ਹਰਸਿਮਰਤ ਨੂੰ ਕੇਂਦਰੀ ਮੰਤਰੀ ਬਣਾਉਣ ਲਈ ਮੈਨੂੰ ਲਾਂਭੇ ਕੀਤਾ ਗਿਆ : ਅਜਨਾਲਾ

Wednesday, Nov 14, 2018 - 02:19 PM (IST)

ਹਰਸਿਮਰਤ ਨੂੰ ਕੇਂਦਰੀ ਮੰਤਰੀ ਬਣਾਉਣ ਲਈ ਮੈਨੂੰ ਲਾਂਭੇ ਕੀਤਾ ਗਿਆ : ਅਜਨਾਲਾ

ਚੰਡੀਗੜ੍ਹ : ਅਕਾਲੀ ਦਲ 'ਚੋਂ ਕੱਢੇ ਗਏ ਖਡੂਰ ਸਾਹਿਬ ਦੇ ਸਾਬਕਾ ਮੈਂਬਰ ਅਤੇ ਟਕਸਾਲੀ ਆਗੂ ਰਤਨ ਸਿੰਘ ਅਜਨਾਲਾ ਨੇ ਸੁਖਬੀਰ ਸਿੰਘ ਬਾਦਲ ਖਿਲਾਫ ਖੂਬ ਭੜਾਸ ਕੱਢੀ ਹੈ। ਅਜਨਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਸੰਸਦੀ ਸੀਟ ਲਈ ਟਿਕਟ ਦੇਣ ਤੋਂ ਇਨਕਾਰ ਕਰਨ ਦੀ ਸਾਜਿਸ਼ ਇਸ ਲਈ ਘੜੀ ਗਈ ਸੀ ਤਾਂ ਜੋ ਸੁਖਬੀਰ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ 'ਚ ਮੰਤਰੀ ਬਣਾ ਸਕੇ। ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਕਰਦਿਆਂ ਅਜਨਾਲਾ ਨੇ ਕਿਹਾ ਕਿ ਉਹ ਉਸ ਸਮੇਂ ਸੰਸਦ ਮੈਂਬਰ ਹੋਣ ਦੇ ਨਾਤੇ ਪਾਰਟੀ ਟਿਕਟ ਲਈ ਮਜ਼ਬੂਤ ਦਾਅਵੇਦਾਰ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚਾਰ ਵਿਧਾਨ ਸਭਾ ਚੋਣਾਂ ਲੜੀਆਂ ਹਨ, ਜਿਨ੍ਹਾਂ 'ਚੋਂ ਤਿੰਨ ਵਾਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਸੁਖਬੀਰ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਾਉਣਾ ਚਾਹੁੰਦੇ ਸਨ। ਅਜਨਾਲਾ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਲਈ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਦੋਸਤ ਬਿੱਟੂ ਔਲਖ ਨੂੰ ਐਵੇਂ ਹੀ ਬਿਕਰਮ ਸਿੰਘ ਮਜੀਠੀਆ ਦੇ ਇਸ਼ਾਰੇ 'ਤੇ ਝੂਠਾ ਹੀ ਭੋਲਾ ਡਰੱਗ ਕੇਸ 'ਚ ਫਸਾ ਦਿੱਤਾ ਗਿਆ ਸੀ। 
 


author

Babita

Content Editor

Related News