ਬਹੁ-ਚਰਚਿਤ ਰਵਿੰਦਰ ਗੋਸਾਈਂ ਕਤਲ ਕੇਸ : ਸ਼ੇਰਾ ਤੇ ਬੁੱਗਾ ਦਾ 5 ਦਿਨ ਦਾ ਰਿਮਾਂਡ ਵਧਿਆ
Friday, Nov 24, 2017 - 06:11 AM (IST)

ਲੁਧਿਆਣਾ(ਮਹੇਸ਼)- ਬਹੁ-ਚਰਚਿਤ ਰਵਿੰਦਰ ਗੋਸਾਈਂ ਕਤਲ ਕੇਸ ਵਿਚ ਗ੍ਰਿਫਤਾਰ ਕੀਤੇ ਸ਼ਾਰਪ ਸ਼ੂਟਰ ਹਰਦੀਪ ਸਿੰਘ ਉਰਫ ਸ਼ੇਰਾ ਅਤੇ ਰਮਨਦੀਪ ਸਿੰਘ ਉਰਫ ਬੁੱਗਾ ਦਾ 5 ਦਿਨ ਦਾ ਹੋਰ ਰਿਮਾਂਡ ਵਧਾ ਦਿੱਤਾ ਹੈ। ਇਨ੍ਹਾਂ ਦੋਵਾਂ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਦੀ ਮੋਹਾਲੀ ਸਥਿਤ ਸਪੈਸ਼ਲ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਦੋਸ਼ੀਆਂ ਤੋਂ ਐੱਨ. ਆਈ. ਏ. ਪੁੱਛਗਿਛ ਕਰ ਰਹੀ ਹੈ। ਇਨ੍ਹਾਂ ਦੋਵਾਂ ਨੂੰ ਮੁੜ 27 ਨਵੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਵਰਣਨਯੋਗ ਹੈ ਕਿ 17 ਅਕਤੂਬਰ ਨੂੰ ਆਰ. ਐੱਸ. ਐੱਸ. ਦੇ ਰਵਿੰਦਰ ਗੋਸਾਈਂ ਦਾ ਉਨ੍ਹਾਂ ਦੇ ਘਰ ਦੇ ਬਾਹਰ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕੇਸ ਦੇ ਤਾਰ ਵਿਦੇਸ਼ਾਂ ਨਾਲ ਜੁੜੇ ਹੋਣ ਕਾਰਨ ਕੇਸ ਦੀ ਜਾਂਚ ਦਾ ਜ਼ਿੰਮਾ ਐੱਨ. ਆਈ. ਏ. ਨੂੰ ਸੌਂਪ ਦਿੱਤਾ ਗਿਆ ਸੀ। ਐੱਨ. ਆਈ. ਏ. ਕੇਸ ਦੀ ਛਾਣਬੀਨ ਕਰਦੀ, ਇਸ ਤੋਂ ਪਹਿਲਾਂ ਪੰਜਾਬ ਪੁਲਸ ਨੇ ਸ਼ੇਰਾ, ਰਮਨਦੀਪ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰ ਕੇ ਟਾਰਗੇਟ ਕਿਲਿੰਗ ਦੇ 7 ਕੇਸਾਂ ਨੂੰ ਸੁਲਝਾ ਲੈਣ ਦਾ ਦਾਅਵਾ ਠੋਕ ਦਿੱਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਐੱਨ. ਆਈ. ਏ. ਵੀ ਪੁਲਸ ਦੀ ਥਿਊਰੀ ਸਹੀ ਮੰਨ ਕੇ ਉਸੇ ਨੂੰ ਲੀਕ ਕਰ ਕੇ ਜਾਂਚ ਕਰ ਰਹੀ ਹੈ।