ਰੱਖੜੀ ਦੇ ਤਿਉਹਾਰ ਮੌਕੇ ਮਿੱਠਾ ਜ਼ਹਿਰ? ਫੂਡ ਸੇਫ਼ਟੀ ਵਿਭਾਗ ਦੀ ਕਾਰਗੁਜ਼ਾਰੀ ''ਤੇ ਵੱਡੇ ਸਵਾਲ
Thursday, Aug 20, 2026 - 06:24 PM (IST)
ਜਲਾਲਾਬਾਦ (ਆਦਰਸ਼) : ਰੱਖੜੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਬਾਜ਼ਾਰਾਂ ਵਿਚ ਮਠਿਆਈਆਂ ਦੀ ਮੰਗ ਵਧ ਰਹੀ ਹੈ, ਉੱਥੇ ਹੀ ਜਲਾਲਾਬਾਦ ਵਿਚ ਕਥਿਤ ਤੌਰ 'ਤੇ ਮਿਲਾਵਟੀ ਅਤੇ ਗੈਰ-ਸਫ਼ਾਈ ਵਾਲੇ ਮਾਹੌਲ ਵਿਚ ਮਠਿਆਈਆਂ ਤਿਆਰ ਕੀਤੇ ਜਾਣ ਦੇ ਦੋਸ਼ਾਂ ਨੇ ਫੂਡ ਸੇਫ਼ਟੀ ਵਿਭਾਗ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਸ਼ਹਿਰ ਦੀਆਂ ਕੁੱਝ ਬਸਤੀਆਂ ਵਿਚ ਕਥਿਤ ਤੌਰ 'ਤੇ ਮਠਿਆਈਆਂ ਤਿਆਰ ਕਰਨ ਵਾਲੀਆਂ ਥਾਵਾਂ 'ਤੇ ਸਫ਼ਾਈ ਦੇ ਮਾਪਦੰਡਾਂ ਦੀ ਪਾਲਣਾ ਨਾ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਸਵਾਲ ਇਹ ਹੈ ਕਿ ਜੇਕਰ ਅਜਿਹੀਆਂ ਥਾਵਾਂ 'ਤੇ ਮਠਿਆਈਆਂ ਤਿਆਰ ਹੋ ਰਹੀਆਂ ਹਨ ਤਾਂ ਫੂਡ ਸੇਫ਼ਟੀ ਵਿਭਾਗ ਦੀਆਂ ਟੀਮਾਂ ਦੀ ਨਜ਼ਰ ਇਨ੍ਹਾਂ 'ਤੇ ਕਿਉਂ ਨਹੀਂ ਪੈ ਰਹੀ?
ਤਿਉਹਾਰ ਸਿਰ 'ਤੇ, ਵਿਭਾਗ ਕਿੱਥੇ?
ਰੱਖੜੀ ਵਰਗੇ ਵੱਡੇ ਤਿਉਹਾਰ ਤੋਂ ਪਹਿਲਾਂ ਆਮ ਤੌਰ 'ਤੇ ਮਠਿਆਈਆਂ ਦੀਆਂ ਦੁਕਾਨਾਂ ਅਤੇ ਉਤਪਾਦਨ ਵਾਲੀਆਂ ਥਾਵਾਂ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਸਥਾਨਕ ਲੋਕਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਮਿਲਾਵਟ ਖੋਰਾਂ ਖ਼ਿਲਾਫ਼ ਕਾਰਵਾਈ ਕਰਨ ਵਾਲਾ ਵਿਭਾਗ ਮੈਦਾਨ ਵਿਚ ਕਿੰਨਾ ਸਰਗਰਮ ਹੈ, ਇਸ 'ਤੇ ਹੀ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਵਿਭਾਗ ਵੱਲੋਂ ਸਮੇਂ ਸਿਰ ਚੈਕਿੰਗ ਕੀਤੀ ਜਾਂਦੀ, ਮਠਿਆਈਆਂ ਦੇ ਸੈਂਪਲ ਲਏ ਜਾਂਦੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਰਵਾਈ ਹੁੰਦੀ ਤਾਂ ਲੋਕਾਂ ਵਿਚ ਪੈਦਾ ਹੋ ਰਹੀ ਚਿੰਤਾ ਨੂੰ ਕਾਫ਼ੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਸੀ।
ਭੈਣ ਦੇ ਪਿਆਰ ਦੀ ਮਠਿਆਈ 'ਤੇ ਸਵਾਲ ਕਿਉਂ?
ਰੱਖੜੀ ਮੌਕੇ ਭੈਣਾਂ ਆਪਣੇ ਵੀਰਾਂ ਲਈ ਪਿਆਰ ਨਾਲ ਮਠਿਆਈ ਲੈ ਕੇ ਜਾਂਦੀਆਂ ਹਨ। ਅਜਿਹੇ ਵਿਚ ਜੇਕਰ ਬਾਜ਼ਾਰ ਵਿੱਚ ਵਿਕਣ ਵਾਲੀ ਮਠਿਆਈ ਦੀ ਗੁਣਵੱਤਾ ਹੀ ਸ਼ੱਕ ਦੇ ਘੇਰੇ ਵਿੱਚ ਆ ਜਾਵੇ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ। ਲੋਕਾਂ ਨੇ ਸਿੱਧਾ ਸਵਾਲ ਕੀਤਾ ਹੈ ਕਿ ਫੂਡ ਸੇਫ਼ਟੀ ਵਿਭਾਗ ਤਿਉਹਾਰ ਤੋਂ ਪਹਿਲਾਂ ਵੱਡੇ ਪੱਧਰ 'ਤੇ ਜਾਂਚ ਮੁਹਿੰਮ ਕਿਉਂ ਨਹੀਂ ਚਲਾ ਰਿਹਾ? ਕੀ ਵਿਭਾਗ ਕਿਸੇ ਵੱਡੀ ਕਾਰਵਾਈ ਜਾਂ ਸ਼ਿਕਾਇਤ ਦੀ ਉਡੀਕ ਕਰ ਰਿਹਾ ਹੈ?
ਸਿਰਫ਼ ਸੈਂਪਲ ਲੈਣ ਨਾਲ ਨਹੀਂ, ਕਾਰਵਾਈ ਨਾਲ ਬਣੇਗਾ ਭਰੋਸਾ
ਲੋਕਾਂ ਦੀ ਮੰਗ ਹੈ ਕਿ ਫੂਡ ਸੇਫ਼ਟੀ ਵਿਭਾਗ ਵੱਲੋਂ ਜਲਾਲਾਬਾਦ ਵਿੱਚ ਮਠਿਆਈਆਂ ਬਣਾਉਣ ਵਾਲੀਆਂ ਥਾਵਾਂ, ਦੁਕਾਨਾਂ ਅਤੇ ਸਟੋਰਾਂ ਦੀ ਅਚਨਚੇਤ ਜਾਂਚ ਕੀਤੀ ਜਾਵੇ। ਸਿਰਫ਼ ਕਾਗ਼ਜ਼ੀ ਕਾਰਵਾਈ ਜਾਂ ਰਸਮੀ ਸਪੈਲਿੰਗ ਦੀ ਬਿਜਾਏ ਜੇਕਰ ਕਿਸੇ ਥਾਂ ਮਿਲਾਵਟ ਜਾਂ ਸਫ਼ਾਈ ਸਬੰਧੀ ਗੰਭੀਰ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਫੂਡ ਸੇਫ਼ਟੀ ਵਿਭਾਗ ਲੋਕਾਂ ਦੀ ਇਸ ਚਿੰਤਾ ਨੂੰ ਗੰਭੀਰਤਾ ਨਾਲ ਲੈਂਦਾ ਹੈ ਜਾਂ ਰੱਖੜੀ ਦਾ ਤਿਉਹਾਰ ਲੰਘਣ ਤੋਂ ਬਾਅਦ ਹੀ ਵਿਭਾਗ ਦੀਆਂ ਅੱਖਾਂ ਖੁੱਲ੍ਹਣਗੀਆਂ। ਲੋਕਾਂ ਦਾ ਸਾਫ਼ ਕਹਿਣਾ ਹੈ ਰੱਖੜੀ ਦੀ ਮਠਿਆਈ ਪਿਆਰ ਦੀ ਨਿਸ਼ਾਨੀ ਹੋਵੇ, ਕਿਸੇ ਦੀ ਸਿਹਤ ਨਾਲ ਖਿਲਵਾੜ ਦਾ ਕਾਰਨ ਨਹੀਂ।
ਟੀਮ ਵੱਲੋਂ ਲਗਾਤਾਰ ਮਠਿਆਈਆਂ ਦੀਆਂ ਦੁਕਾਨਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ-ਫੂਡ ਸੇਫ਼ਟੀ ਅਫ਼ਸਰ ਫ਼ਾਜ਼ਿਲਕਾ
ਇਸ ਮਾਮਲੇ ਸਬੰਧੀ ਜ਼ਿਲ੍ਹਾ ਫੂਡ ਸਲੇਟੀ ਅਫ਼ਸਰ ਫ਼ਾਜ਼ਿਲਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਗਾਤਾਰ ਟੀਮ ਵੱਲੋਂ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਜਿਸ ਦੇ 'ਚ ਸਾਫ਼ ਸਫ਼ਾਈ ਅਤੇ ਮਠਿਆਈਆਂ ਦੀ ਗੁਣਵੱਤਾ ਨੂੰ ਕੇ ਸੈਂਪਲ ਭਰੇ ਜਾ ਰਹੇ ਹਨ।
