ਪਟਿਆਲਾ ''ਚ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਮੁਲਾਜ਼ਮਾਂ ਵੱਲੋਂ ਵਿਸ਼ਾਲ ਰੈਲੀ (ਤਸਵੀਰਾਂ)
Tuesday, Aug 24, 2021 - 02:26 PM (IST)
ਪਟਿਆਲਾ (ਪਰਮੀਤ) : ਸਾਲ 2004 ਤੋਂ ਬੰਦ ਕੀਤੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਅੱਜ ਸੀ. ਪੀ. ਐੱਫ. ਮੁਲਾਜ਼ਮਾਂ ਵੱਲੋਂ ਜ਼ਿਲ੍ਹੇ ਅੰਦਰ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ 'ਚ ਪੰਜਾਬ ਭਰ ਤੋਂ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਰੈਲੀ 'ਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਅਤੇ ਡਾ. ਦਰਸ਼ਨਪਾਲ ਵੀ ਪੁੱਜੇ। ਇਸ ਰੈਲੀ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਪਹੁੰਚੇ ਹੋਏ ਸਨ।
ਰੈਲੀ ਦੌਰਾਨ ਮੁਲਾਜ਼ਮ ਆਗੂਆਂ ਨੇ ਕਾਂਗਰਸ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸਬੰਧ ਵਿਚ ਮੁਲਾਜ਼ਮ ਯੁਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਯੂਨੀਅਨ ਦੀ ਇੱਕੋ ਮੰਗ ਹੈ ਕਿ ਸਾਲ 2004 ਵਿਚ ਬੰਦ ਹੋਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 2017 ਵਿਚ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ, ਪਰ ਸਰਕਾਰ ਬਣਦੇ ਹੀ ਕੈਪਟਨ ਆਪਣਾ ਵਾਅਦਾ ਭੁੱਲ ਗਏ। ਸੁਖਜੀਤ ਸਿੰਘ ਨੇ ਕਿਹਾ ਕਿ ਹੁਣ ਮੁਲਾਜ਼ਮ ਜਾਗ ਗਏ ਹਨ ਤੇ ਆਪਣਾ ਹੱਕ ਲੈ ਕੇ ਹੀ ਰਹਿਣਗੇ।
ਇਹ ਰੈਲੀ ਇਕ ਇਕੱਠ ਤੇ ਇਕਜੁਟਤਾ ਪੱਖੋਂ ਇਤਿਹਾਸ ਹੈ। ਇਹੋ ਨਹੀਂ ਕਾਂਗਰਸ ਪਾਰਟੀ ਸਮੇਤ ਪੂਰੇ ਪੰਜਾਬ ਦੇ ਲਗਭਗ 90 ਤੋਂ ਵੱਧ ਵਿਧਾਇਕ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਚੁੱਕੇ ਹਨ ਤੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੀ ਇਕੋ ਮੰਗ ਦਾ ਸਮਰੱਥਨ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਸਾਲ 2004 ਵਿਚ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਨਵੇਂ ਮੁਲਾਜ਼ਮਾਂ ਲਈ ਐਨ. ਪੀ. ਐਸ. (ਨਿਊ ਪੈਨਸ਼ਨ ਸਕੀਮ) ਲਾਗੂ ਕਰ ਦਿੱਤੀ ਸੀ, ਜੋ ਕਿ ਸ਼ੇਅਰ ਬਾਜ਼ਾਰ 'ਤੇ ਆਧਾਰਿਤ ਹੈ ਤੇ ਮੁਲਾਜ਼ਮਾਂ ਦਾ ਜਮ੍ਹਾਂ ਹੋਇਆ ਸਾਰਾ ਫੰਡ ਸ਼ੇਅਰ ਮਾਰਕਿਟ ਵਿਚ ਇਨਵੈਸਟ ਹੋ ਰਿਹਾ ਹੈ ਤੇ ਐਨ. ਪੀ. ਐਸ. ਨੂੰ ਵਾਪਸ ਕਰਾਉਣ ਲਈ ਮੁਲਾਜ਼ਮ ਸੰਘਰਸ਼ ਕਰ ਰਹੇ ਹਨ।