...ਤੇ ਹੁਣ 'ਰਵਨੀਤ ਬਿੱਟੂ' ਦੇ ਜੀਜੇ ਦੀ ਵਿਵਾਦਤ ਵੀਡੀਓ ਵਾਇਰਲ

Monday, May 06, 2019 - 12:30 PM (IST)

...ਤੇ ਹੁਣ 'ਰਵਨੀਤ ਬਿੱਟੂ' ਦੇ ਜੀਜੇ ਦੀ ਵਿਵਾਦਤ ਵੀਡੀਓ ਵਾਇਰਲ

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਦੌਰਾਨ ਨੇਤਾਵਾਂ ਦੇ ਵਿਵਾਦਤ ਵੀਡੀਓ ਵਾਇਰਲ ਹੋਣ ਦਾ ਰਿਕਾਰਡ ਬਣਦਾ ਜਾ ਰਿਹਾ ਹੈ, ਜਿਸ ਤਹਿਤ ਇਕ ਹਫਤੇ ਤੋਂ ਵੀ ਘੱਟ ਸਮੇਂ 'ਚ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਦੇ ਚੋਣ ਪ੍ਰਚਾਰ ਨਾਲ ਜੁੜਿਆ ਦੂਜਾ ਵੀਡੀਓ ਸਾਹਮਣੇ ਆਇਆ। ਪਹਿਲੇ ਵੀਡੀਓ 'ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਾਅਦਿਆਂ 'ਤੇ ਭਰੋਸਾ ਨਾ ਕਰਨ ਵਾਲੇ ਵਿਅਕਤੀ ਨੂੰ ਉਲਟ ਵੋਟ ਪਾਉਣ ਦੀ ਸਲਾਹ ਦਿੰਦੇ ਹੋਏ ਸੁਣਿਆ ਜਾ ਸਕਦਾ ਹੈ। ਭਾਵੇਂ ਕਿ ਆਸ਼ੂ ਅਤੇ ਬਿੱਟੂ ਨੇ ਇਸ ਵੀਡੀਓ ਨੂੰ ਫਰਜ਼ੀ ਕਰਾਰ ਦਿੰਦੇ ਹੋਏ ਵਿਰੋਧੀਆਂ ਦੀ ਸਾਜ਼ਿਸ਼ ਦੱਸਿਆ ਹੈ ਕਿ ਪਰ ਹੁਣ ਇਕ ਹੋਰ ਵੀਡੀਓ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਹ ਵੀਡੀਓ ਹਲਕਾ ਦਾਖਾ 'ਚ ਹੋਈ ਕਾਂਗਰਸੀ ਸਰਪੰਚਾਂ ਦੀ ਮੀਟਿੰਗ ਦੌਰਾਨ ਦਾ ਦੱਸਿਆ ਜਾ ਰਿਹਾ ਹੈ, ਜਿਸ 'ਚ ਖੁਦ ਨੂੰ ਸਰਪੰਚ ਦੱਸਣ ਵਾਲਾ ਇਕ ਵਿਅਕਤੀ ਇਹ ਕਹਿ ਰਿਹਾ ਹੈ ਕਿ ਲੋਕ ਹੁਣ ਕਾਫੀ ਸਮਝਦਾਰ ਹੋ ਗਏ ਹਨ, ਇਸ ਵਾਰ ਵੋਟਾਂ ਲੈਣ ਲਈ ਸ਼ਰਾਬ ਤੇ ਨਸ਼ਾ ਵੰਡਣਾ ਪਵੇਗਾ।

ਇਸ ਵੀਡੀਓ ਨੂੰ ਇਸ ਲਈ ਬਿੱਟੂ ਨਾਲ ਜੋੜਿਆ ਜਾ ਰਿਹਾ ਹੈ ਕਿ ਉਸ 'ਚ ਬਿੱਟੂ ਦਾ ਜੀਜਾ ਵਿਕਰਮ ਸਿੰਘ ਮੋਫਰ ਵੀ ਨਜ਼ਰ ਆ ਰਿਹਾ ਹੈ, ਜੋ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦਾ ਬੇਟਾ ਹੈ। ਉਨ੍ਹਾਂ ਨੂੰ ਇਹ ਵੀ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਸ਼ਹਿਰਾਂ ਤੇ ਪਿੰਡਾਂ ਦੇ ਸਿਸਟਮ 'ਚ ਫਰਕ ਹੈ, ਇਸ ਲਈ ਸਰਪੰਚਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਇਲਾਕੇ 'ਚ ਲੋਕਾਂ ਨੂੰ ਕਿੰਨੀ ਸ਼ਰਾਬ ਤੇ ਪੈਸਾ ਵੰਡਣ ਦੀ ਲੋੜ ਹੈ। ਇਸ ਵੀਡੀਓ ਨੂੰ ਮੀਟਿੰਗ 'ਚ ਹੀ ਮੌਜੂਦ ਕਿਸੇ ਵਿਅਕਤੀ ਵਲੋਂ ਬਣਾਇਆ ਗਿਆ ਹੈ ਅਤੇ ਇਸ ਦੇ ਵਾਇਰਲ ਹੋਣ ਨਾਲ ਵਿਰੋਧੀਆਂ ਨੂੰ ਇਕ ਮੁੱਦਾ ਮਿਲ ਗਿਆ ਹੈ, ਜੋ ਕਿ ਇਸ ਨੂੰ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਹਨ।


author

Babita

Content Editor

Related News