ਰਾਮਾਮੰਡੀ ਤੇ ਕੈਂਟ ਏਰੀਏ ’ਚ ਰੋਜ਼ਾਨਾ ਲੱਗਦੈ ਕਰੋੜਾਂ ਦਾ ਸੱਟਾ

Friday, Jul 20, 2018 - 07:45 AM (IST)

ਜਲੰਧਰ,  (ਕਮਲੇਸ਼, ਬੁਲੰਦ)— ਲੋਕਾਂ ਨੂੰ ਦਿੱਲੀ, ਗਲੀ ਅਤੇ ਗਾਜ਼ੀਆਬਾਦ ਦੇ ਸੱਟੇਬਾਜ਼ੀ  ਵਿਚ ਫਸਾ ਕੇ ਠੱਗਣ ਵਾਲਿਆਂ ਦਾ ਇਨ੍ਹੀਂ ਦਿਨੀਂ ਰਾਮਾਮੰਡੀ ਅਤੇ ਕੈਂਟ ਏਰੀਏ ਵਿਚ ਪੂਰੀ  ਤਰ੍ਹਾਂ ਕਬਜ਼ਾ ਹੋਇਆ ਪਿਆ ਹੈ। ਦਰਜਨਾਂ  ਸੱਟੇਬਾਜ਼ੀ ਦੇ ਟਿਕਾਣਿਆਂ ਨੂੰ ਦੇਖ ਕੇ ਪੁਲਸ  ਅੱਖਾਂ ਬੰਦ ਕਰ ਕੇ ਬੈਠੀ  ਹੈ। ਓਧਰ ਦੂਜੇ ਪਾਸੇ ਸੱਟੇਬਾਜ਼ਾਂ ਦੇ ਹੌਸਲੇ ਇਸ ਕਦਰ  ਬੁਲੰਦ ਹਨ ਕਿ ਉਨ੍ਹਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਹੈ। 
ਬੰਦ ਕਰਵਾ ਦਿੱਤੇ ਲਾਟਰੀ ਸਟਾਲ, ਖੁਦ ਚਲਾ ਰਹੇ ਹਨ ਸੱਟਾ
ਜਾਣਕਾਰਾਂ  ਦੀ ਮੰਨੀਏ ਤਾਂ ਵੱਡੇ ਸੱਟੇਬਾਜ਼ਾਂ ਨੇ ਆਪਣੇ ਸਿਆਸੀ ਅਤੇ ਪੁਲਸ  ਲਿੰਕਸ ਦਾ ਇਸਤੇਮਾਲ  ਕਰ ਕੇ ਆਪਣੇ ਕੰਪੀਟੀਟਰਾਂ ਦੀਅਾਂ ਲਾਟਰੀ ਦੀਆਂ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਹਨ ਅਤੇ  ਹੁਣ ਸਾਰੇ ਕੈਂਟ ਹਲਕੇ ਵਿਚ ਖੁਦ ਰਾਜਾ ਬਣ ਕੇ ਸੱਟੇਬਾਜ਼ੀ ਦਾ ਧੰਦਾ ਕਰ ਰਹੇ ਹਨ। ਉਥੇ  ਜਿਨ੍ਹਾਂ ਲਾਟਰੀ ਸਟਾਲਾਂ ਵਿਚ ਸਰਕਾਰੀ ਕੰਪਿਊਟਰ ਲਗਾ ਕੇ ਕਾਨੂੰਨੀ ਤਰੀਕੇ ਨਾਲ ਲਾਟਰੀ  ਪੁਆਈ ਜਾ ਰਹੀ ਸੀ। ਉਨ੍ਹਾਂ  ਨੂੰ ਉਕਤ ਵੱਡੇ ਸੱਟੇਬਾਜ਼ਾਂ ਨੇ ਪੁਲਸ ਜ਼ਰੀਏ ਸੱਟਾ ਲਗਾਉਣ ਦੇ  ਦੋਸ਼ ਵਿਚ ਬੰਦ ਕਰਵਾ ਦਿੱਤਾ ਹੈ ਅਤੇ ਸਰਕਾਰੀ ਮਾਲੀਆ ਬੰਦ ਹੋ ਗਿਆ ਹੈ ਪਰ ਸਾਰਾ ਮਾਲ ਹੁਣ  ਸੱਟੇਬਾਜ਼ਾਂ, ਰਾਜਨੀਤਕਾਂ ਤੇ ਪੁਲਸ ਦੀਆਂ ਜੇਬਾਂ ਵਿਚ ਜਾ ਰਿਹਾ ਹੈ।
ਕਿੱਥੇ-ਕਿੱਥੇ ਖੇਡਿਆ ਜਾ ਰਿਹੈ ਸੱਟਾ
ਜਾਣਕਾਰਾਂ  ਦੀ ਮੰਨੀਏ ਤਾਂ ਕੈਂਟ ਦੇ ਇਕੱਲੇ ਭੂਰਮੰਡੀ ਇਲਾਕੇ ਵਿਚ ਰੋਜ਼ 2 ਤੋਂ 3 ਲੱਖ ਰੁਪਏ ਦਾ  ਸੱਟਾ ਲਾਇਆ ਜਾਂਦਾ ਹੈ। ਉਥੇ ਇਕ ਸਵੀਟ ਸ਼ਾਪ ਤੇ ਕੱਪੜਾ ਕਾਰੋਬਾਰੀ ਰੋਜ਼ਾਨਾ ਲੱਖਾਂ  ਰੁਪਏ ਦੀ ਸੱਟੇ ਦੀ ਪਰਚੀ ’ਤੇ ਇਕੱਠਾ ਕਰਦਾ ਹੈ ਅਤੇ ਲੰਬੇ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ।  ਇੰਨਾ ਹੀ  ਨਹੀਂ  ਕੈਂਟ ਦਾ ਬੱਚਾ-ਬੱਚਾ ਉਸ ਦੇ ਨਾਂ ਤੋਂ ਜਾਣੂ ਹੈ ਪਰ ਪੁਲਸ ਸਭ ਕੁਝ ਜਾਣਦੇ  ਹੋਏ ਸੱਟੇ ਨੂੰ ਰੋਕਣ ਲਈ ਕੋਈ ਸਖਤੀ ਵਰਤਦੀ ਦਿਖਾਈ ਨਹੀਂ ਦੇ ਰਹੀ।
ਇਸ ਸੱਟੇਬਾਜ਼ੀ ਵਿਚ  ਪੂਰਾ ਕੈਂਟ ਇਲਾਕਾ ਗ੍ਰਸਤ ਹੁੰਦਾ ਜਾ ਰਿਹਾ ਹੈ। ਕੈਂਟ ਦੀਆਂ ਕਈ ਕਰਿਆਨਾ ਦੁਕਾਨਾਂ, ਚਾਹ  ਦੀਆਂ ਦੁਕਾਨਾਂ, ਕੱਪੜਾ ਕਾਰੋਬਾਰੀ ਤੇ ਮੋਬਾਇਲ ਦੁਕਾਨਾਂ ’ਤੇ ਸੱਟੇਬਾਜ਼ੀ ਦਾ ਧੰਦਾ  ਧੜੱਲੇ ਨਾਲ ਚੱਲ ਰਿਹਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸੱਟੇ ਨੇ ਆਮ ਲੋਕਾਂ  ਨੂੰ ਇਸ ਕਦਰ ਮਾਇਆਜਾਲ ਵਿਚ ਉਲਝਾਇਆ ਹੋਇਆ ਹੈ ਕਿ ਲੋਕ ਆਪਣੀ ਮਿਹਨਤ ਦੀ ਕਮਾਈ ਇਸ  ਸੱਟੇਬਾਜ਼ੀ ਵਿਚ ਉਜਾੜ ਰਹੇ ਹਨ ਅਤੇ ਬਰਬਾਦ ਹੋ ਰਹੇ ਹਨ। ਜਾਣਕਾਰਾਂ ਦੀ ਮੰਨੀਏ ਤਾਂ  ਇਹ ਸਾਰਾ ਸੱਟੇਬਾਜ਼ੀ ਦਾ ਧੰਦਾ ਕੰਪਿਊਟਰਾਈਜ਼ ਤਰੀਕੇ  ਨਾਲ ਕੀਤਾ ਜਾ ਰਿਹਾ ਹੈ।
 ਸੱਟੇਬਾਜ਼ਾਂ ਨੇ ਆਪਣੇ ਸਪੈਸ਼ਲ ਸਾਫਟਵੇਅਰ ਬਣਾ ਰੱਖੇ ਹਨ ਜਿਸ ਨਾਲ ਲੋਕਾਂ ਨੂੰ  ਕੰਪਿਊਟਰਾਈਜ਼ਡ ਪਰਚੀ ਦਿੱਤੀ ਜਾਂਦੀ ਹੈ ਅਤੇ ਸੱਟਾ ਖਿਡਾਇਆ ਜਾਂਦਾ ਹੈ। ਇੰਨਾ ਹੀ ਨਹੀਂ,  ਜੇਕਰ ਇਨ੍ਹਾਂ ਸੱੱਟੇਬਾਜ਼ਾਂ ਨੇ ਸਰਕਾਰੀ ਲਾਟਰੀ ਖਿਡਾਉਣ ਵਾਲੇ ਨੂੰ ਫਸਾਉਣਾ ਹੁੰਦਾ ਹੈ  ਤਾਂ ਆਪਣੀਆਂ ਕੰਪਿਊਟਰਾਈਜ਼ਡ ਪਰਚੀਆਂ ਉਸ ਦੀ ਦੁਕਾਨ ਦੇ ਆਲੇ-ਦੁਆਲੇ ਅਤੇ ਅੰਦਰ ਸੁੱਟ  ਦਿੱਤੀਆਂ ਜਾਂਦੀਆਂ ਹਨ ਅਤੇ ਬਾਅਦ ਵਿਚ ਖੁਦ ਹੀ ਪੁਲਸ ਦੀ ਛਾਪੇਮਾਰੀ ਕਰਵਾ ਕੇ ਉਸ ਨੂੰ  ਸੱਟੇਬਾਜ਼ੀ ਦੇ ਕੇਸ ਵਿਚ ਫਸਾ ਦਿੱਤਾ ਜਾਂਦਾ ਹੈ। ਮਾਮਲੇ ਬਾਰੇ ਡੀ. ਐੱਸ. ਪੀ. ਕੈਂਟ  ਨਾਲ ਗੱਲ ਕਰਨੀ ਚਾਹੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਸਰਕਾਰੀ ਨੰਬਰ 9592918517 ਪਿਛਲੇ  ਕਈ ਮਹੀਨਿਆਂ ਤੋਂ ਖਰਾਬ ਚੱਲ ਰਿਹਾ ਹੈ। ਅਜਿਹੇ ਵਿਚ ਆਮ ਜਨਤਾ ਨੂੰ ਸੱਟੇਬਾਜ਼ਾਂ ਤੋਂ  ਰਾਹਤ ਮਿਲਣ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ।
ਉਥੇ ਕੈਂਟ ਦੇ ਥਾਣਾ ਮੁਖੀ ਸੁਖਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੈਂਟ ਏਰੀਆ ਵਿਚ ਲਾਟਰੀ ਦੀਆਂ ਦੁਕਾਨਾਂ  ਬੰਦ ਕਰਵਾ ਦਿੱਤੀਆਂ ਹਨ ਅਤੇ ਸੱਟੇਬਾਜ਼ਾਂ ਦੀ ਉਨ੍ਹਾਂ ਕੋਲ ਕੋਈ ਇਨਫਰਮੇਸ਼ਨ ਨਹੀਂ ਹੈ।  ਉਨ੍ਹਾਂ ਕਿਹਾ ਕਿ ਜੇਕਰ ਸੱਟੇ ਦੀ ਕੋਈ ਸੂਚਨਾ ਮਿਲੇਗੀ ਤਾਂ ਉਹ ਕਾਰਵਾਈ ਕਰਨਗੇ।


Related News