ਰਣਜੀਤ ਹੱਤਿਆਕਾਂਡ ਮਾਮਲੇ ''ਚ ਸੀ. ਬੀ. ਆਈ. ਤੇ ਖੱਟਾ ਸਿੰਘ ਨੂੰ ਨੋਟਿਸ ਜਾਰੀ

Thursday, Oct 26, 2017 - 06:31 AM (IST)

ਰਣਜੀਤ ਹੱਤਿਆਕਾਂਡ ਮਾਮਲੇ ''ਚ ਸੀ. ਬੀ. ਆਈ. ਤੇ ਖੱਟਾ ਸਿੰਘ ਨੂੰ ਨੋਟਿਸ ਜਾਰੀ

ਚੰਡੀਗੜ੍ਹ  (ਬਰਜਿੰਦਰ) - ਸਿਰਸਾ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਹੱਤਿਆਕਾਂਡ ਮਾਮਲੇ 'ਚ ਪਹਿਲਾਂ ਅਦਾਲਤ ਵਿਚ ਮੁੱਕਰਨ ਤੋਂ ਬਾਅਦ ਮੁੜ ਬਿਆਨ ਦਰਜ ਕਰਵਾਉਣ ਦੀ ਮੰਗ ਕਰਨ ਵਾਲੇ ਖੱਟਾ ਸਿੰਘ ਦੀ ਅਰਜ਼ੀ ਦਾ ਵਿਰੋਧ ਕਰਨ ਵਾਲੇ ਅਵਤਾਰ ਸਿੰਘ ਦੀ ਅਰਜ਼ੀ 'ਤੇ ਹਾਈਕੋਰਟ ਨੇ ਸੀ. ਬੀ. ਆਈ. ਤੇ ਖੱਟਾ ਸਿੰਘ ਨੂੰ 31 ਅਕਤੂਬਰ ਲਈ ਨੋਟਿਸ ਜਾਰੀ ਕੀਤਾ ਹੈ। ਉਥੇ ਹੀ ਸੀ. ਬੀ. ਆਈ. ਤੋਂ ਮਾਮਲੇ 'ਚ ਜਵਾਬ ਤਲਬੀ ਕੀਤੀ ਗਈ ਹੈ। ਖੱਟਾ ਸਿੰਘ ਜਿਥੇ ਗੁਰਮੀਤ ਰਾਮ ਰਹੀਮ ਦਾ ਸਾਬਕਾ ਡਰਾਈਵਰ ਹੈ, ਉਥੇ ਹੀ ਅਵਤਾਰ ਸਿੰਘ ਰਣਜੀਤ ਸਿੰਘ ਹੱਤਿਆਕਾਂਡ 'ਚ ਸਹਿ-ਮੁਲਜ਼ਮ ਹੈ।
ਆਪਣੇ ਵਕੀਲ ਮੋਹਿੰਦਰ ਸਿੰਘ ਜੋਸ਼ੀ ਰਾਹੀਂ ਦਾਇਰ ਅਰਜ਼ੀ ਵਿਚ ਅਵਤਾਰ ਸਿੰਘ ਨੇ ਕਿਹਾ ਕਿ ਖੱਟਾ ਸਿੰਘ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। ਅਜਿਹੀ ਹਾਲਤ 'ਚ ਅਦਾਲਤ ਵਿਚ ਬਿਆਨ ਬਦਲਣ ਕਾਰਨ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਥੇ ਹੀ ਕਿਹਾ ਗਿਆ ਕਿ ਜੇਕਰ ਖੱਟਾ ਸਿੰਘ ਨੂੰ ਆਪਣੇ ਬਿਆਨ ਦਰਜ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਤਾਂ ਉਸ ਤੋਂ ਪਹਿਲਾਂ ਉਸ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ ਤਾਂ ਕਿ ਸੱਚਾਈ ਸਾਹਮਣੇ ਆ ਸਕੇ। ਧਿਆਨ ਦੇਣਯੋਗ ਹੈ ਕਿ ਖੱਟਾ ਸਿੰਘ ਨੇ ਸੀ. ਬੀ. ਆਈ. ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਮੰਗ ਕੀਤੀ ਸੀ ਕਿ ਉਸ ਦੇ ਬਿਆਨ ਮੁੜ ਦਰਜ ਕਰਵਾਏ ਜਾਣ। ਇਸ ਤੋਂ ਪਹਿਲਾਂ ਅਦਾਲਤ ਵਿਚ ਉਹ ਸੀ. ਬੀ. ਆਈ. ਸਾਹਮਣੇ ਆਪਣੇ ਦਰਜ ਕਰਵਾਏ ਬਿਆਨਾਂ ਤੋਂ ਮੁੱਕਰ ਗਿਆ ਸੀ। ਸੀ. ਬੀ. ਆਈ. ਅਦਾਲਤ ਨੇ ਬੀਤੀ 25 ਸਤੰਬਰ ਨੂੰ ਉਸ ਦੀ ਮੁੜ ਬਿਆਨ ਦਰਜ ਕਰਵਾਉਣ ਦੀ ਅਰਜ਼ੀ ਖਾਰਿਜ ਕੀਤੀ ਸੀ, ਜਿਸ ਦੇ ਖਿਲਾਫ਼ ਉਹ ਹਾਈ ਕੋਰਟ ਗਿਆ ਸੀ। ਹਾਈ ਕੋਰਟ ਵਿਚ ਉਸ ਦੀ ਅਰਜ਼ੀ 'ਤੇ ਸੁਣਵਾਈ ਲੰਬਿਤ ਹੈ। ਦਾਇਰ ਅਰਜ਼ੀ ਵਿਚ ਖੱਟਾ ਸਿੰਘ ਨੇ ਕਿਹਾ ਸੀ ਕਿ ਉਸ ਕੋਲ ਰਣਜੀਤ ਸਿੰਘ ਹੱਤਿਆਕਾਂਡ ਨੂੰ ਲੈ ਕੇ ਅਹਿਮ ਜਾਣਕਾਰੀ ਹੈ। ਉਹ ਪਹਿਲਾਂ ਆਪਣੇ ਬਿਆਨਾਂ ਤੋਂ ਇਸ ਲਈ ਮੁੱਕਰਿਆ ਸੀ ਕਿਉਂਕਿ ਉਸ ਸਮੇਂ ਡੇਰਾ ਮੁਖੀ ਦਾ ਕਾਫ਼ੀ ਪ੍ਰਭਾਵ ਸੀ ਅਤੇ ਉਸ ਨੂੰ ਕਾਫ਼ੀ ਧਮਕੀਆਂ ਮਿਲ ਰਹੀਆਂ ਸਨ।


Related News