ਮਹਿਲਾ ਕਾਨਫਰੰਸ ਦੀ ਸਫਲਤਾ ਲਈ ਰੈਲੀ ਕੀਤੀ

Monday, Aug 14, 2017 - 01:22 AM (IST)

ਮਹਿਲਾ ਕਾਨਫਰੰਸ ਦੀ ਸਫਲਤਾ ਲਈ ਰੈਲੀ ਕੀਤੀ

ਭੁੱਚੋ ਮੰਡੀ,   (ਨਾਗਪਾਲ)-  ਨਜ਼ਦੀਕੀ ਪਿੰਡ ਤੁੰਗਵਾਲੀ ਅਤੇ ਪੂਹਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 18 ਅਗਸਤ ਨੂੰ ਪਿੰਡ ਲਹਿਰਾ ਬੇਗਾ ਵਿਖੇ ਕੀਤੀ ਜਾ ਰਹੀ ਮਹਿਲਾ ਕਾਨਫਰੰਸ ਦੀ ਸਫਲਤਾ ਲਈ ਰੈਲੀ ਕੀਤੀ ਗਈ ਅਤੇ ਇਨਕਲਾਬੀ ਕੋਰੀਓਗ੍ਰਾਫੀ ਕਰਵਾਈ ਗਈ। 
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਮਹਿਲਾ ਵਿੰਗ ਦੀ ਜ਼ਿਲਾ ਪ੍ਰਧਾਨ ਹਰਵਿੰਦਰ ਕੌਰ ਬਿੰਦੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਅਜੇ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ 130 ਦਿਨਾਂ ਬਾਅਦ 150 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ। ਮਹਿਲਾ ਆਗੂ ਨੇ ਔਰਤਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਕਰਜ਼ੇ ਦੀ ਇਹ ਲੜਾਈ ਮਰਦ ਇਕੱਲੇ ਨਹੀਂ ਲੜ ਸਕਦੇ। ਇਸ ਲਈ ਸਾਨੂੰ ਉਨ੍ਹਾਂ ਦੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਨਾ ਪੈਣਾ ਹੈ। ਉਨ੍ਹਾਂ 18 ਅਗਸਤ ਨੂੰ ਪਿੰਡ ਲਹਿਰਾ ਬੇਗਾ ਵਿਖੇ ਮਹਿਲਾ ਕਾਨਫਰੰਸ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਰਮਜੀਤ ਕੌਰ ਲਹਿਰਾਖਾਨਾ, ਕਿਸਾਨ ਆਗੂ ਹੁਸ਼ਿਆਰ ਸਿੰਘ, ਸੰਤੋਖ ਸਿੰਘ ਲਹਿਰਾਖਾਨਾ ਨੇ ਵੀ ਸੰਬੋਧਨ ਕੀਤਾ।


Related News