ਬਿੱਟੂ ਰੋਡ ਸ਼ੋਅ ਕੱਢ ਕੇ ਚੋਣ ਜ਼ਾਬਤੇ ਦੀਆਂ ਉਡਾ ਰਿਹੈ ਧੱਜੀਆਂ : ਰਣਜੀਤ ਢਿੱਲੋਂ
Sunday, Apr 07, 2019 - 10:21 AM (IST)

ਲੁਧਿਆਣਾ (ਪਾਲੀ) - ਲੋਕ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਵਲੋਂ ਕੱਢੇ ਗਏ ਰੋਡ ਸ਼ੋਅ ਦੌਰਾਨ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜਿਸ ਦੀ ਸ਼ਿਕਾਇਤ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਡਿਪਟੀ ਕਮਿਸ਼ਨਰ ਅਤੇ ਆਰ. ਓ. ਲੁਧਿਆਣਾ ਨੂੰ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਵਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਬਿਜਲੀ ਬੋਰਡ ਦੇ ਹਰ ਖੰਭੇ 'ਤੇ ਬੋਰਡ, ਪੋਸਟਰ ਦੇ ਤਸਵੀਰਾਂ ਦੇ ਕੈਲੰਡਰ ਲਾਏ ਹੋਏ ਹਨ, ਜਿਸ ਦੀਆਂ ਫੋਟੋਆਂ ਡਿਪਟੀ ਕਮਿਸ਼ਨਰ ਤੇ ਆਰ. ਓ. ਨੂੰ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਹਰ ਵਾਰ ਦੀ ਤਰ੍ਹਾਂ ਇਕ ਹੀ ਜਵਾਬ ਹੁੰਦਾ ਹੈ ਕਿ ਅਸੀਂ ਟੀਮਾਂ ਬਣਾ ਦਿੱਤੀਆਂ ਹਨ ਜੋ ਕਾਰਵਾਈ ਕਰ ਰਹੀਆਂ ਹਨ ਪਰ ਵੇਖਿਆ ਜਾਵੇ ਤਾਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ।
ਕਾਂਗਰਸ ਸਰਕਾਰ ਸੱਤਾ ਵਿਚ ਹੋਣ ਕਾਰਨ ਡਿਪਟੀ ਕਮਿਸ਼ਨਰ ਲੁਧਿਆਣਾ ਉਨ੍ਹਾਂ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ। ਉਨ੍ਹਾਂ ਇਲੈਕਸ਼ਨ ਕਮਿਸ਼ਨ ਤੋਂ ਮੰਗ ਕੀਤੀ ਕਿ 10 ਹਜ਼ਾਰ ਦੇ ਕਰੀਬ ਲੱਗੇ ਬੋਰਡਾਂ ਦਾ ਖਰਚਾ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਖਾਤੇ ਵਿਚ ਪਾਇਆ ਜਾਵੇ ਤੇ ਸਰਕਾਰੀ ਪ੍ਰਾਪਰਟੀ ਨੂੰ ਵਰਤਣ 'ਤੇ ਮੁਕੱਦਮਾ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿਚ ਚਲ ਰਹੇ 2000 ਦੇ ਕਰੀਬ ਥ੍ਰੀ ਵ੍ਹੀਲਰਾਂ 'ਤੇ ਪਿਛਲੇ ਕਈ ਦਿਨਾਂ ਤੋਂ ਬਿੱਟੂ ਦੇ ਪੋਸਟਰ ਲੱਗੇ ਹੋਏ ਹਨ ਜੋ ਕਿ ਬਿਨਾਂ ਮਨਜ਼ੂਰੀ ਦੇ ਹਨ। ਉਨ੍ਹਾਂ ਦਾ ਬਣਦਾ ਖਰਚਾ ਵੀ ਉਮੀਦਵਾਰ ਦੇ ਖਾਤੇ ਪਾਇਆ ਜਾਵੇ।