ਢੱਡਰੀਆਂਵਾਲਿਆਂ ਦੀ ਜਥੇਦਾਰ ਨੂੰ ਚਿਤਾਵਨੀ, ਜੇ ਨਹੀਂ ਸੁਣੀ ਗੱਲ ਤਾਂ ਚੁੱਕਣਗੇ ਇਹ ਕਦਮ

Monday, Mar 09, 2020 - 06:57 PM (IST)

ਢੱਡਰੀਆਂਵਾਲਿਆਂ ਦੀ ਜਥੇਦਾਰ ਨੂੰ ਚਿਤਾਵਨੀ, ਜੇ ਨਹੀਂ ਸੁਣੀ ਗੱਲ ਤਾਂ ਚੁੱਕਣਗੇ ਇਹ ਕਦਮ

ਚੰਡੀਗੜ੍ਹ/ਮਾਛੀਵਾੜਾ ਸਾਹਿਬ (ਟੱਕਰ) : ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਉਨ੍ਹਾਂ ਨੂੰ ਨਕਲੀ ਨਿਰੰਕਾਰੀਆ ਕਿਹਾ ਗਿਆ ਹੈ, ਇਸ ਲਈ ਜਾਂ ਤਾਂ ਉਹ ਆਪਣੇ ਕਹੇ ਸ਼ਬਦ ਸਾਬਿਤ ਕਰਕੇ ਦਿਖਾਉਣ ਨਹੀਂ ਤਾਂ ਉਹ ਲਾਈਵ ਚੈਨਲਾਂ ਦੀਆਂ ਵੈਨਾਂ ਲੈ ਕੇ ਜੱਥੇਦਾਰ ਦੇ ਘਰ ਤੱਕ ਪਹੁੰਚ ਜਾਣਗੇ ਅਤੇ ਜੋ ਇਸ ਸਬੰਧੀ ਚੈਨਲਾਂ 'ਤੇ ਸੰਵਾਦ ਹੋਵੇਗਾ ਉਹ ਸਾਰੀ ਦੁਨੀਆ ਦੇਖੇਗੀ।

PunjabKesari

ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿਖੇ ਭਾਰੀ ਇਕੱਠ ਦੌਰਾਨ ਦੀਵਾਨ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਨੇ ਇਕ ਵਿਅੰਗ ਕਰਦੀ ਕਵਿਤਾ ਵੀ ਪੇਸ਼ ਕੀਤੀ ਉਨ੍ਹਾਂ ਕਿਹਾ ਕਿ 'ਕੀ ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜੱਥੇਦਾਰ ਜੀ, ਅੱਗੋਂ ਤੁਸੀਂ ਆਪ ਹੀ ਸਿਆਣੇ ਜੱਥੇਦਾਰ ਜੀ' ਇਸ ਵਿਚ ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਵਿਤਾ ਰਾਹੀਂ ਕੋਸਿਆ ਅਤੇ ਨਾਲ ਹੀ ਸਿਸਟਮ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬੰਦ ਕਮਰੇ 'ਚ ਬੈਠ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਉਨ੍ਹਾਂ ਦੀ 5 ਮੈਂਬਰੀ ਕਮੇਟੀ ਤੋਂ ਇਲਾਵਾ ਉਨ੍ਹਾਂ ਦੇ ਧਾਰਮਿਕ ਦੀਵਾਨਾਂ ਦਾ ਵਿਰੋਧ ਕਰਨ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਨਾਲ ਵਿਚਾਰ ਵਟਾਂਦਰਾ ਕਰਨ ਦਾ ਕੋਈ ਲਾਭ ਨਹੀਂ ਕਿਉਂਕਿ ਉਥੇ ਉਨ੍ਹਾਂ ਨੇ ਸਾਡੀ ਨਹੀਂ ਬਲਕਿ ਆਪਣੀਆਂ ਮੰਨਾਉਣਗੇ, ਇਸ ਲਈ ਉਨ੍ਹਾਂ ਚੈਨਲਾਂ 'ਤੇ ਲਾਈਵ ਹੋ ਕੇ ਸੰਵਾਦ ਕਰਨ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਸਾਰੀ ਦੁਨੀਆ ਦੇਖ ਸਕੇ ਕਿ ਕਿੱਥੇ ਮੈਂ ਗਲਤ ਹਾਂ ਜਾਂ ਕਿੱਥੇ ਉਨ੍ਹਾਂ 'ਤੇ ਉਂਗਲੀਆਂ ਉਠਾਉਣ ਵਾਲੇ ਗਲਤ ਹਨ।

PunjabKesari

ਬੇਸ਼ੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਵਲੋਂ ਇਹ ਬਿਆਨ ਵੀ ਆ ਗਿਆ ਹੈ ਕਿ ਢੱਡਰੀਆਂ ਵਾਲਿਆਂ ਨੇ ਨਕਲੀ ਨਿਰੰਕਾਰੀ ਵਾਲੇ ਬਿਆਨ ਦੇ ਗਲਤ ਅਰਥ ਸਮਝੇ ਹਨ ਪਰ ਹੁਣ ਹਾਲਾਤ ਇਹ ਹੋ ਗਏ ਹਨ ਕਿ ਟਕਸਾਲ ਤੇ ਢੱਡਰੀਆਂ ਵਾਲਿਆਂ ਵਿਚਕਾਰ ਮਸਲਾ ਸੁਲਝਾਉਂਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਖੁਦ ਸਿੱਖ ਕੌਮ 'ਚ ਚਰਚਾ ਦਾ ਵਿਸ਼ਾ ਬਣ ਗਏ ਹਨ।

PunjabKesari

ਕੀ ਹੈ ਢੱਡਰੀਆਂਵਾਲਿਆਂ ਦਾ ਵਿਵਾਦ
ਦੱਸਣਯੋਗ ਹੈ ਕਿ ਕੁਝ ਸਿੱਖ ਜਥੇਬੰਦੀਆਂ ਵਲੋਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ 'ਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਗਲਤ ਢੰਗ ਨਾਲ ਪੇਸ਼ ਕਰਨ ਦੇ ਦੋਸ਼ ਲਗਾਏ ਜਾ ਰਹੇ ਸਨ। ਇਸ ਦੌਰਾਨ ਦਮਦਮੀ ਟਕਸਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਖੁੱਲ੍ਹੇ ਤੌਰ 'ਤੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੇ ਦੀਵਾਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਵਿਵਾਦ ਦੇ ਨਬੇੜੇ ਲਈ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭਾਈ ਢੱਡਰੀਆਂਵਾਲਿਆਂ ਨਾਲ ਗੱਲਬਾਤ ਲਈ ਸਿੱਖ ਵਿਦਵਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ, ਜਿਸ ਸਾਹਮਣੇ ਪੇਸ਼ ਹੋਣ ਤੋਂ ਭਾਈ ਢੱਡਰੀਆਂਵਾਲਿਆਂ ਨੇ ਇਨਕਾਰ ਕਰ ਦਿੱਤਾ ਸੀ। ਢੱਡਰੀਆਂਵਾਲਿਆਂ ਦਾ ਕਹਿਣਾ ਸੀ ਕਿ ਜਥੇਦਾਰ ਵਲੋਂ ਪੱਖਪਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਸ਼ਬੀਲ ਦੇ ਨਾਂ 'ਤੇ ਉਨ੍ਹਾਂ ਦੇ ਇਕ ਸਿੱਖ ਸਾਥੀ ਦੀ ਹੱਤਿਆ ਕਰ ਦਿੱਤੀ ਗਈ ਜਦਕਿ ਜਥੇਦਾਰ ਵਲੋਂ ਇਸ ਦੀ ਨਿੰਦਾ ਤਕ ਨਹੀਂ ਕੀਤੀ ਗਈ। ਆਖਿਰ ਢੱਡਰੀਆਂਵਾਲਿਆਂ ਨੇ ਇਹ ਆਖ ਕੇ ਆਪਣੇ ਦੀਵਾਨ ਵੀ ਤਿਆਗ ਦਿੱਤੇ ਕਿ ਉਹ ਨਹੀਂ ਚਾਹੁੰਦੇ ਕਿ ਦੀਵਾਨ ਦੌਰਾਨ ਕਿਸੇ ਕਿਸਮ ਦਾ ਖੂਨ ਖਰਾਬਾ ਹੋਵੇ ਜਾਂ ਕਿਸੇ ਦੀ ਗ੍ਰਿਫਤਾਰੀ ਹੋਵੇ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਢੱਡਰੀਆਂ ਵਾਲੇ ਨੂੰ ਹਨ ਇਹ ਗਿਲੇ      


author

Gurminder Singh

Content Editor

Related News