹੀ ਹੈ।
ਬਿੱਟੂ ਨੇ ਕਿਹਾ ਕਿ ਉਹ ਮੀਡੀਆ ਨਾਲ ਅਕਸਰ ਗੱਲ ਕਰਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਦਾ ਸਿਸਟਮ ਦੀ ਮਦਦ ਨਾਲ ਕਿਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਕਾਂਗਰਸ ਇਸ ਤਰ੍ਹਾਂ ਦੇ ਕੰਮਾਂ ’ਚ ਮਾਹਿਰ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸ ਕੋਲ ਹੁਣ ਕੋਈ ਮੁੱਦਾ ਨਹੀਂ ਹੈ ਅਤੇ ਆਉਣ ਵਾਲੇ 10 ਦਿਨਾਂ ਦੌਰਾਨ ਇਸ ਤਰ੍ਹਾਂ ਦੀ ਹੋਰ ਆਡੀਓ ਵੀ ਵਾਇਰਲ ਹੋ ਸਕਦੀ ਹੈ ਪਰ ਉਹ ਇਸ ਤਰ੍ਹਾਂ ਦੀ ਕਿਸੇ ਵੀ ਆਡੀਓ ਨੂੰ ਬਿਨਾਂ ਪੁਸ਼ਟੀ ਦੇ ਸ਼ੇਅਰ ਕਰਨ ਵਾਲੇ ਖਿਲਾਫ ਆਪਣੀ ਇਮੇਜ ਖਰਾਬ ਕਰਨ ਦੇ ਦੋਸ਼ ’ਚ ਕਾਰਵਾਈ ਕਰਵਾਉਣ ਲਈ ਪੁਲਸ ਦੇ ਆਈ.ਟੀ. ਸੈੱਲ ’ਚ ਸ਼ਿਕਾਇਤ ਦਰਜ ਕਰਵਾਉਣਗੇ, ਜਿਸ ਦੇ ਲਈ ਕਾਨੂੰਨੀ ਸਲਾਹ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ- ਆਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਨੇ ਬਿੱਟੂ 'ਤੇ ਕੱਸਿਆ ਤੰਜ, ਕਿਹਾ- 'ਇਹ ਤਾਂ ਚੰਗੀਆਂ ਗੱਲਾਂ ਨਹੀਂ...'
ਰਾਜਾ ਵੜਿੰਗ ਨੇ ਦਿੱਤੀ ਚੋਣ ਨਾ ਲੜਨ ਦੀ ਚੁਣੌਤੀ
ਇਸ ਮਾਮਲੇ ’ਚ ਬੈਂਸ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਬਿੱਟੂ ਇਹ ਆਡੀਓ ਰਿਕਾਰਡਿੰਗ ਫਰਜ਼ੀ ਹੋਣ ਦਾ ਦਾਅਵਾ ਕਰ ਰਹੇ ਹਨ, ਉਹ ਇਸ ਦੀ ਜਾਂਚ ਕਰਵਾ ਸਕਦੇ ਹਨ ਅਤੇ ਆਡੀਓ ਫਰਜ਼ੀ ਹੋਣ ’ਤੇ ਉਹ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹਨ ਜਾਂ ਫਿਰ ਬਿੱਟੂ ਦੱਸੇ ਕਿ ਉਨ੍ਹਾਂ ਨੂੰ ਇਹ ਸਭ ਬੋਲਣ ਲਈ ਕੀ ਸਜ਼ਾ ਮਿਲਣੀ ਚਾਹੀਦੀ ਹੈ।
ਇਸ ਦੌਰਾਨ ਲੁਧਿਆਣਾ ਤੋਂ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵਾਇਰਲ ਆਡੀਓ ਨੂੰ ਲੈ ਕੇ ਬਿੱਟੂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਬਿੱਟੂ ਦਾ ਦੋਗਲਾ ਚਿਹਰਾ ਸਾਫ ਹੋ ਗਿਆ ਹੈ ਕਿ ਉਹ ਕਿਸ ਤਰ੍ਹਾਂ ਨਵੀਂ ਪੁਰਾਣੀ ਪਾਰਟੀ ਦੇ ਨੇਤਾਵਾਂ ਖਿਲਾਫ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਬੈਂਸ ਭਾਜਪਾ ’ਚ ਸ਼ਾਮਲ ਹੋ ਜਾਂਦੇ ਸਨ ਠੀਕ ਸੀ ਅਤੇ ਹੁਣ ਕਾਂਗਰਸ ’ਚ ਜਾਣ ’ਤੇ ਉਨ੍ਹਾਂ ਨੂੰ ਜਬਰ-ਜ਼ਨਾਹੀ ਦੱਸ ਰਹੇ ਹਨ। ਇਸ ਮੁੱਦੇ ’ਤੇ ਬਿੱਟੂ ਨੂੰ ਲੁਧਿਆਣਾ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਜਾਂ ਚੋਣ ਮੈਦਾਨ ’ਚੋਂ ਹਟ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲਿਜਾ ਰਿਹਾ ਹੈਲੀਕਾਪਟਰ ਹੋਇਆ ਕ੍ਰੈਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e