ਕਾਂਗਰਸ ਆਗੂਆਂ ਨੂੰ ਸਤਾਉਣ ਲੱਗਾ ਸ਼ਹਿਰੀ ਹਿੰਦੂ ਵੋਟਾਂ ਦੇ ਖ਼ਿਸਕਣ ਦਾ ਡਰ

Thursday, Aug 26, 2021 - 11:50 AM (IST)

ਜਲੰਧਰ (ਵਿਸ਼ੇਸ਼)– 2017 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼ਹਿਰੀ ਹਿੰਦੂ ਵੋਟਾਂ ਦੇ ਦਮ ’ਤੇ ਸੱਤਾ ’ਚ ਆਈ ਕਾਂਗਰਸ ਦੇ ਆਗੂਆਂ ਨੂੰ ਹੁਣ ਆਉਣ ਵਾਲੀਆਂ ਚੋਣਾਂ ’ਚ ਸ਼ਹਿਰੀ ਵੋਟਾਂ ਖ਼ਿਸਕਣ ਦਾ ਖ਼ਤਰਾ ਸਤਾਉਣ ਲੱਗਾ ਹੈ। ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਹੀ ਲੱਗ ਰਿਹਾ ਹੈ ਕਿ ਪਿਛਲੇ ਕਰੀਬ ਸਾਢੇ ਚਾਰ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਨੇ ਸ਼ਹਿਰੀ ਹਿੰਦੂਆਂ ਲਈ ਕੁਝ ਨਹੀਂ ਕੀਤਾ ਹੈ ਅਤੇ ਚੋਣਾਂ ’ਚ ਜੇਕਰ ਇਹ ਵੋਟ ਬੈਂਕ ਖਿਸਕਿਆ ਤਾਂ ਕਾਂਗਰਸ ਲਈ ਸੱਤਾ ’ਚ ਵਾਪਸੀ ਆਸਾਨ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਜਲੰਧਰ: ਘਰ 'ਚ ਦਾਖ਼ਲ ਹੋ ਕੇ 16 ਸਾਲਾ ਕੁੜੀ ਦੀ ਰੋਲ੍ਹ ਦਿੱਤੀ ਪੱਤ, ਇੰਝ ਸਾਹਮਣੇ ਆਇਆ ਸੱਚ

ਗਰੀਬ ਦੁਕਾਨਦਾਰਾਂ ਲਈ ਛਲਕਿਆ ਸਪੀਕਰ ਦਾ ਦਰਦ
ਅਨੰਦਪੁਰ ’ਚ ਬੇਜ਼ਮੀਨੇ ਖੇਤੀ ਮਜ਼ਦੂਰਾਂ ਲਈ ਕਰਜ਼ਾ ਰਾਹਤ ਲਈ ਆਯੋਜਿਤ ਸਮਾਰੋਹ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਦੀ ਇਹ ਚਿੰਤਾ ਮੰਚ ’ਤੋਂ ਹੀ ਸਾਹਮਣੇ ਆ ਗਈ। ਇਸ ਸੂਬਾ ਪੱਧਰੀ ਸਮਾਰੋਹ ਦੌਰਾਨ ਮੰਚ ’ਤੋਂ ਸੰਬੋਧਨ ਕਰਦੇ ਹੋਏ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ‘‘ਪੰਜਾਬ ਸਰਕਾਰ ਨੇ ਕਿਸਾਨਾਂ ਦਾ ਕਰਜ਼ ਮੁਆਫ਼ ਕਰ ਦਿੱਤਾ। ਐੱਸ. ਸੀ. ਅਤੇ ਬੀ. ਸੀ. ਵਿੰਗ ਨੂੰ ਰਾਹਤ ਦੇ ਦਿੱਤੀ ਅਤੇ ਹੁਣ ਬਿਨਾਂ ਜ਼ਮੀਨ ਦੇ ਖੇਤੀ ਵਰਕਰਾਂ ਦਾ ਕਰਜ਼ ਮੁਆਫ਼ ਕਰਨ ਦਾ ਵੀ ਐਲਾਨ ਕਰ ਦਿੱਤਾ ਪਰ ਸ਼ਹਿਰਾਂ ਦੇ ਗਰੀਬ ਦੁਕਾਨਦਾਰਾਂ ਲਈ ਸਰਕਾਰ ਨੇ ਹੁਣ ਤਕ ਕੁਝ ਨਹੀਂ ਕੀਤਾ ਹੈ। ਕੋਰੋਨਾ ਕਾਲ ਦੌਰਾਨ ਇਹ ਛੋਟਾ ਦੁਕਾਨਦਾਰ ਹੀ ਸਭ ਤੋਂ ਜ਼ਿਆਦਾ ਪਿਸਿਆ ਹੈ ਉਹ ਸਵੇਰੇ ਦੁਕਾਨ ’ਤੇ ਆਉਂਦਾ ਹੈ ਅਤੇ ਸ਼ਾਮ ਨੂੰ ਕਈ ਵਾਰ ਬਿਨਾਂ ਕੋਈ ਸਾਮਾਨ ਵੇਚੇ ਘਰ ਚੱਲਿਆ ਜਾਂਦਾ ਹੈ ਕਿਉਂਕਿ ਮੰਦੀ ਦੇ ਦੌਰ ਨੇ ਦੁਕਾਨਦਾਰ ਨੂੰ ਪ੍ਰੇਸ਼ਾਨ ਕੀਤਾ ਹੈ। ਉਹ ਦੁਕਾਨ ’ਚ ਸਵੇਰ ਤੋਂ ਸ਼ਾਮ ਤਕ ਚਾਹ ਵੀ ਆਪਣੇ ਜੇਬ ’ਚੋਂ ਪੀਂਦਾ ਹੈ। ਮੇਰੀ ਮੁੱਖ ਮੰਤਰੀ ਨੂੰ ਗੁਜਾਰਿਸ਼ ਹੈ ਕਿ ਉਹ ਘੱਟ ਤੋਂ ਘੱਟ ਛੋਟੇ ਸ਼ਹਿਰੀ ਦੁਕਾਨਦਾਰ ਨੂੰ ਬਿਜਲੀ ਦੇ ਬਿਲ ਤੋਂ ਰਾਹਤ ਜ਼ਰੂਰ ਦਿਓ ਤਾਂ ਕਿ ਉਸ ਨੂੰ ਵੀ ਲੱਗੇ ਕਿ ਸਰਕਾਰ ਉਸ ਲਈ ਕੁਝ ਕਰ ਰਹੀ ਹੈ, ਫਿਲਹਾਲ ਉਹ ਖੁਦ ਨੂੰ ਨਜ਼ ਅੰਦਾਜ਼ ਮਹਿਸੂਸ ਕਰ ਰਿਹਾ ਹੈ।’’ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੇ ਹਰ ਵਰਗ ਦੀ ਗੱਲ ਸੁਣੀ ਹੈ। ਕੱਚੇ ਵਰਕਰਾਂ ਨੂੰ ਪੱਕਾ ਕੀਤਾ ਹੈ। ਹਜ਼ਾਰਾਂ ਲੋਕਾਂ ਨੂੰ ਨੌਕਰੀ ਦਿੱਤੀ ਹੈ ਪਰ ਛੋਟੇ ਗਰੀਬ ਦੁਕਾਨਦਾਰਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਉਠਾ ਰਹੀ ਅਹਿਮ ਕਦਮ : ਵਿਨੀ ਮਹਾਜਨ

ਸਿੱਧੂ ਦੇ ਸਲਾਹਕਾਰਾਂ ਦੇ ਬਿਆਨਾਂ ਨਾਲ ਭਾਜਪਾ ਨੂੰ ਫਾਇਦਾ
ਕਾਂਗਰਸ ਦੇ ਹਿੰਦੂ ਨੇਤਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਤੋਂ ਵੀ ਨਾਰਾਜ਼ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੇ ਵਿਵਾਦਿਤ ਬਿਆਨਾਂ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਪੰਜਾਬ ’ਚ ਜਾਰੀ ਮੌਜੂਦਾ ਸਥਿਤੀ ’ਚ ਜੇਕਰ ਸੂਬੇ ਦਾ ਹਿੰਦੂ ਇਕਜੁਟ ਹੋਇਆ ਤਾਂ ਇਸ ਨਾਲ ਭਾਜਪਾ ਨੂੰ ਧਰੁੱਵੀਕਰਨ ਕਰਾਉਣ ’ਚ ਆਸਾਨੀ ਹੋ ਸਕਦੀ ਹੈ। ਭਾਜਪਾ ਪੂਰੇ ਦੇਸ਼ ’ਚ ਹਮਲਾਵਰ ਰਾਸ਼ਟਰਵਾਦ ਦੇ ਨਾਂ ’ਤੇ ਚੋਣ ਮੈਦਾਨ ’ਚ ਉਤਰਦੀ ਹੈ ਅਤੇ ਅਜਿਹੇ ’ਚ ਮਾਲੀ ਦੇ ਜੰਮੂ-ਕਸ਼ਮੀਰ ਨੂੰ ਲੈ ਕੇ ਦਿੱਤੇ ਗਏ ਬਿਆਨ ਨੇ ਪਾਰਟੀ ਲਈ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ ਕਿਉਂਕਿ ਕਸ਼ਮੀਰ ਨੂੰ ਲੈ ਕੇ ਪਾਰਟੀ ਦਾ ਅਧਿਕਾਰਤ ਸਟੈਂਡ ਵੱਖ ਰਿਹਾ ਹੈ।

2017 ’ਚ ਹਿੰਦੂ ਵੋਟ ਦੇ ਦਮ ’ਤੇ ਸੱਤਾ ’ਚ ਆਈ ਸੀ ਕਾਂਗਰਸ
ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਰਾਜਪੁਰਾ ਤੋਂ ਲੈ ਕੇ ਅੰਮ੍ਰਿਤਸਰ ਤਕ ਜੀ. ਟੀ. ਰੋਡ ਬੈਲਟ ’ਚ ਆਉਣ ਵਾਲੀ ਤਮਾਮ ਸ਼ਹਿਰੀ ਸੀਟਾਂ ’ਤੇ ਲੀਡ ਹਾਸਲ ਕੀਤੀ ਸੀ। ਸੂਬੇ ’ਚ ਭਾਜਪਾ ਜਿਹੜੀਆਂ 23 ਹਿੰਦੂ ਬਹੁਮਤ ਸੀਟਾਂ ’ਤੇ ਚੋਣਾਂ ਲੜਦੀ ਹੈ ਉਨ੍ਹਾਂ ’ਚੋਂ 20 ਸੀਟਾਂ ਕਾਂਗਰਸ ਨੇ ਜਿੱਤੀਆਂ ਸੀ ਅਤੇ ਹਿੰਦੂ ਵੋਟਰਾਂ ਨੇ ਕਾਂਗਰਸ ਦਾ ਖੂਬ ਸਾਥ ਦਿੱਤਾ ਸੀ ਪਰ ਕਾਂਗਰਸ ਦੇ ਸੱਤਾ ’ਚ ਆਉਣ ਤੋਂ ਬਾਅਦ ਸੂਬੇ ਦਾ ਹਿੰਦੂ ਹੀ ਸਭ ਤੋਂ ਵੱਧ ਨਜ਼ਰਅੰਦਾਜ਼ ਮਹਿਸੂਸ ਕਰ ਰਿਹਾ ਹੈ ਕਿਉਂਕਿ ਸਰਕਾਰ ਦਾ ਫੋਕਸ ਜਾਂ ਤਾਂ ਦਿਹਾਤੀ ਕਿਸਾਨਾਂ ਵੱਲ ਰਿਹਾ ਜਾਂ ਫਿਰ ਕਾਂਗਰਸ ਨੇ ਪੰਥ ਦੀ ਸਿਆਸਤ ਕੀਤੀ ਅਤੇ ਬਹਿਬਲ ਕਲਾਂ ਫਾਇਰਿੰਗ ਦਾ ਮੁੱਦਾ ਭਖਿਆ ਰਿਹਾ। 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਪੰਜਾਬ ’ਚ ਹਿੰਦੂਆਂ ਦੀ ਆਬਾਦੀ 38.49 ਫ਼ੀਸਦੀ ਹੈ ਅਤੇ ਇਸ ਵਰਗ ਦੇ ਸਮਰਥਨ ਦੇ ਬਿਨਾਂ ਕਿਸੇ ਵੀ ਪਾਰਟੀ ਲਈ ਸੱਤਾ ’ਚ ਆਉਣਾ ਮੁਸ਼ਕਿਲ ਹੈ। ਲਿਹਾਜਾ ਹੁਣ ਕਾਂਗਰਸ ਦੇ ਹਿੰਦੂ ਆਗੂਆਂ ਨੂੰ ਖ਼ਾਸ ਤੌਰ ’ਤੇ ਸ਼ਹਿਰੀ ਹਿੰਦੂ ਵੋਟਰਾਂ ਦੇ ਖ਼ਿਸਕਣ ਦੀ ਚਿੰਤਾ ਸਤਾ ਰਹੀ ਹੈ।

ਇਹ ਵੀ ਪੜ੍ਹੋ: ਰੂਪਨਗਰ: ਕਿਸਾਨਾਂ 'ਤੇ ਟੁੱਟਿਆ ਇਕ ਹੋਰ ਕੁਦਰਤ ਦਾ ਕਹਿਰ, ਕਰੋੜਾਂ ਰੁਪਏ ਦੀ ਫ਼ਸਲ ਖਾ ਗਈ ਸੁੰਡੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News