ਰੰਧਾਵਾ ਦਾ ਵੱਡਾ ਬਿਆਨ, ਕਿਹਾ-ਜਦੋਂ ਤੋਂ ਮੈਂ ਗ੍ਰਹਿ ਮੰਤਰੀ ਬਣਿਆ, ਉਦੋਂ ਤੋਂ ਸਿੱਧੂ ਨਾਰਾਜ਼
Sunday, Jan 02, 2022 - 05:40 PM (IST)
ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰੰਧਾਵਾ ਨੇ ਕਿਹਾ ਹੈ ਕਿ ਜਦੋਂ ਤੋਂ ਮੈਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ, ਉਦੋਂ ਤੋਂ ਸਿੱਧੂ ਮੇਰੇ ਨਾਲ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਹਾਈਕਮਾਨ ਜਦੋਂ ਵੀ ਕਹੇਗਾ, ਮੈਂ ਆਪਣਾ ਮੰਤਰਾਲਾ ਛੱਡਣ ਲਈ ਤਿਆਰ ਹਾਂ। ਗ੍ਰਹਿ ਮੰਤਰੀ ਨੇ ਕਿਹਾ ਕਿ ਮੇਰੇ ਲਈ ਪੰਜਾਬ ਸਭ ਤੋਂ ਪਹਿਲਾਂ ਹੈ ਤੇ ਇਸ ਦੀ ਖਾਤਰ ਮੈਂ ਮੰਤਰਾਲਾ ਕਦਮਾਂ ’ਚ ਰੱਖ ਦੇਵਾਂਗਾ। ਰੰਧਾਵਾ ਨੇ ਕਿਹਾ ਕਿ ਜੇ ਸਿੱਧੂ ਕਹਿਣ ਤਾਂ ਮੈਂ ਸਿਆਸਤ ਵੀ ਛੱਡਣ ਲਈ ਤਿਆਰ ਹਾਂ।
ਰੰਧਾਵਾ ਨੇ ਨਵਜੋਤ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਉਹ ਬਹੁਤ ਜ਼ਿਆਦਾ ਇੱਛਾਵਾਦੀ ਹਨ।
ਇਹ ਵੀ ਪੜ੍ਹੋ : ਨੌਜਵਾਨਾਂ ਨੂੰ ਲੈ ਕੇ CM ਚੰਨੀ 4 ਜਨਵਰੀ ਨੂੰ ਕਰਨਗੇ ਵੱਡਾ ਐਲਾਨ
ਉਨ੍ਹਾਂ ਨੂੰ ਪਾਰਟੀ ਨੂੰ ਅੱਗੇ ਰੱਖਣਾ ਚਾਹੀਦਾ ਹੈ, ਨਾ ਕਿ ਮੈਂ ਇਹ ਕਰ ਦੇਵਾਂਗਾ ਜਾਂ ਉਹ ਕਰ ਦੇਵਾਂਗਾ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਦਾ ਵਿਜ਼ਨ ਨਹੀਂ ਸਗੋਂ ਪੂਰੀ ਕਾਂਗਰਸ ਪਾਰਟੀ ਦਾ ਵਿਜ਼ਨ ਹੁੰਦਾ ਹੈ। ਮੁੱਖ ਮੰਤਰੀ ਬਣਨ ਨਾਲੋਂ ਪਾਰਟੀ ਪ੍ਰਧਾਨ ਬਣਨਾ ਕਿਤੇ ਉਪਰ ਹੁੰਦਾ ਹੈ ਤੇ ਬੜੇ ਮਾਣ ਵਾਲੀ ਗੱਲ ਹੈ। ਇਸ ਦੌਰਾਨ ਉਨ੍ਹਾਂ ਸਿੱਧੂ ਵੱਲੋਂ ਰੈਲੀਆਂ ’ਚ ਸਟੇਜ ਤੋਂ ਉਮੀਦਵਾਰ ਐਲਾਨਣ ’ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਹਾਈਕਮਾਨ ਤੇ ਸਕ੍ਰੀਨਿੰਗ ਕਮੇਟੀਆਂ ਤੈਅ ਕਰਦੀਆਂ ਹਨ ਕਿ ਕਿਸ ਨੂੰ ਟਿਕਟ ਦੇਣੀ ਹੈ। ਇਹ ਇਕ ਪ੍ਰਕਿਰਿਆ ਤਹਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਸਟੇਜ ’ਤੇ ਚੜ੍ਹ ਕੇ ਉਮੀਦਵਾਰ ਨਹੀਂ ਐਲਾਨੇ ਜਾਂਦੇ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ