ਜਥੇਦਾਰ ਸਾਬ੍ਹ ਇਨਸਾਫ ਕਰੋ, ਡੰਡੋਤ ਕਰਦਾ ਆਵਾਂਗਾ : ਢੱਡਰੀਆਂਵਾਲੇ

Sunday, Feb 09, 2020 - 07:26 PM (IST)

ਜਥੇਦਾਰ ਸਾਬ੍ਹ ਇਨਸਾਫ ਕਰੋ, ਡੰਡੋਤ ਕਰਦਾ ਆਵਾਂਗਾ : ਢੱਡਰੀਆਂਵਾਲੇ

ਬਰਨਾਲਾ (ਪੁਨੀਤ ਮਾਨ) : ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੇ ਜਿੱਥੇ ਦੀਵਾਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਲੰਬੇ ਹੱਥੀਂ ਲਿਆ ਹੈ, ਉਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਵਿਰੋਧ ਕਰਨ ਵਾਲਿਆਂ 'ਤੇ ਕਾਰਵਾਈ ਕਰਨ ਲਈ ਕਿਹਾ ਹੈ। ਢੱਡਰੀਆਂਵਾਲਿਆਂ ਨੇ ਆਖਿਆ ਹੈ ਕਿ ਜੇਕਰ ਜਥੇਦਾਰ ਧਮਕੀਆਂ ਦੇਣ ਵਾਲਿਆਂ 'ਤੇ ਕਾਰਵਾਈ ਕਰਦੇ ਹਨ ਤਾਂ ਉਹ ਡੰਡੋਤ ਕਰਦੇ ਹੋਏ ਉਨ੍ਹਾਂ ਕੋਲ ਆਉਣਗੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਦੀਵਾਨਾਂ ਵਿਚ ਕੋਈ ਗਲਤ ਭਾਸ਼ਾ ਜਾਂ ਬਾਣੀ ਨਹੀਂ ਬੋਲਦੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਸੋਚਦੇ ਹਨ ਕਿ ਅਸੀਂ ਵੀ ਉਨ੍ਹਾਂ ਵਾਂਗ ਚੱਲੀਏ। ਜਿਹੜੀਆਂ ਉਹ ਗੱਪਾਂ ਜਾਂ ਕਹਾਣੀਆਂ ਸੁਣਾਉਂਦੇ ਹਨ ਮੈਂ ਵੀ ਸੁਣਾਵਾਂ ਜਦਕਿ ਮੇਰੀ ਸੋਚ ਪ੍ਰੈਕਟੀਕਲ ਹੈ ਅਤੇ ਮੈਂ ਆਪਣੇ ਹਿਸਾਬ ਨਾਲ ਵਿਆਖਿਆ ਕਰਦਾ ਹਾਂ। ਇਸੇ ਕਰਕੇ ਮੇਰਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਨਵੇਂ ਤਰੀਕੇ ਨਾਲ ਗੁਰਬਾਣੀ ਦੀ ਵਿਆਖਿਆ ਕਰਕੇ ਲੋਕਾਂ ਨੂੰ ਸਮਝਾ ਰਿਹਾ ਹਾਂ। 

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਾਰ-ਵਾਰ ਮੈਨੂੰ ਕਮੇਟੀ ਨਾਲ ਸੰਵਾਦ ਕਰਨ ਲਈ ਆਖ ਰਹੇ ਹਨ ਜਦਕਿ ਜਥੇਦਾਰ ਨੇ ਇਕ ਵੀ ਬਿਆਨ ਦੀਵਾਨਾਂ ਦਾ ਵਿਰੋਧ ਕਰਨ ਵਾਲਿਆਂ 'ਤੇ ਨਹੀਂ ਆਇਆ ਹੈ। ਜਥੇਦਾਰ ਨੂੰ ਇਨਸਾਫ ਕਰਨਾ ਚਾਹੀਦਾ ਹੈ, ਜੇਕਰ ਮੈਨੂੰ ਇਨਸਾਫ ਮਿਲਦਾ ਹੈ ਤਾਂ ਮੈਂ ਸੰਵਾਦ ਕਰਨ ਲਈ ਤਿਆਰ ਹਾਂ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਥੇਦਾਰ ਇਕ ਵੱਡੀ ਧਿਰ ਦੇ ਗੁਲਾਮ ਹਨ। ਇਸ ਦੇ ਨਾਲ ਹੀ ਉਨ੍ਹਾਂ ਸਾਫ ਕੀਤਾ ਕਿ ਜੇਕਰ ਦੀਵਾਨਾਂ ਨਾਲ ਗ੍ਰਿਫਤਾਰੀ ਜਾਂ ਤਨਾਅ ਪੈਦਾ ਹੁੰਦਾ ਹੈ ਤਾਂ ਉਹ ਦੀਵਾਨ ਲਗਾਉਣੇ ਵੀ ਛੱਡ ਸਕਦੇ ਹਨ।


author

Gurminder Singh

Content Editor

Related News