ਵਿਆਹ ਦਾ ਝਾਂਸਾ ਦੇ ਕੇ ਤਲਾਕਸ਼ੁਦਾ ਔਰਤ ਨਾਲ ਕਰਦਾ ਰਿਹਾ ਜਬਰ-ਜ਼ਿਨਾਹ
Friday, Mar 24, 2023 - 12:22 PM (IST)

ਖਰੜ (ਰਣਬੀਰ) : ਵਿਆਹ ਦਾ ਝਾਂਸਾ ਦੇ ਕੇ ਤਲਾਕਸ਼ੁਦਾ ਔਰਤ ਨਾਲ ਸਰੀਰਿਕ ਸਬੰਧ ਬਣਾ ਕੇ ਉਸ ਨੂੰ ਧੋਖੇ ’ਚ ਰੱਖਣ ਅਤੇ ਕਿਸੇ ਦੂਜੀ ਕੁੜੀ ਨਾਲ ਵਿਆਹ ਕਰਵਾ ਲੈਣ ਸਬੰਧੀ ਮਾਮਲੇ ’ਚ ਥਾਣਾ ਸਦਰ ਪੁਲਸ ਨੇ ਇਕ ਨੌਜਵਾਨ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਵਲੋਂ ਇਸ ਸਬੰਧੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਦੀ ਆਪਣੇ ਪਤੀ ਨਾਲ ਤਲਾਕ ਪਿੱਛੋਂ ਖਰੜ ਦੇ ਹੀ ਰਹਿਣ ਵਾਲੇ ਕੰਵਰ ਰਿਪੂਦਮਨ ਨਾਂ ਦੇ ਇਕ ਨੌਜਵਾਨ ਨਾਲ ਆਨਲਾਈਨ ਜਾਣ-ਪਛਾਣ ਹੋਈ ਸੀ। ਮੁਲਾਕਾਤ ਦੌਰਾਨ ਉਸ ਨੇ ਆਪਣੇ ਪਿਛੋਕੜ ਦੀ ਸਾਰੀ ਜਾਣਕਾਰੀ ਆਪਣੇ ਇਸ ਦੋਸਤ ਨੌਜਵਾਨ ਨੂੰ ਦਿੱਤੀ ਸੀ।
ਇਸ ਪਿੱਛੋਂ ਦੋਵਾਂ ਦੀ ਦੋਸਤੀ ਹੋ ਗਈ। ਕੁੱਝ ਦਿਨਾਂ ਪਿੱਛੋਂ ਨੌਜਵਾਨ ਨੇ ਉਸ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕਰਦਿਆਂ ਉਸ ਨੂੰ ਆਪਣੇ ਘਰ ਬੁਲਾ ਕੇ ਉਸ ਨਾਲ ਸਰੀਰਿਕ ਸਬੰਧ ਬਣਾਏ। ਅਜਿਹਾ ਕਈ ਵਾਰ ਹੋਇਆ। ਇਸੇ ਦੌਰਾਨ ਉਸ ਦੇ ਗਰਭਵਤੀ ਹੋਣ ਦਾ ਪਤਾ ਚੱਲਦਿਆਂ ਹੀ ਨੌਜਵਾਨ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ। ਇਸ ਪਿੱਛੋਂ ਵੀ ਮੁਲਜ਼ਮ ਉਸ ਨੂੰ ਵਿਆਹ ਦੇ ਲਾਅਰੇ ਲਾ ਕੇ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ ਪਰ ਕੁੱਝ ਦਿਨਾਂ ਉਪਰੰਤ ਨੌਜਵਾਨ ਨੇ ਕਿਹਾ ਕਿ ਉਹ ਵਿਦੇਸ਼ ਜਾ ਰਿਹਾ ਹੈ ਤੇ ਉਸ ਦਾ ਮੋਬਾਇਲ ਨੰਬਰ ਬਲਾਕ ਕਰ ਦਿੱਤਾ ਅਤੇ ਕਿਧਰੇ ਚਲਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਇਸ ਸਭ ਦੌਰਾਨ ਉਸ ਨੂੰ ਪਤਾ ਲੱਗਾ ਕਿ ਰਿਪੂਦਮਨ ਅਜੇ ਵੀ ਆਪਣੀ ਘਰਵਾਲੀ ਦੇ ਨਾਲ ਹੀ ਹੈ , ਜੋ ਘਰਵਾਲੀ ਨੂੰ ਵੀ ਲਗਾਤਾਰ ਗੁੰਮਰਾਹ ਕਰਦਾ ਆ ਰਿਹਾ ਸੀ। ਪਿੱਛੋਂ ਇਸ ਔਰਤ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਜਾਂਚ ਉਪਰੰਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।