ਢੱਡਰੀਆਂ ਵਾਲਾ ਅਤੇ ਸਾਥੀ ਦਾ ਯੂ. ਕੇ. ਦੀਆਂ ਜਥੇਬੰਦੀਆਂ ਵਲੋਂ ਮੁਕੰਮਲ ਬਾਈਕਾਟ ਦਾ ਫ਼ੈਸਲਾ

12/23/2019 3:05:14 PM

ਅੰਮ੍ਰਿਤਸਰ (ਮਮਤਾ) : ਯੂ. ਕੇ. ਦੀਆਂ ਸਿੱਖ ਸੰਗਤਾਂ ਵੱਲੋਂ ਵਿਵਾਦਿਤ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਉਸ ਦੇ ਨਜ਼ਦੀਕੀ ਸਾਥੀ ਹਰਿੰਦਰ ਸਿੰਘ ਨਿਰਵੈਰ ਖ਼ਾਲਸਾ ਦਾ ਕਿਸੇ ਵੀ ਜਗ੍ਹਾ ਪ੍ਰਚਾਰ ਕਰਨ 'ਤੇ ਮੁਕੰਮਲ ਪਾਬੰਦੀ ਲਾਉਂਦਿਆਂ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਭੇਜਣ ਪ੍ਰਤੀ ਲਏ ਫ਼ੈਸਲੇ ਦਾ ਸਿੱਖ ਭਾਈਚਾਰਿਆਂ 'ਚ ਭਾਰੀ ਸਵਾਗਤ ਕੀਤਾ ਜਾ ਰਿਹਾ ਹੈ। ਪ੍ਰੋ. ਸਰਚਾਂਦ ਸਿੰਘ ਨੇ ਉਕਤ ਦੋਵਾਂ ਵਿਵਾਦਿਤ ਪ੍ਰਚਾਰਕਾਂ ਪ੍ਰਤੀ ਯੂ. ਕੇ. ਦੀਆਂ ਸਿੱਖ ਸੰਗਤਾਂ ਵੱਲੋਂ ਲਾਈ ਗਈ ਰੋਕ ਨੂੰ ਸਹੀ ਸਮੇਂ ਲਿਆ ਗਿਆ ਸ਼ਲਾਘਾਯੋਗ ਫ਼ੈਸਲਾ ਕਰਾਰ ਦਿੱਤਾ।

ਉਨ੍ਹਾਂ ਦੱਸਿਆ ਕਿ ਸਿੱਖ ਕੌਂਸਲ ਯੂ. ਕੇ. ਦੀ ਅਗਵਾਈ 'ਚ ਯੂ. ਕੇ. ਦੀਆਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕੀ ਨੁਮਾਇੰਦਿਆਂ ਵੱਲੋਂ ਸ੍ਰੀ ਗੁਰੂ ਹਰਿਰਾਏ ਗੁਰਦੁਆਰਾ ਸਾਹਿਬ ਵੈਸਟ ਬਰਾਵਿਚ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠਕ ਕੀਤੀ ਗਈ। ਇਸ ਦੌਰਾਨ ਵਿਚਾਰ-ਵਟਾਂਦਰੇ ਉਪਰੰਤ ਪੰਥ 'ਚ ਫੁੱਟ ਦਾ ਕਾਰਨ ਬਣ ਰਹੇ ਢੱਡਰੀਆਂ ਵਾਲਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਕੀਤੀਆਂ ਗਈਆਂ ਭੱਦੀਆਂ ਟਿੱਪਣੀਆਂ ਸਦਕਾ ਹਰਿੰਦਰ ਸਿੰਘ ਪ੍ਰਤੀ ਬਾਈਕਾਟ ਦਾ ਪ੍ਰਸਤਾਵ ਰੱਖਿਆ ਗਿਆ।

ਇਸ ਨੂੰ ਬਿਨਾਂ ਕਿਸੇ ਵਿਰੋਧ 'ਤੇ ਸੰਗਤ ਅਤੇ ਪੰਥਕ ਨੁਮਾਇੰਦਿਆਂ ਵੱਲੋਂ ਜੈਕਾਰਿਆਂ ਦੀ ਗੂੰਜ 'ਚ ਪਾਸ ਕਰ ਦਿੱਤਾ ਗਿਆ। ਸਿੱਖ ਆਗੂ ਪ੍ਰੋ. ਗੁਰਦੀਪ ਸਿੰਘ ਜਗਵੀਰ ਅਤੇ ਗੁਰਮੇਲ ਸਿੰਘ ਕੰਦੋਲਾ ਵੱਲੋਂ ਪੜ੍ਹੇ ਗਏ ਮਤਿਆਂ 'ਚ ਪੰਥਕ ਇੱਕਠ ਵੱਲੋਂ ਗੁਰਦੁਆਰਾ ਕਮੇਟੀਆਂ ਅਤੇ ਸੰਸਾਰ ਦੀਆਂ ਸਿੱਖ ਜਥੇਬੰਦੀਆਂ ਨੂੰ ਉਕਤ ਦੋਵਾਂ ਦਾ ਮੁਕੰਮਲ ਬਾਈਕਾਟ ਕਰਦਿਆਂ ਪ੍ਰਚਾਰ ਲਈ ਬੁਕ ਨਾ ਕਰਨ ਤੋਂ ਇਲਾਵਾ ਮੀਡੀਆ ਨੂੰ ਵੀ ਇਨ੍ਹਾਂ ਦੀ ਬੇਲੋੜੀ ਐਕਸਪੋਜ਼ਰ ਨਾ ਕਰਨ ਦੀ ਅਪੀਲ ਕੀਤੀ ਗਈ। ਮਤੇ ਰਾਹੀਂ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਕਤ ਦੋਵਾਂ ਵਿਰੁੱਧ ਪੰਥਕ ਰਵਾਇਤਾਂ ਮੁਤਾਬਕ ਢੁਕਵੀਂ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਗਈ। ਇਹ ਵੀ ਮਤਾ ਪਕਾਇਆ ਗਿਆ ਕਿ ਉਕਤ ਦੋਹਾਂ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਦ ਤੱਕ ਕੋਈ ਫ਼ੈਸਲਾ ਨਹੀਂ ਆਉਂਦਾ, ਕੋਈ ਵੀ ਨਿੱਜੀ ਜਾਂ ਜਥੇਬੰਦਕ ਤੌਰ 'ਤੇ ਸਾਂਝ ਨਾ ਰੱਖਦਿਆਂ ਸਮਾਜਕ ਬਾਈਕਾਟ ਕੀਤਾ ਜਾਵੇ।

ਮੀਟਿੰਗ ਨੇ ਉਕਤ ਪ੍ਰਚਾਰਕਾਂ ਵੱਲੋਂ ਸਿੱਖੀ ਸਿਧਾਂਤਾਂ ਦੇ ਉਲਟ ਕੀਤੀਆਂ ਗਈਆਂ ਟਿੱਪਣੀਆਂ ਨੂੰ ਮੂਲੋਂ ਰੱਦ ਕੀਤਾ ਹੈ। ਇਕੱਠ ਨੇ ਮੰਗ ਕੀਤੀ ਕਿ ਕੌਮ ਨੂੰ ਫੁੱਟ ਤੋਂ ਬਚਾਇਆ ਜਾਵੇ ਅਤੇ ਅਧਿਆਤਮਕ ਪ੍ਰੈਕਟਿਸ ਦੇ ਨਾਲ-ਨਾਲ ਸਿੱਖੀ ਅਸੂਲਾਂ 'ਚ ਭਰੋਸਾ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਪ੍ਰਚਾਰਕਾਂ ਤੋਂ ਮਰਿਆਦਾ 'ਚ ਰਹਿ ਕੇ ਪ੍ਰਚਾਰ ਕਰਨ ਅਤੇ ਵਿਵਾਦਪੂਰਨ ਮੁੱਦਿਆਂ ਤੋਂ ਬਚਣ ਦੀ ਅਪੀਲ ਕੀਤੀ। ਇਕੱਠ ਨੇ ਇਹ ਵੀ ਵਿਚਾਰ ਦਿੱਤਾ ਕਿ ਇਕ ਅਜਿਹਾ ਪੈਨਲ ਦਾ ਗਠਨ ਕੀਤਾ ਜਾਵੇ ਜਿਹੜਾ ਪ੍ਰਚਾਰਕਾਂ ਨਾਲ ਸਬੰਧਤ ਮੁੱਦਿਆਂ ਪ੍ਰਤੀ ਪ੍ਰਵਾਨਿਤ ਸਿਧਾਂਤਾਂ ਦੇ ਅਧਾਰ 'ਤੇ ਨਿਰਪੱਖ ਅਤੇ ਬਰਾਬਰੀ ਦੀ ਭਾਵਨਾ ਨਾਲ ਨਜਿੱਠਿਆ ਜਾ ਸਕੇ।


Anuradha

Content Editor

Related News