ਰਣਜੀਤ ਐਵੇਨਿਊ ’ਚ ਬੱਤਰਾ-ਢੀਂਗਰਾ ਗੋਲੀ ਕਾਂਡ ’ਚ ਆਇਆ ਨਵਾਂ ਮੋੜ, ਲਾਇਆ ਇਹ ਦੋਸ਼
Tuesday, Apr 05, 2022 - 11:10 AM (IST)
ਅੰਮ੍ਰਿਤਸਰ (ਜਸ਼ਨ) - ਪਿਛਲੇ ਹਫ਼ਤੇ ਰਣਜੀਤ ਐਵੇਨਿਊ ਏ-ਬਲਾਕ ਵਿਖੇ ਕਾਂਗਰਸੀ ਆਗੂ ਪਰਮਜੀਤ ਸਿੰਘ ਬੱਤਰਾ ਅਤੇ ਉਨ੍ਹਾਂ ਦੇ ਗੁਆਂਢੀ ਢੀਂਗਰਾ ਵਿਚਕਾਰ ਗਲੀ ਦਾ ਗੇਟ ਬੰਦ ਕਰਨ ਸਮੇਂ ਹੋਈ ਗੋਲੀਬਾਰੀ ਦੀ ਘਟਨਾ ਨੇ ਉਸ ਸਮੇਂ ਨਵਾਂ ਮੋੜ ਲਿਆ, ਜਦੋਂ ਗੰਭੀਰ ਰੂਪ ਵਿਚ ਜ਼ਖ਼ਮੀ ਬਾਊਂਸਰ ਹਰਦੇਵ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਤੇ ਪੁਲਸ ਪ੍ਰਸ਼ਾਸਨ ’ਤੇ ਉਸ ਨੂੰ ਕਿਸੇ ਦਬਾਅ ਹੇਠ ਤੰਗ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਏ। ਜ਼ਖਮੀ ਹਰਦੇਵ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਅਤੇ ਭੈਣ ਲਖਬੀਰ ਕੌਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਵੱਲੋਂ ਸੋਮਵਾਰ ਨੂੰ ਉਸ ਨੂੰ ਜ਼ਬਰਦਸਤੀ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਸੀ।
ਜ਼ਖਮੀ ਹਰਦੇਵ ਸਿੰਘ ਅਜੇ ਬੇਸ਼ੁੱਧ ਹੈ ਅਤੇ ਗੋਲੀ ਉਸ ਦੇ ਪੱਟ ’ਚ ਲੱਗੀ ਹੋਣ ਕਾਰਨ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਕੋਲ ਫਰਿਆਦ ਕਰ ਕੇ ਅਤੇ ਹਰਦੇਵ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ 2 ਦਿਨਾਂ ਦਾ ਸਮਾਂ ਮੰਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗੰਭੀਰ ਜ਼ਖਮੀ ਬਾਊਂਸਰ ਹਰਦੇਵ ਸਿੰਘ ਨੂੰ ਹਸਪਤਾਲ ਪ੍ਰਸ਼ਾਸਨ ਉਸ ਪੱਧਰ ਦਾ ਇਲਾਜ ਨਹੀਂ ਦੇ ਰਿਹਾ, ਜਿਸ ਤਰ੍ਹਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਦੂਜੇ ਪਾਸੇ ਜਦੋਂ ਵੀ ਉਹ ਪੁਲਸ ਨੂੰ ਕੋਈ ਬਿਆਨ ਆਦਿ ਦੇਣ ਜਾਂਦੇ ਹਨ ਤਾਂ ਉਹ ਵੀ ਉਨ੍ਹਾਂ ਨੂੰ ਸਹਿਯੋਗ ਨਹੀਂ ਦੇ ਰਹੇ।
ਉਨ੍ਹਾਂ ਸਪੱਸ਼ਟ ਤੌਰ ’ਤੇ ਹਸਪਤਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਕਿਸੇ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦੂਜੇ ਪਾਸੇ ਦੇ ਪਰਮਜੀਤ ਸਿੰਘ ਬੱਤਰਾ ਕਾਂਗਰਸੀ ਆਗੂ ਹਨ ਅਤੇ ਉਨ੍ਹਾਂ ਦਾ ਪੁਲਸ ਤੇ ਹੋਰ ਪ੍ਰਸ਼ਾਸਨ ’ਤੇ ਪੂਰਾ ਦਬਾਅ ਹੈ। ਇਸ ਸਿਆਸੀ ਦਬਾਅ ਕਾਰਨ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਬੱਤਰਾ ਵੱਲੋਂ ਉਸ ਦੇ ਲੜਕੇ ਨਾਲ ਆਏ 10-12 ਲੜਕਿਆਂ ਨਾਲ ਗੱਲ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਬਾਅਦ ਉਸ ਦੇ ਸਾਥੀ ਜੈਮਲ ਸਿੰਘ ਅਤੇ ਹਰਦੇਵ ਸਿੰਘ ਨੇ ਉਨ੍ਹਾਂ ਦੇ ਸਿਰ ਵਿਚ ਗੰਭੀਰ ਸੱਟਾਂ ਮਾਰੀਆਂ।
ਇਸ ਸਬੰਧੀ ਜਦੋਂ ਪੁਲਸ ਨੇ ਪੜਤਾਲ ਕੀਤੀ ਤਾਂ ਉਕਤ ਜ਼ਖ਼ਮੀ ਜੈਮਲ ਸਿੰਘ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਉਸ ਦੀ ਪੱਗ ਲਾਹ ਦਿੱਤੀ ਅਤੇ ਕੇਸਾਂ ਦੀ ਬੇਅਦਬੀ ਕੀਤੀ। ਉਸ ਨੇ ਦੋਸ਼ ਲਾਇਆ ਕਿ ਪੁਲਸ ਅਤੇ ਹਸਪਤਾਲ ਪ੍ਰਸ਼ਾਸਨ ਉਸ ’ਤੇ ਦਬਾਅ ਪਾ ਰਿਹਾ ਹੈ ਅਤੇ ਜ਼ਬਰਦਸਤੀ ਉਸ ਨੂੰ ਬਿਨਾਂ ਇਲਾਜ ਤੋਂ ਛੁੱਟੀ ਦੇ ਰਿਹਾ ਹੈ, ਭਾਵੇਂ ਕਿ ਉਹ ਅਜੇ ਤੱਕ ਠੀਕ ਨਹੀਂ ਹੋਇਆ। ਅੰਤ ਵਿਚ ਉਨ੍ਹਾਂ ਮੰਗ ਕੀਤੀ ਕਿ ਪੁਲਸ ਵੱਲੋਂ ਦੂਜੇ ਪਾਸੇ ਦੇ ਸਿਰਫ਼ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਦੋਂਕਿ ਉਨ੍ਹਾਂ ਨਾਲ 10-12 ਵਿਅਕਤੀ ਸ਼ਾਮਲ ਸਨ, ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀ। ਉਸ ਨੇ ਮੰਗ ਕੀਤੀ ਕਿ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦਿੱਤਾ ਜਾਵੇ।
ਕੀ ਕਹਿਣਾ ਹੈ ਪੁਲਸ ਦਾ ?
ਇਸ ਸਬੰਧੀ ਥਾਣਾ ਰਣਜੀਤ ਐਵੇਨਿਊ ਦੇ ਇੰਚਾਰਜ ਨੇ ਦੱਸਿਆ ਕਿ ਉਕਤ ਗੋਲੀ ਕਾਂਡ ਸਬੰਧੀ ਦੋਵਾਂ ਧਿਰਾਂ ਵੱਲੋਂ ਕਰਾਸ ਪਰਚੇ ਦਰਜ ਕੀਤੇ ਗਏ ਹਨ। ਢੀਂਗਰਾ ’ਤੇ ਇਰਾਦਾ ਕਤਲ ਦਾ ਮਾਮਲਾ ਦਰਜ ਹੈ ਅਤੇ ਦੂਜੇ ਪਾਸੇ ਇਕ ਧਾਰਾ ਤਹਿਤ ਕਾਰਵਾਈ ਕੀਤੀ ਗਈ ਹੈ, ਜਦਕਿ ਮੈਡੀਕਲ ਰਿਪੋਰਟ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ।