ਸਿੱਧੂ ਨੇ ਜੇ ਚਾਰਜ ਨਹੀਂ ਲਿਆ ਤਾਂ ਕਿਹੜਾ ਬਿਜਲੀ ਨਹੀਂ ਆਉਂਦੀ : ਰਾਣਾ ਗੁਰਜੀਤ
Tuesday, Jun 18, 2019 - 09:36 PM (IST)
ਕਪੂਰਥਲਾ (ਮੱਲ੍ਹੀ)— ਨੂਰਪੁਰ ਦੋਨਾ ਨੇਡ਼ੇ ਬਣੇ ਜੁਡੀਸ਼ੀਅਲ ਕੰਪਲੈਕਸ ਦੇ ਨਾਲ ਤਿਆਰ ਪ੍ਰਸ਼ਾਸਕੀ ਕੰਪਲੈਕਸ ਦੇ ਉਦਘਾਟਨੀ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨ ਪਹੁੰਚੇ ਸਾਬਕਾ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਨਸ਼ੇ ਦੇ ਮੁੱਦੇ ’ਤੇ ਫਿਰੋਜ਼ਪੁਰ ਦੇ ਪੁਲਸ ਕਪਤਾਨ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਪੁਲਸ ਅਧਿਕਾਰੀ ਦੀਆਂ ਗੱਲਾਂ ’ਚ ਸੱਚਾਈ ਹੈ, ਜਿਸ ਨਾਲ ਇਤਫਾਕ ਰੱਖਦਿਆਂ ਕੈਪਟਨ ਸਰਕਾਰ ਨੇ ਨਸ਼ਿਆਂ ਨਾਲ ਜੁਡ਼ੇ ਹਰ ਸਮੱਗਲਰ ਅਤੇ ਪੁਲਸ ’ਚ ਸ਼ਾਮਿਲ ਕਾਲੀਆਂ ਭੇਡਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੋ ਇਕ ਬਹੁਤ ਹੀ ਸੁੱਘਡ਼ ਸਿਆਣੇ ਅਤੇ ਤਜਰਬੇਕਾਰ ਮੁੱਖ ਮੰਤਰੀ ਹਨ, ਨੂੰ ਪਤਾ ਹੈ ਕਿ ਸਰਕਾਰ, ਪਾਰਟੀ ਅਤੇ ਪੰਜਾਬ ਨੂੰ ਉਨਤੀ ਦੀਆਂ ਲੀਹਾਂ ’ਤੇ ਕਿਵੇਂ ਚਲਾਉਣਾ ਹੈ ਤੇ ਉਹ ਚਲਾ ਵੀ ਰਹੇ ਹਨ। ਪੰਜਾਬ ਕਾਂਗਰਸ ’ਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਹੇ ਵਿਵਾਦ ਅਤੇ ਕੁੱਝ ਨਵੇਂ ਮੰਤਰੀਆਂ ਵੱਲੋਂ ਕਾਰਜਭਾਰ ਨਾ ਸੰਭਾਲਣ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਨਵੇਂ ਨਿਯੁਕਤ ਕੀਤੇ ਗਏ ਕੁੱਝ ਮੰਤਰੀਆਂ ਨੇ ਕਾਰਜਭਾਰ ਨਹੀਂ ਸੰਭਾਲਿਆ ਪਰ ਪੰਜਾਬ ਸਰਕਾਰ ਦੇ ਸਾਰੇ ਕੰਮਕਾਜ ਠੀਕ ਚੱਲ ਰਹੇ ਹਨ।
ਉਨ੍ਹਾਂ ਨਵਜੋਤ ਸਿੰਘ ਸਿੱਧੂ ਦਾ ਨਾਂ ਲਏ ਬਿਨਾਂ ਹੀ ਕਿਹਾ ਜੇ ਮੰਤਰੀ ਨੇ ਚਾਰਜ ਨਹੀਂ ਸੰਭਾਲਿਆ ਤਾਂ ਕਿ ਪੰਜਾਬ ’ਚ ਬਿਜਲੀ ਆਉਣੀ ਬੰਦ ਹੋ ਗਈ ਐ ਜਾਂ ਫਿਰ ਬਿਜਲੀ ਦੀ ਮੁਰੰਮਤ ਨਹੀਂ ਹੋ ਰਹੀ। ਉਨ੍ਹਾਂ ਨਵੇਂ ਮੰਤਰੀਆਂ ਨੂੰ ਸਲਾਹ ਦਿੱਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਹਾਈ ਕਮਾਨ ਦੀ ਸਹਿਮਤੀ ਨਾਲ ਜਿਨ੍ਹਾਂ ਵੀ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ, ਨੂੰ ਪੰਜਾਬ ਅਤੇ ਪਾਰਟੀ ਹਿੱਤ ਲਈ ਤੁਰੰਤ ਆਪਣਾ ਕਾਰਜਭਾਰ ਸੰਭਾਲ ਕੇ ਕੰਮ ਸ਼ੁਰੂ ਕਰਨ। ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ ਮੈਡਮ ਬਲਬੀਰ ਰਾਣੀ ਸੋਢੀ, ਜ਼ਿਲਾ ਮੀਤ ਪ੍ਰਧਾਨ ਜਸਵੀਰ ਸਿੰਘ ਰੰਧਾਵਾ, ਬਲਾਕ ਪ੍ਰਧਾਨ ਸ਼ਹਿਰੀ ਰਾਜਿੰਦਰ ਕੌਡ਼ਾ, ਬਲਾਕ ਪ੍ਰਧਾਨ ਦਿਹਾਤੀ ਅਮਰਜੀਤ ਸਿੰਘ ਸੈਦੋਵਾਲ, ਬਲਾਕ ਪ੍ਰਧਾਨ ਦਿਹਾਤੀ ਅਮਰਜੀਤ ਸਿੰਘ ਸੈਦੋਵਾਲ, ਸਾਬਕਾ ਬਲਾਕ ਪ੍ਰਧਾਨ ਦਿਹਾਤੀ ਗੁਰਦੀਪ ਸਿੰਘ ਬਿਸ਼ਨਪੁਰ, ਨੰਬਰਦਾਰ ਅਜੀਤਪਾਲ ਸਿੰਘ ਕੋਟ ਕਰਾਰ ਖਾਂ ਤੇ ਲਾਭ ਚੰਦ ਥਿਗਲੀ ਆਦਿ ਸੀਨੀਅਰ ਕਾਂਗਰਸ ਆਗੂ ਅਤੇ ਵਰਕਰ ਹਾਜ਼ਰ ਸਨ।