ਸ਼ਵੇਤ ਮਲਿਕ ਦੇ ਘਰ ਦਾ ਘੇਰਾਓ ਕਰਨ ਗਏ ਰਵਿਦਾਸ ਭਾਈਚਾਰੇ ਨੂੰ ਪੁਲਸ ਨੇ ਰੋਕਿਆ

Wednesday, Sep 25, 2019 - 11:29 AM (IST)

ਸ਼ਵੇਤ ਮਲਿਕ ਦੇ ਘਰ ਦਾ ਘੇਰਾਓ ਕਰਨ ਗਏ ਰਵਿਦਾਸ ਭਾਈਚਾਰੇ ਨੂੰ ਪੁਲਸ ਨੇ ਰੋਕਿਆ

ਅੰਮ੍ਰਿਤਸਰ (ਗੁਰਪ੍ਰੀਤ) - ਦਿੱਲੀ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਤੋੜੇ ਗਏ ਮੰਦਰ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਰਵਿਦਾਸ ਭਾਈਚਾਰੇ ਦੇ ਲੋਕਾਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੰਤ ਸਮਾਜ ਅਤੇ ਸਾਧੂ ਸੰਪ੍ਰਦਾਏ ਸੋਸਾਇਟੀ ਪੰਜਾਬ ਦੀ ਗਤੀਸ਼ੀਲ ਅਗਵਾਈ 'ਚ ਬਹੁਜਨ ਫਰੰਟ ਪੰਜਾਬ ਦੇ ਸੱਦੇ 'ਤੇ ਇਸ ਰੋਸ ਪ੍ਰਦਰਸ਼ਨ ਵਿਚ ਪੰਜਾਬ ਭਰ 'ਚੋਂ ਪੁੱਜੇ ਲੋਕ ਰਣਜੀਤ ਐਵੀਨਿਊ ਦੇ ਮੈਦਾਨ 'ਚ ਇਕੱਠੇ ਹੋਏ। ਪ੍ਰਦਰਸ਼ਨਕਾਰੀ ਪੈਦਲ ਮਾਰਚ ਕਰਦਿਆਂ ਜਿਵੇਂ ਹੀ ਸ਼ਵੇਤ ਮਲਿਕ ਦੀ ਕੋਠੀ ਵੱਲ ਵਧੇ ਤਾਂ ਪਹਿਲਾਂ ਤੋਂ ਖੜ੍ਹੇ ਪੁਲਸ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਮਾਹੌਲ ਤਣਾਅ ਭਰਿਆ ਬਣ ਗਿਆ। ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ, ਜਿਨ੍ਹਾਂ ਨੂੰ ਪੁਲਸ ਨੇ ਕਚਹਿਰੀ ਚੌਕ 'ਚ ਬੈਰੀਕੇਡ ਲਾ ਕੇ ਰੋਕ ਲਿਆ। ਪ੍ਰਦਰਸ਼ਨਕਾਰੀਆਂ ਨੇ ਕਚਹਿਰੀ ਚੌਕ ਨੂੰ ਚਾਰੇ ਪਾਸਿਓਂ ਰੋਕ ਕੇ ਜਾਮ ਲਾ ਦਿੱਤਾ, ਉਥੇ ਉਹ ਸ਼ਵੇਤ ਮਲਿਕ ਦੀ ਕੋਠੀ ਵੱਲ ਨਹੀਂ ਵੱਧ ਸਕੇ।
PunjabKesari
ਫਰੰਟ ਦੇ ਉੱਚ ਆਗੂ ਸੁਖਵਿੰਦਰ ਕੋਟਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੇ ਤੁਗਲਕਾਬਾਦ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਤੋੜ ਕੇ ਕੇਂਦਰ ਸਰਕਾਰ ਨੇ ਜਬਰਨ ਪਾਪ ਕੀਤਾ ਹੈ। ਦਿੱਲੀ ਵਿਚ 21 ਅਗਸਤ ਨੂੰ ਹੋਏ ਦੇਸ਼-ਵਿਆਪੀ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤੇ ਗਏ 96 ਲੋਕਾਂ ਨੂੰ ਜੇਲਾਂ 'ਚ ਬੰਦ ਕਰ ਕੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 30 ਸਤੰਬਰ ਤੱਕ ਕੇਂਦਰ ਸਰਕਾਰ ਨੇ ਦੁਬਾਰਾ ਮੰਦਰ ਦੀ ਉਸਾਰੀ ਨਾ ਕਰਵਾਈ ਤਾਂ 1 ਅਕਤੂਬਰ ਤੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਤਣਾਅ ਭਰੇ ਮਾਹੌਲ ਨੂੰ ਦੇਖਦਿਆਂ ਪੁਲਸ ਪ੍ਰਸ਼ਾਸਨ ਵੱਲੋਂ ਡੀ. ਸੀ. ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ ਹੋਰ ਅਧਿਕਾਰੀਆਂ ਨਾਲ ਪ੍ਰਦਰਸ਼ਨਕਾਰੀਆਂ ਕੋਲ ਪੁੱਜੇ, ਉਨ੍ਹਾਂ ਜ਼ਿਲਾ ਪੁਲਸ ਵੱਲੋਂ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀ ਆਵਾਜ਼ ਨੂੰ ਕੇਂਦਰ ਸਰਕਾਰ ਤੱਕ ਪਹੁੰਚਣਗੇ। ਡੀ. ਸੀ. ਪੀ. ਦੇ ਭਰੋਸੇ 'ਤੇ ਧਰਨਾ-ਪ੍ਰਦਰਸ਼ਨ ਹਟਾਇਆ ਦਿੱਤਾ ਗਿਆ। ਇਸ ਮੌਕੇ ਕੁਲਵੰਤ ਸਿੰਘ ਟਿੱਬਾ, ਸੰਤ ਬਾਬਾ ਸੁਖਵਿੰਦਰ ਸਿੰਘ, ਰਵਿੰਦਰ ਹੰਸ, ਉੱਘੇ ਦਲਿਤ ਆਗੂ ਅਤੇ ਬਹੁਜਨ ਫਰੰਟ ਦੇ ਬੁਲਾਰੇ ਰਮੇਸ਼ ਚੌਹਕਾ, ਸੰਤ ਮਨਦੀਪ ਦਾਸ ਆਦਿ ਮੌਜੂਦ ਸਨ।


author

rajwinder kaur

Content Editor

Related News