ਮੇਅਰ ਦੀ ਚੋਣ ''ਚ ਬਿੱਟੂ, ਆਸ਼ੂ ਤੇ ਤਲਵਾੜ ਦੀ ਤਿੱਕੜੀ ਦਾ ਰਿਹਾ ਬੋਲਬਾਲਾ
Tuesday, Mar 27, 2018 - 06:04 AM (IST)

ਲੁਧਿਆਣਾ(ਹਿਤੇਸ਼)- ਨਗਰ ਨਿਗਮ 'ਚ ਮੇਅਰ ਦੀ ਚੋਣ ਨਾਲ ਹੀ ਕਾਂਗਰਸ ਵਿਚ ਧੜੇਬੰਦੀ ਦਾ ਆਗਾਜ਼ ਵੀ ਹੋ ਗਿਆ ਹੈ, ਕਿਉਂਕਿ ਜਿਨ੍ਹਾਂ ਦਾਅਵੇਦਾਰਾਂ ਨੂੰ ਸਫਲਤਾ ਨਹੀਂ ਮਿਲੀ, ਉਨ੍ਹਾਂ ਨੇ ਇਸ ਦੀ ਵਜ੍ਹਾ ਬਣੇ ਵੱਡੇ ਨੇਤਾਵਾਂ ਖਿਲਾਫ ਮੋਰਚਾ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਸੰਕੇਤ ਸਹੁੰ ਚੁੱਕ ਸਮਾਰੋਹ ਵਿਚ ਹੀ ਦੇਖਣ ਨੂੰ ਮਿਲ ਗਏ। ਇਸ ਕਾਰਨ ਪ੍ਰਬਲ ਦਾਅਵੇਦਾਰ ਰਹੇ ਗੁਰਪ੍ਰੀਤ ਗੋਗੀ ਨੇ ਜ਼ਿਲਾ ਪ੍ਰਧਾਨ ਹੋਣ ਦੇ ਬਾਵਜੂਦ ਤਾਜਪੋਸ਼ੀ ਸਮਾਰੋਹ ਵਿਚ ਹਿੱਸਾ ਲੈਣ ਦੀ ਜਗ੍ਹਾ ਕੁਝ ਮਿੰਟਾਂ ਦੇ ਅੰਦਰ ਹੀ ਨਗਰ ਨਿਗਮ ਤੋਂ ਬਾਹਰ ਦਾ ਰੁਖ਼ ਕਰ ਲਿਆ। ਇਹੀ ਹਾਲ ਬਾਕੀ ਦਾਅਵੇਦਾਰਾਂ ਦਾ ਰਿਹਾ, ਜਿਨ੍ਹਾਂ ਵਿਚ ਪਾਲ ਗਰੇਵਾਲ, ਜੈ ਪ੍ਰਕਾਸ਼, ਰਾਕੇਸ਼ ਪਰਾਸ਼ਰ, ਅੰਮ੍ਰਿਤ ਵਰਸ਼ਾ, ਰਾਮਪਾਲ ਦਾ ਨਾਂ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ, ਜਿਨ੍ਹਾਂ ਦੇ ਮਨ ਵਿਚ ਐੱਮ. ਪੀ. ਰਵਨੀਤ ਬਿੱਟੂ, ਵਿਧਾਇਕ ਭਾਰਤ ਭੂਸ਼ਨ ਆਸ਼ੂ ਤੇ ਸੰਜੇ ਤਲਵਾੜ ਦੀ ਤਿੱਕੜੀ ਪ੍ਰਤੀ ਨਾਰਾਜ਼ਗੀ ਸਾਫ ਦੇਖਣ ਨੂੰ ਮਿਲੀ ਕਿਉਂਕਿ ਮੇਅਰ ਦੀ ਚੋਣ ਵਿਚ ਮੁੱਖ ਤੌਰ 'ਤੇ ਇਨ੍ਹਾਂ ਤਿੰਨਾਂ ਦਾ ਬੋਲਬਾਲਾ ਰਿਹਾ ਹੈ, ਜਿਨ੍ਹਾਂ ਨੂੰ ਸਫਲਤਾ ਹਾਸਲ ਕਰਨ ਵਿਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸਹਿ-ਮੁਖੀ ਹਰੀਸ਼ ਚੌਧਰੀ ਤੇ ਕੈਪਟਨ ਦੇ ਓ. ਐੱਸ. ਡੀ. ਸੰਦੀਪ ਸੰਧੂ ਦਾ ਪੂਰਾ ਸਾਥ ਮਿਲਿਆ ਹੈ। ਇਨ੍ਹਾਂ ਸਾਰੇ ਲੋਕਾਂ ਨੇ ਭਾਵੇਂ ਦਾਅਵੇਦਾਰਾਂ ਨੂੰ ਕਿਸੇ ਹੋਰ ਅਹੁਦੇ 'ਤੇ ਅਡਜਸਟ ਕਰਨ ਦਾ ਵਿਸ਼ਵਾਸ ਦਿੱਤਾ ਹੈ ਪਰ ਜੇਕਰ ਵਾਅਦਾ ਪੂਰਾ ਨਾ ਹੋਇਆ ਤਾਂ ਇਹ ਦਾਅਵੇਦਾਰ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਵਿਚ ਵੱਖਰਾ ਗੁੱਟ ਬਣਾ ਕੇ ਵਿਰੋਧੀ ਸੁਰ ਅਲਾਪ ਸਕਦੇ ਹਨ।
ਕਿਸ ਨੇ ਕਿਸ ਦਾ ਨਾਂ ਪੇਸ਼ ਕੀਤਾ ਪੇਸ਼
* ਮੇਅਰ ਲਈ ਮਮਤਾ ਆਸ਼ੂ ਤੇ ਗੁਰਦੀਪ ਨੀਟੂ
* ਸੀਨੀਅਰ ਡਿਪਟੀ ਮੇਅਰ ਲਈ ਜੈ ਪ੍ਰਕਾਸ਼ ਤੇ ਕੁਲਦੀਪ ਜੰਡਾ
* ਡਿਪਟੀ ਮੇਅਰ ਲਈ ਹਰਜਿੰਦਰ ਲਾਲੀ ਤੇ ਮਨਪ੍ਰੀਤ ਗਰੇਵਾਲ
ਫਲੈਸ਼ ਬੈਕ
* ਸਤੰਬਰ 2017 'ਚ ਖਤਮ ਹੋ ਗਈ ਸੀ ਜਨਰਲ ਹਾਊਸ ਦੀ ਮਿਆਦ
* ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ 'ਚ ਲੱਗ ਗਿਆ ਕਾਫੀ ਸਮਾਂ
* 24 ਫਰਵਰੀ ਨੂੰ 95 ਵਾਰਡਾਂ 'ਚ ਹੋਈਆਂ ਸਨ ਚੋਣਾਂ
* 27 ਫਰਵਰੀ ਨੂੰ ਕੀਤਾ ਗਿਆ ਨਤੀਜਿਆਂ ਦਾ ਐਲਾਨ
ਬਲਕਾਰ ਨੇ ਇਸ ਤਰ੍ਹਾਂ ਤੈਅ ਕੀਤਾ ਡੇਅਰੀ ਮਾਲਕ ਤੋਂ ਮੇਅਰ ਤੱਕ ਦਾ ਸਫਰ
ਬਲਕਾਰ ਸੰਧੂ ਦਾ ਬਿਜ਼ਨੈੱਸ ਡੇਅਰੀ ਦਾ ਹੈ। ਭਾਵੇਂ ਹੀ ਉਹ ਇੰਨੀ ਵਾਰ ਲਗਾਤਾਰ ਕੌਂਸਲਰ ਬਣੇ ਪਰ ਡੇਅਰੀ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਸਾਰਾ ਕੰਮ ਖੁਦ ਸੰਭਾਲਦੇ ਆ ਰਹੇ ਹਨ। ਉਹ ਪਾਰਟੀ ਦੇ ਇਲਾਵਾ ਸਮਾਜਿਕ ਤੇ ਧਾਰਮਿਕ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਪੂਰਾ ਸਮਾਂ ਦਿੰਦੇ ਆ ਰਹੇ ਹਨ। ਉਨ੍ਹਾਂ ਨੂੰ ਆਪਣੇ ਇਲਾਕੇ ਵਿਚ ਮਿਲਣਸਾਰ ਤੇ ਨਿਮਰ ਸੁਭਾਅ ਲਈ ਜਾਣਿਆ ਜਾਂਦਾ ਹੈ। ਜੋ ਵੀ ਕੋਈ ਵਿਅਕਤੀ ਉਨ੍ਹਾਂ ਕੋਲ ਸਮੱਸਿਆ ਲੈ ਕੇ ਜਾਂਦਾ ਹੈ, ਉਸ ਨੂੰ ਹੱਲ ਕਰਵਾਉਣ ਦੇ ਬਾਅਦ ਉਸ ਕੋਲੋਂ ਕਨਫਰਮ ਕਰਨਾ ਬਲਕਾਰ ਦੀ ਵਾਰਡ ਦੇ ਨਾਲ ਸ਼ਹਿਰ ਵਿਚ ਪਛਾਣ ਬਣਨ ਦੀ ਵਜ੍ਹਾ ਹੈ। ਬਲਕਾਰ ਨੂੰ ਆਸ਼ੂ ਦੇ ਕਰੀਬੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਬਿੱਟੂ ਤੇ ਤਲਵਾੜ ਦਾ ਵੀ ਸਮਰਥਨ ਮਿਲ ਗਿਆ।
ਜ਼ੋਨ-ਏ 'ਚ ਦੁਪਹਿਰ ਤੱਕ ਠੱਪ ਰਿਹਾ ਕੰਮ
ਨਵੇਂ ਚੁਣੇ ਗਏ ਕੌਂਸਲਰਾਂ ਦੇ ਸਹੁੰ ਚੁੱਕ ਤੇ ਮੇਅਰਾਂ ਦੇ ਤਾਜਪੋਸ਼ੀ ਸਮਾਰੋਹ ਕਾਰਨ ਜ਼ੋਨ-ਏ ਦਫਤਰ ਮਾਤਾ ਰਾਣੀ ਚੌਕ ਤੱਕ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ। ਜੋ ਸੜਕ ਵੱਲ ਮੇਨ ਗੇਟ ਹੈ, ਉਸ 'ਤੇ ਮੀਡੀਆ ਦੇ ਇਲਾਵਾ ਪਾਸ ਦਿਖਾਉਣ ਵਾਲੇ ਤੇ ਸਿਫਾਰਸ਼ੀ ਲੋਕਾਂ ਨੂੰ ਹੀ ਦਾਖਲਾ ਦਿੱਤਾ ਗਿਆ ਜਦੋਂ ਕਿ ਨਗਰ ਨਿਗਮ ਮੇਨ ਗੇਟ ਤੋਂ ਅੱਗੇ ਤਾਂ ਇਨ੍ਹਾਂ 'ਚੋਂ ਵੀ ਕਈਆਂ ਨੂੰ ਨਹੀਂ ਜਾਣ ਦਿੱਤਾ ਗਿਆ ਜਿਸ ਕਾਰਨ ਪਬਲਿਕ ਨੂੰ ਤਾਂ ਨਗਰ ਨਿਗਮ ਗੇਟ ਨੇੜੇ ਵੀ ਨਹੀਂ ਆਉਣ ਦਿੱਤਾ ਗਿਆ, ਜਿਸ ਕਾਰਨ ਜ਼ੋਨ-ਏ ਵਿਚ ਦੁਪਹਿਰ ਤੱਕ ਕੰਮ ਠੱਪ ਰਿਹਾ।
ਕੌਂਸਲਰ ਦੇ ਨਾਲ ਇਕ ਸਾਥੀ ਨੂੰ ਹੀ ਮਿਲੀ ਨਗਰ ਨਿਗਮ 'ਚ ਐਂਟਰੀ
ਨਗਰ ਨਿਗਮ ਨੇ ਜਨਰਲ ਹਾਊਸ 'ਚ ਸਿਰਫ ਕੌਂਸਲਰਾਂ ਨੂੰ ਹੀ ਐਂਟਰੀ ਦੇਣ ਦਾ ਫੈਸਲਾ ਕੀਤਾ ਸੀ। ਇਸ ਲਈ ਬਕਾਇਦਾ ਪਾਸ ਕੀਤੇ ਗਏ ਸਨ ਪਰ ਮੇਨ ਗੇਟ ਤੋਂ ਉਨ੍ਹਾਂ ਨਾਲ ਕੁਝ ਸਾਥੀਆਂ ਨੂੰ ਅੰਦਰ ਜਾਣ ਦਿੱਤਾ ਗਿਆ ਜਿਨ੍ਹਾਂ ਸਾਥੀਆਂ ਨੂੰ ਮੇਨ ਗੇਟ 'ਤੇ ਲੱਗੇ ਪੰਡਾਲ ਤੱਕ ਹੀ ਰੋਕ ਦਿੱਤਾ ਗਿਆ। ਜਿਥੇ ਸਦਨ ਦੇ ਅੰਦਰ ਚਲ ਰਹੀਆਂ ਗਤੀਵਿਧੀਆਂ ਦਿਖਾਉਣ ਲਈ ਸਕਰੀਨ ਲਾਉਣ ਤੋਂ ਇਲਾਵਾ ਖਾਣ-ਪੀਣ ਦੇ ਸਾਮਾਨ ਦਾ ਪ੍ਰਬੰਧ ਕੀਤਾ ਗਿਆ ਸੀ। ਹਾਲਾਂਕਿ ਕੁਝ ਕੌਂਸਲਰਾਂ ਦੇ ਨਾਲ ਉਨ੍ਹਾਂ ਦੇ ਇਕ ਸਾਥੀ ਨੂੰ ਨਗਰ ਨਿਗਮ ਅੰਦਰ ਜਾਣ ਦਿੱਤਾ ਗਿਆ ਪਰ ਉਨ੍ਹਾਂ 'ਚੋਂ ਕੋਈ ਜਨਰਲ ਹਾਊਸ ਵਿਚ ਦਾਖਲ ਨਹੀਂ ਹੋ ਸਕਿਆ।
ਉਮੀਦਵਾਰ ਖੜ੍ਹਾ ਕਰਨ ਦੀ ਹਿੰਮਤ ਨਹੀਂ ਕਰ ਸਕੀ ਵਿਰੋਧੀ ਧਿਰ
ਨਗਰ ਨਿਗਮ ਚੋਣਾਂ 'ਚ ਕਾਂਗਰਸ ਨੂੰ 62 ਵਾਰਡਾਂ ਵਿਚ ਜਿੱਤ ਮਿਲੀ ਹੈ। ਇਸ ਤੋਂ ਇਲਾਵਾ ਉਸ ਕੋਲ ਆਜ਼ਾਦ ਕੌਂਸਲਰਾਂ ਦਾ ਵੀ ਸਮਰਥਨ ਹੈ, ਜਦੋਂ ਕਿ ਅਕਾਲੀ ਦਲ ਤੇ ਭਾਜਪਾ ਕੋਲ 21 ਕੌਂਸਲਰ ਹਨ। ਇਸ ਤੋਂ ਇਲਾਵਾ ਬੈਂਸ ਗਰੁੱਪ ਤੇ 'ਆਪ' ਦੀਆਂ 8 ਸੀਟਾਂ ਮਿਲਾ ਕੇ ਪੂਰੀ ਵਿਰੋਧੀ ਧਿਰ 29 'ਤੇ ਸਿਮਟ ਜਾਂਦੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਸ ਪਾਰਟੀ ਕੋਲ ਪੂਰਾ ਬਹੁਮਤ ਹੁੰਦਾ ਹੈ, ਉਸ ਦੇ ਉਮੀਦਵਾਰਾਂ ਨੂੰ ਹੀ ਸਰਬਸੰਮਤੀ ਦੇ ਨਾਂ 'ਤੇ ਵਿਰੋਧੀ ਧਿਰ ਵੱਲੋਂ ਸਮਰਥਨ ਦੇਣ ਦੀ ਰਿਵਾਇਤ ਰਹੀ ਹੈ।
ਇਸ ਤਰ੍ਹਾਂ ਕੱਟ ਗਿਆ ਦਾਅਵੇਦਾਰਾਂ ਦਾ ਪੱਤਾ
ਜੇਕਰ ਕਾਂਗਰਸ ਸੂਤਰਾਂ ਦੀ ਮੰਨੀਏ ਤਾਂ ਮੇਅਰ ਦੀ ਕੁਰਸੀ ਕੋਲ ਪਹੁੰਚਣ ਦੇ ਬਾਵਜੂਦ ਤਿੰਨ ਦਾਅਵੇਦਾਰਾਂ ਦਾ ਪੱਤਾ ਐਨ ਮੌਕੇ 'ਤੇ ਕੱਟ ਗਿਆ ਜਿਨ੍ਹਾਂ ਵਿਚ ਸਭ ਤੋਂ ਪਹਿਲਾ ਨਾਂ ਪਾਲ ਗਰੇਵਾਲ ਦਾ ਹੈ, ਜਿਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਛੱਡ ਕੇ ਆਉਣ ਤੇ ਟਿਕਟ ਨਾ ਦੇਣ ਤੇ ਕੈਪਟਨ ਨੇ ਮੇਅਰ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦਾ ਵਾਰਡ ਫਤਿਹਗੜ੍ਹ ਸਾਹਿਬ ਲੋਕ ਸਭਾ ਤੇ ਸਾਹਨੇਵਾਲ ਵਿਧਾਨ ਸਭਾ ਹਲਕੇ 'ਚ ਆਉਣ ਕਾਰਨ ਨਾਂ ਅੱਗੇ ਨਹੀਂ ਵਧ ਸਕਿਆ ਜਿਸ ਲਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੁਧਿਆਣਾ ਤੋਂ ਹੀ ਮੇਅਰ ਬਣਾਉਣ ਦਾ ਹਵਾਲਾ ਦਿੱਤਾ ਗਿਆ। ਇਸ ਦੇ ਬਾਅਦ ਇਕ ਵਾਰ ਗੁਰਪ੍ਰੀਤ ਗੋਗੀ ਦਾ ਨਾਂ ਸਭ ਤੋਂ ਅੱਗੇ ਪਹੁੰਚ ਗਿਆ ਅਤੇ ਇਹੀ ਹਾਲਾਤ ਅੰਮ੍ਰਿਤ ਵਰਸ਼ਾ ਰਾਮਪਾਲ ਦੇ ਨਾਂ ਨੂੰ ਲੈ ਕੇ ਬਣੇ ਪਰ ਬਿੱਟੂ-ਆਸ਼ੂ ਗਰੁੱਪ ਵੱਲੋਂ ਹਰ ਵਾਰ ਬਲਕਾਰ ਸੰਧੂ ਜਾਂ ਜੈ ਪ੍ਰਕਾਸ਼ ਦਾ ਨਾਂ ਅੱਗੇ ਕਰਨ ਕਾਰਨ ਗੋਗੀ ਤੇ ਰਾਮਪਾਲ ਕਾਫੀ ਪੱਛੜ ਗਏ ਇਸ ਦੇ ਬਾਅਦ ਬਲਕਾਰ ਤੇ ਜੈ ਪ੍ਰਕਾਸ਼ ਦੇ ਨਾਂ 'ਤੇ ਸਹਿਮਤੀ ਬਣਨ ਲੱਗੀ ਤਾਂ ਸ਼ਾਮ ਸੁੰਦਰ ਮਲਹੋਤਰਾ ਦੀ ਐਂਟਰੀ ਹੋ ਗਈ, ਜਿਨ੍ਹਾਂ ਨੂੰ ਮੇਅਰ ਬਣਨ ਤੋਂ ਰੋਕਣ ਲਈ ਬਿੱਟੂ-ਆਸ਼ੂ ਗਰੁੱਪ ਨੂੰ ਕਾਫੀ ਮਿਹਨਤ ਕਰਨੀ ਪਈ। ਇਸ ਚੱਕਰ 'ਚ ਮਲਹੋਤਰਾ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਅਤੇ ਜੈ ਪ੍ਰਕਾਸ਼ ਦਾ ਨੰਬਰ ਨਹੀਂ ਲੱਗ ਸਕਿਆ।
ਲਾਈਵ ਕਵਰੇਜ ਦੇ ਨਾਂ 'ਤੇ ਮੀਡੀਆ ਨਾਲ ਹੋਇਆ ਧੋਖਾ
ਨਗਰ ਨਿਗਮ ਵਿਚ ਇਹ ਪਹਿਲਾ ਮੌਕਾ ਸੀ ਕਿ ਜਨਰਲ ਹਾਊਸ ਦੇ ਗਠਨ ਸਮੇਂ ਮੀਡੀਆ ਐਂਟਰੀ ਨਹੀਂ ਦਿੱਤੀ ਗਈ, ਜਿਸ ਲਈ ਡਵੀਜ਼ਨਲ ਕਮਿਸ਼ਨਰ ਦੇ ਹੁਕਮਾਂ ਦਾ ਹਵਾਲਾ ਦਿੱਤਾ ਗਿਆ।
ਹਾਲਾਂਕਿ ਮੀਡੀਆ ਨੂੰ ਬਾਹਰ ਸਕਰੀਨ ਲਾ ਕੇ ਅੰਦਰੋਂ ਲਾਈਵ ਕਵਰੇਜ ਦਿਖਾਉਣ ਦਾ ਵਾਅਦਾ ਕੀਤਾ ਗਿਆ ਪਰ ਇਹ ਧੋਖਾ ਸਾਬਤ ਹੋਵੇਗਾ ਕਿਉਂਕਿ ਸਹੁੰ ਚੁੱਕ ਦਾ ਕੰਮ ਪੂਰਾ ਹੋਣ ਦੇ ਬਾਅਦ ਮੇਅਰ ਚੁਣਨ ਦੀ ਪ੍ਰਕਿਰਿਆ ਦਾ ਲਾਈਵ ਟੈਲੀਕਾਸਟ ਬੰਦ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਲੋਕਲ ਪ੍ਰਸ਼ਾਸਨ ਦੇ ਫੈਸਲੇ ਦਾ ਹਵਾਲਾ ਦਿੱਤਾ।