ਵਿਆਹ ਦਾ ਲਾਰਾ ਲਾ ਨਾਬਾਲਗ ਕੁੜੀ ਨੂੰ ਘਰੋਂ ਭਜਾਇਆ, ਹੋਟਲ 'ਚ ਲਿਜਾ ਕੇ ਕੀਤਾ ਜਬਰ-ਜ਼ਿਨਾਹ

07/02/2022 2:06:36 PM

ਮਾਛੀਵਾੜਾ ਸਾਹਿਬ (ਟੱਕਰ) : ਇੱਥੇ ਇੱਕ ਨੌਜਵਾਨ ਨੇ ਪਹਿਲਾਂ ਨਾਬਾਲਗ ਕੁੜੀ ਨਾਲ ਇਸ਼ਕ ਦੀਆਂ ਪੀਂਘਾਂ ਪਾਈਆਂ ਅਤੇ ਫਿਰ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਮਾਮਲੇ ਸਬੰਧੀ ਮਾਛੀਵਾੜਾ ਪੁਲਸ ਵੱਲੋਂ ਉਕਤ ਨੌਜਵਾਨ ਸਤਨਾਮ ਸਿੰਘ (18) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਮਾਛੀਵਾੜਾ ਬਲਾਕ ਦੇ ਇੱਕ ਪਿੰਡ ਦੇ ਵਾਸੀ ਪ੍ਰਭਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀ ਧੀ (15 ਸਾਲ) 11ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਗਰਮੀ ਦੀਆਂ ਛੁੱਟੀਆਂ ਕਾਰਨ ਉਹ ਘਰ 'ਚ ਹੀ ਰਹਿੰਦੀ ਸੀ।

29 ਜੂਨ ਸਵੇਰੇ 8 ਵਜੇ ਉਹ ਆਪਣੀ ਧੀ ਨੂੰ ਸਕੂਲ ਵੱਲੋਂ ਮਿਲੇ ਛੁੱਟੀਆਂ ਦੇ ਕੰਮ ਕਰਨ ਲਈ ਨੇੜਲੇ ਹੀ ਇੱਕ ਪਿੰਡ ਵਿਖੇ ਉਸਦੀ ਸਹੇਲੀ ਦੇ ਘਰ ਛੱਡ ਕੇ ਆਇਆ। ਸ਼ਾਮ ਕਰੀਬ 4 ਵਜੇ ਜਦੋਂ ਉਸਨੇ ਕੁੜੀ ਦੀ ਸਹੇਲੀ ਦੇ ਪਿਤਾ ਨੂੰ ਫੋਨ ਕਰਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਕਿਸੇ ਮੁੰਡੇ ਨਾਲ ਮੋਟਰਸਾਈਕਲ ’ਤੇ ਬੈਠ ਕੇ ਚਲੀ ਗਈ। ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਕਾਫ਼ੀ ਤਲਾਸ਼ ਕੀਤੀ ਗਈ ਅਤੇ ਫਿਰ ਪਤਾ ਲੱਗਿਆ ਕਿ ਸਤਨਾਮ ਸਿੰਘ ਨਾਮ ਦਾ ਇੱਕ ਨੌਜਵਾਨ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ।

ਅਗਲੇ ਦਿਨ 30 ਜੂਨ ਨੂੰ ਪਿੰਡ ਦੇ ਸਰਪੰਚ ਦਾ ਫੋਨ ਆਇਆ ਕਿ ਉਨ੍ਹਾਂ ਦੀ ਧੀ ਅਤੇ ਸਤਨਾਮ ਸਿੰਘ ਵਾਪਸ ਆ ਗਏ ਹਨ, ਜਿਨ੍ਹਾਂ ਨੂੰ ਤੁਸੀਂ ਲੈ ਜਾਓ। ਨਾਬਾਲਗ ਕੁੜੀ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਸਤਨਾਮ ਸਿੰਘ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਅੰਮ੍ਰਿਤਸਰ ਲੈ ਗਿਆ ਸੀ, ਜਿੱਥੇ ਰਾਤ ਉਹ ਹੋਟਲ 'ਚ ਰਹੇ ਅਤੇ ਉੱਥੇ ਸਤਨਾਮ ਨੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਜਬਰ-ਜ਼ਿਨਾਹ ਕੀਤਾ। ਕੁੜੀ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਨਵੰਬਰ ਮਹੀਨੇ ’ਚ ਜਦੋਂ ਪਰਿਵਾਰਕ ਮੈਂਬਰ ਬਾਹਰ ਗਏ ਹੋਏ ਸਨ ਤਾਂ ਉਸ ਸਮੇਂ ਵੀ ਸਤਨਾਮ ਨੇ ਘਰ ਆ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। ਪੁਲਸ ਵੱਲੋਂ ਪੀੜਤ ਕੁੜੀ ਦੇ ਪਿਤਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਨੌਜਵਾਨ ਸਤਨਾਮ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬੇਸ਼ੱਕ ਮਾਛੀਵਾਡ਼ਾ ਪੁਲਸ ਵੱਲੋਂ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਥਾਣਾ ਮੁਖੀ ਵਿਜੈ ਕੁਮਾਰ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ।


 


Babita

Content Editor

Related News