ਮੰਦਰ ਢਾਹੇ ਜਾਣ ਦੇ ਮਾਮਲੇ ''ਚ ਕੇਜਰੀਵਾਲ ਨੇ ਕੀਤਾ ਰਵਿਦਾਸੀਆਂ ਭਾਈਚਾਰੇ ਨਾਲ ਵਿਸ਼ਵਾਸਘਾਤ : ਅਕਾਲੀ ਦਲ
Sunday, Aug 11, 2019 - 09:14 PM (IST)

ਚੰਡੀਗੜ੍ਹ (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਗਲਕਾਬਾਦ ਵਿਖੇ 500 ਸਾਲ ਪੁਰਾਣੇ ਰਵਿਦਾਸ ਮੰਦਰ ਨੂੰ ਢਾਹੁਣ ਤੋਂ ਬਚਾਉਣ ਲਈ ਭਾਈਚਾਰੇ ਵਲੋਂ ਕੋਈ ਵੀ ਸਮਝੌਤੇ ਦੀ ਕੋਸ਼ਿਸ਼ ਨਾ ਕਰ ਕੇ ਰਵਿਦਾਸੀਆ ਭਾਈਚਾਰੇ ਨਾਲ ਵਿਸ਼ਵਾਸਘਾਤ ਕੀਤਾ ਹੈ। ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਦੋਆਬਾ ਖੇਤਰ ਦੇ ਵਿਧਾਇਕਾਂ ਪਵਨ ਕੁਮਾਰ ਟੀਨੂੰ, ਡਾ. ਸੁਖਵਿੰਦਰ ਕੁਮਾਰ ਅਤੇ ਬਲਦੇਵ ਖਾਰਾ ਤੋਂ ਇਲਾਵਾ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਰਵਿਦਾਸੀਆ ਭਾਈਚਾਰੇ ਨੇ ਇਕ ਮਹੀਨਾ ਪਹਿਲਾਂ ਇਸ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੱਕ ਪਹੁੰਚ ਕੀਤੀ ਸੀ। ਭਾਈਚਾਰੇ ਦੇ ਵਫ਼ਦ ਨੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਭਾਈਚਾਰੇ ਵਲੋਂ ਸੁਪਰੀਮ ਕੋਰਟ 'ਚ ਸਮਝੌਤੇ ਦੀ ਕੋਸ਼ਿਸ਼ ਕਰੇ ਅਤੇ ਇਸ ਪੁਰਾਣੇ ਮੰਦਰ ਨੂੰ ਢਾਹੇ ਜਾਣ ਤੋਂ ਬਚਾਏ। ਅਕਾਲੀ ਆਗੂਆਂ ਨੇ ਕਿਹਾ ਕਿ ਵਫ਼ਦ ਦੇ ਆਗੂਆਂ ਸੰਤ ਸਤਵਿੰਦਰ ਸਿੰਘ ਹੀਰਾ ਅਤੇ ਸੰਤ ਜਗਤਾਰ ਸਿੰਘ ਬਰਨਾਲਾ ਦੇ ਦੱਸਣ ਮੁਤਾਬਿਕ ਦਿੱਲੀ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਸ ਬਾਰੇ ਲਿਖ਼ਤੀ ਮੰਗ ਪੱਤਰ ਦੇਣ ਲਈ ਕਿਹਾ ਸੀ। 20 ਦਿਨ ਪਹਿਲਾਂ ਉਨ੍ਹਾਂ ਨੇ ਦਿੱਲੀ ਸਰਕਾਰ ਕੋਲ ਮੰਗ ਪੱਤਰ ਸਮੇਤ ਇਸ ਤੱਥ ਦੇ ਸਬੂਤ ਜਮ੍ਹਾ ਕਰਵਾ ਦਿੱਤੇ ਸਨ ਕਿ ਲੋਧੀ ਵੰਸ਼ ਵਲੋਂ 15ਵੀਂ ਸਦੀ ਵਿਚ ਮੰਦਰ ਵਾਲੀ ਜ਼ਮੀਨ ਰਵਿਦਾਸੀਆ ਭਾਈਚਾਰੇ ਨੂੰ ਦਿੱਤੀ ਗਈ ਸੀ।
ਅਕਾਲੀ ਆਗੂਆਂ ਨੇ ਕਿਹਾ ਕਿ 'ਆਪ' ਸਰਕਾਰ ਇਸ ਮੁੱਦੇ ਨੂੰ ਪੈਦਾ ਕਰਨ ਵਾਲੀ ਪਿਛਲੀ ਕਾਂਗਰਸ ਸਰਕਾਰ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਦਲਿਤ ਭਾਈਚਾਰੇ ਨਾਲ ਇਕਜੁੱਟਤਾ ਦਾ ਦਿਖਾਵਾ ਕਰ ਰਹੇ ਕਾਂਗਰਸੀ ਆਗੂਆਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਦਿੱਲੀ 'ਚ 15 ਸਾਲ ਸੱਤਾ ਵਿਚ ਰਹੀ ਤੁਹਾਡੀ ਪਾਰਟੀ ਨੇ ਇਸ ਮਸਲੇ ਨੂੰ ਹੱਲ ਕਿਉਂ ਨਹੀਂ ਕੀਤਾ? ਅਕਾਲੀ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਕੱਲ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਇਹ ਮਸਲਾ ਕੇਂਦਰ ਸਰਕਾਰ ਕੋਲ ਉਠਾਉਣ ਦੀ ਅਪੀਲ ਕਰਨਗੇ।