ਸੁਖਬੀਰ ਬਾਦਲ ਨੇ ਅਪਣਾਈ ਦੋਹਰੀ ਰਣਨੀਤੀ!

Wednesday, Mar 04, 2020 - 02:59 PM (IST)

ਰਮਦਾਸ (ਸਾਰੰਗਲ) : ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਦੋਹਰੀ ਰਣਨੀਤੀ ਅਪਣਾਉਂਦੇ ਹੋਏ ਵਿਧਾਨ ਸਭਾ ਹਲਕਾ ਅਜਨਾਲਾ ਵਿਖੇ 2 ਇੰਚਾਰਜ ਥਾਪ ਦਿੱਤੇ ਜਾਣ ਤੋਂ ਬਾਅਦ ਵਰਕਰ ਸ਼ੱਸ਼ੋਪਣ 'ਚ ਹਨ। ਜ਼ਿਕਰਯੋਗ ਹੈ ਕਿ ਹਲਕਾ ਅਜਨਾਲਾ ਦੀ ਸਿਆਸਤ ਹਮੇਸ਼ਾ ਹੀ ਕਿਸੇ ਨਾ ਕਿਸੇ ਨਾ ਕਾਰਨ ਨੂੰ ਲੈ ਕੇ ਗਰਮਾਉਂਦੀ ਰਹੀ ਹੈ। ਹੁਣ 2 ਹਲਕਾ ਇੰਚਾਰਜ ਕ੍ਰਮਵਾਰ ਜੋਧ ਸਿੰਘ ਸਮਰਾ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਲੈ ਕੇ ਅਕਾਲੀ ਵਰਕਰ ਪੂਰੀ ਤਰ੍ਹਾਂ ਦੁਚਿੱਤੀ ਹਨ। ਬੀਤੇ ਵਰ੍ਹੇ ਬੋਨੀ ਅਜਨਾਲਾ ਦੇ ਪਰਿਵਾਰ ਸਮੇਤ ਅਕਾਲੀ ਦਲ ਟਕਸਾਲੀ 'ਚ ਚਲੇ ਜਾਣ ਤੋਂ ਬਾਅਦ ਹਲਕਾ ਲਾਵਾਰਿਸ ਹੋ ਗਿਆ ਸੀ। ਸੁਖਬੀਰ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਸੂਝਵਾਨ ਲੀਡਰ ਜੋਧ ਸਿੰਘ ਸਮਰਾ ਨੂੰ ਇਸ ਹਲਕੇ ਦੀ ਕਮਾਂਡ ਸੌਂਪੀ ਸੀ। ਉਨ੍ਹਾਂ ਪਾਰਟੀ ਹਿੱਤਾਂ ਲਈ ਕੰਮ ਕਰਦਿਆਂ ਅਕਾਲੀ ਵਰਕਰਾਂ ਨੂੰ ਜਿਥੇ ਇੱਕੋ ਮਾਲਾ 'ਚ ਪਿਰੋ ਕੇ ਰੱਖਿਆ, ਉਥੇ ਨਾਲ ਹੀ ਵਰਕਰਾਂ ਤੇ ਆਗੂਆਂ ਦੀਆਂ ਮੁਸ਼ਕਲਾਂ ਦਾ ਨਿਰੰਤਰ ਹੱਲ ਕੱਢਦੇ ਰਹੇ। ਹੁਣ ਸ. ਬਾਦਲ ਵੱਲੋਂ ਹਲਕਾ ਅਜਨਾਲਾ 'ਚ ਕੀਤੀ ਗਈ ਕਾਂਗਰਸ ਸਰਕਾਰ ਦੀਆਂ ਨੀਤੀਆਂ ਖਿਲਾਫ ਵਿਸ਼ਾਲ ਰੈਲੀ ਦੌਰਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਅਕਾਲੀ ਦਲ (ਟਕਸਾਲੀ) ਨੂੰ ਛੱਡ ਕੇ ਅਕਾਲੀ ਦਲ (ਬਾਦਲ) 'ਚ ਦੁਬਾਰਾ ਸ਼ਾਮਲ ਹੋ ਜਾਣ ਉਪਰੰਤ ਸੁਖਬੀਰ ਬਾਦਲ ਨੇ ਬੋਨੀ ਅਜਨਾਲਾ ਨੂੰ ਦੁਬਾਰਾ ਹਲਕਾ ਅਜਨਾਲਾ ਦੀ ਕਮਾਂਡ ਸੌਂਪ ਦਿੱਤੀ ਹੈ। ਇਸ ਕਾਰਨ ਅਕਾਲੀ ਵਰਕਰਾਂ ਦਾ ਦੁਚਿੱਤੀ 'ਚ ਪੈਣਾ ਸੁਭਾਵਿਕ ਹੈ।

ਪਾਰਟੀ ਪ੍ਰਧਾਨ ਦਾ ਫੈਸਲਾ ਖਿੜ੍ਹੇ ਮੱਥੇ ਪ੍ਰਵਾਨ ਹੋਵੇਗਾ : ਜੋਧ ਸਿੰਘ ਸਮਰਾ
ਇਸ ਸਬੰਧੀ ਜੋਧ ਸਿੰਘ ਸਮਰਾ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਦੇ ਆਦੇਸ਼ਾਂ 'ਤੇ ਹੀ ਹਲਕਾ ਅਜਨਾਲਾ 'ਚ ਬਤੌਰ ਇੰਚਾਰਜ ਦੀ ਵਾਗਡੌਰ ਸੰਭਾਲੀ ਸੀ। ਪਾਰਟੀ ਦੀ ਸੇਵਾ ਕਰਦਿਆਂ ਵਰਕਰਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਹੋਇਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਫੈਸਲਾ ਕਰਨਗੇ, ਉਹ ਖਿੜ੍ਹੇ ਮੱਥੇ ਪ੍ਰਵਾਨ ਹੋਵੇਗਾ।

ਸਾਡਾ ਪਰਿਵਾਰ ਹੀ ਹਲਕੇ ਦੀ ਸੇਵਾ ਕਰਦਾ ਰਹੇਗਾ : ਬੋਨੀ ਅਜਨਾਲਾ
ਦੂਜੇ ਪਾਸੇ ਜਦੋਂ ਸਾਬਕਾ ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੇ ਘਰ ਆ ਕੇ ਹਲਕਾ ਇੰਚਾਰਜ ਥਾਪਿਆ ਹੈ। ਅਜਨਾਲਾ ਪਰਿਵਾਰ ਹੀ ਹਲਕਾ ਅਜਨਾਲਾ ਦੀ ਸੇਵਾ ਕਰਦਾ ਰਹੇਗਾ। ਉਨ੍ਹਾਂ ਹਲਕੇ ਦੇ ਅਕਾਲੀ ਵਰਕਰਾਂ ਨਾਲ ਰਾਬਤਾ ਕਰਦੇ ਹੋਏ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਆਰੰਭਿਆ ਹੋਇਆ ਹੈ।


Baljeet Kaur

Content Editor

Related News