ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲਾ ਲਗਾਤਾਰ ਕਰਦਾ ਰਿਹੈ ਜਬਰ-ਜ਼ਨਾਹ

Friday, Nov 24, 2017 - 03:52 AM (IST)

ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲਾ ਲਗਾਤਾਰ ਕਰਦਾ ਰਿਹੈ ਜਬਰ-ਜ਼ਨਾਹ

ਬੁਢਲਾਡਾ(ਬਾਂਸਲ)-ਕਾਲਜ 'ਚ ਪੜ੍ਹਦੀ ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਦੇ ਮਾਮਲੇ 'ਚ ਪੁਲਸ ਨੇ ਮੁਲਜ਼ਮ 'ਤੇ ਦਬਾਅ ਬਣਾ ਕੇ 19 ਦਿਨਾਂ ਬਾਅਦ ਲੜਕੀ ਨੂੰ ਬਰਾਮਦ ਕਰ ਲਿਆ, ਜਿੱਥੇ ਮੁਲਜ਼ਮ ਨਾਬਾਲਗਾ ਨਾਲ ਲਗਾਤਾਰ ਜਬਰ-ਜ਼ਨਾਹ ਕਰਦਾ ਰਿਹਾ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ 30 ਅਕਤੂਬਰ ਨੂੰ ਇਕ ਪ੍ਰਾਈਵੇਟ ਕਾਲਜ 'ਚ ਪੜ੍ਹਦੀ ਨਾਬਾਲਗ ਲੜਕੀ ਨੂੰ ਪਵਨ ਕੁਮਾਰ ਪੁੱਤਰ ਜ਼ੈਲਾ ਸਿੰਘ ਵਾਸੀ ਪਿੰਡ ਸਹਿਜੜਾ (ਬਰਨਾਲਾ) ਭਜਾ ਕੇ ਲੈ ਗਿਆ ਸੀ। ਪੁਲਸ ਨੇ ਲੜਕੀ ਦੀ ਮਾਂ ਦੇ ਬਿਆਨ 'ਤੇ ਮਾਮਲਾ ਦਰਜ ਕਰ ਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੀੜਤ ਲੜਕੀ ਨੇ ਦੱਸਿਆ ਕਿ ਉਪਰੋਕਤ ਵਿਅਕਤੀ ਵੱਖ-ਵੱਖ ਸਥਾਨਾਂ 'ਤੇ ਉਸ ਨੂੰ ਘੁਮਾਉਂਦਾ ਰਿਹਾ ਅਤੇ ਆਖਰੀ ਵਾਰ ਜ਼ੀਰਾ (ਫਿਰੋਜ਼ਪੁਰ) ਨੇੜੇ ਪਿੰਡ ਮਨਸੂਰਪੁਰਾ ਦੇਬਾ ਵਿਖੇ ਕਿਰਾਏ ਦੇ ਮਕਾਨ 'ਚ ਰਹਿਣ ਲੱਗ ਪਿਆ, ਜਿੱਥੇ ਉਸ ਨਾਲ ਉਹ ਜਬਰ-ਜ਼ਨਾਹ ਕਰਦਾ ਰਿਹਾ। ਉਨ੍ਹਾਂ ਦੱਸਿਆ ਕਿ ਮੋਬਾਇਲ ਲੋਕੇਸ਼ਨ ਅਨੁਸਾਰ ਮੁਲਜ਼ਮ ਦੀ ਜ਼ੀਰਾ (ਫਿਰੋਜ਼ਪੁਰ) ਵਿਖੇ ਭਾਲ ਲਈ ਛਾਪਾਮਾਰੀ ਕੀਤੀ ਗਈ ਤਾਂ ਉੱਥੋਂ ਉਹ ਫਰਾਰ ਹੋ ਗਿਆ। ਪੁਲਸ ਨੇ ਲੜਕੀ ਨੂੰ ਮਾਣਯੋਗ ਅਦਾਲਤ ਰਾਹੀਂ ਵਾਰਸਾਂ ਹਵਾਲੇ ਕਰ ਦਿੱਤਾ ਹੈ। ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News