ਬੁਰਕਾ ਪਾਈ ਅਦਾਲਤ ਪਹੁੰਚੀ ਰਾਖੀ ਸਾਵੰਤ, ਸਮਰਪਣ ਮਗਰੋਂ ਕਰਵਾਈ ਜ਼ਮਾਨਤ
Friday, Jul 07, 2017 - 07:05 AM (IST)
ਲੁਧਿਆਣਾ (ਮੇਹਰਾ) — ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਲੁਧਿਆਣਾ ਦੀ ਅਦਾਲਤ 'ਚ ਆਪਣੇ ਵਿਰੁੱਧ ਚਲ ਰਹੇ ਮਾਮਲੇ 'ਚ ਅੱਜ ਅਚਾਨਕ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਅਦਾਲਤ ਵਿਚ ਪਹੁੰਚ ਗਈ ਅਤੇ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਸਮਰਪਣ ਕਰਨ ਤੇ ਉਸ ਨੂੰ ਜ਼ਮਾਨਤ ਦੇਣ ਦੀ ਅਰਜ਼ੀ ਦਾਖਲ ਕੀਤੀ। ਬੁਰਕਾ ਪਾਈ ਲੋਕਾਂ ਤੇ ਮੀਡੀਆ ਦੀਆਂ ਨਜ਼ਰਾਂ ਤੋਂ ਬਚਦੇ ਹੋਏ ਲਗਭਗ 3 ਵਜੇ ਰਾਖੀ ਸਾਵੰਤ ਜਿਊਡੀਸ਼ੀਅਲ ਮੈਜਿਸਟ੍ਰੇਟ ਵਿਸ਼ਵ ਗੁਪਤਾ ਦੀ ਅਦਾਲਤ ਵਿਚ ਪੇਸ਼ ਹੋਈ ਹਾਲਾਂਕਿ ਮਾਮਲੇ ਦੀ ਸੁਣਵਾਈ 7 ਜੁਲਾਈ ਨੂੰ ਹੋਣੀ ਹੈ ਅਤੇ ਅਦਾਲਤ ਨੇ ਰਾਖੀ ਸਾਵੰਤ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹੋਏ ਹਨ। ਪੁਲਸ ਦੂਸਰੀ ਵਾਰ ਮੁੰਬਈ 'ਚ ਰਾਖੀ ਸਾਵੰਤ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਵੀ ਮਾਰ ਚੁੱਕੀ ਹੈ।
ਅਦਾਲਤ ਨੇ ਅੱਜ ਰਾਖੀ ਸਾਵੰਤ ਨੂੰ ਜ਼ਮਾਨਤ ਦਿੰਦੇ ਹੋਏ ਉਸ ਨੂੰ 1-1 ਲੱਖ ਰੁਪਏ ਦੇ ਜ਼ਮਾਨਤੀ ਬਾਂਡ ਦੀ ਸ਼ਿਓਰਿਟੀ ਭਰਨ ਦੇ ਹੁਕਮ ਦਿੱਤੇ ਜਿਸ 'ਤੇ ਰਾਖੀ ਆਪਣੇ ਵਕੀਲ ਰਾਹੀਂ ਜ਼ਮਾਨਤ ਦੀਆਂ ਸਾਰੀਆਂ ਕਾਰਵਾਈਆਂ ਨੂੰ ਪੂਰਾ ਕਰਨ ਮਗਰੋਂ ਅਦਾਲਤ ਵਿਚ ਆਪਣੀ ਹਾਜ਼ਰੀ ਲਗਾ ਕੇ ਨਿਕਲ ਗਈ। ਜਸਟਿਸ ਵਿਸ਼ਵ ਗੁਪਤਾ ਨੇ ਰਾਖੀ ਨੂੰ ਹੁਕਮ ਦਿੱਤਾ ਕਿ ਉਹ ਕਲ ਕੇਸ਼ ਦੀ ਸੁਣਵਾਈ ਦੌਰਾਨ ਵੀ ਪੇਸ਼ ਹੋਵੇ।
ਵਰਨਣਯੋਗ ਹੈ ਕਿ ਲੁਧਿਆਣਾ ਦੇ ਇਕ ਵਕੀਲ ਨੇ ਰਾਖੀ ਸਾਵੰਤ ਵਿਰੁੱਧ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਮਾਮਲਾ ਦਾਇਰ ਕਰਵਾਇਆ ਹੈ। ਜਿਸ ਵਿਚ ਉਸ ਨੇ ਕਿਹਾ ਕਿ ਇਕ ਟੀ. ਵੀ. ਸ਼ੋਅ ਦੌਰਾਨ ਰਾਖੀ ਸਾਵੰਤ ਨੇ ਭਗਵਾਨ ਸ਼੍ਰੀ ਵਾਲਮੀਕਿ ਜੀ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ, ਜਿਸ 'ਤੇ ਉਸਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਰਾਖੀ ਨੇ ਮੁੰਬਈ ਹਾਈ ਕੋਰਟ 'ਚ ਅਰਜ਼ੀ ਲਗਾ ਕੇ 3 ਹਫਤਿਆਂ ਲਈ ਟਰਾਂਜ਼ਿਟ ਬੇਲ ਹਾਸਲ ਕੀਤੀ ਸੀ ਜਿਸਦੀ ਮਿਆਦ 2 ਮਈ ਨੂੰ ਖਤਮ ਹੋ ਗਈ ਸੀ। ਬੰਬੇ ਹਾਈ ਕੋਰਟ ਨੇ ਰਾਖੀ ਨੂੰ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਹੋਣ ਨੂੰ ਕਿਹਾ ਸੀ ਅਤੇ ਪੰਜਾਬ ਤੇ ਮਹਾਰਾਸ਼ਟਰ ਦੀ ਪੁਲਸ ਨੂੰ ਹੁਕਮ ਦਿੱਤਾ ਸੀ ਕਿ ਉਹ ਇਸ ਦੌਰਾਨ ਉਸ ਨੂੰ ਗ੍ਰਿਫਤਾਰ ਨਾ ਕਰੇ ਅਤੇ ਜੇਕਰ ਫੜੇ ਤਾਂ ਉਸ ਨੂੰ 25000 ਰੁਪਏ ਦੇ ਜ਼ਮਾਨਤੀ ਬਾਂਡ 'ਤੇ ਛੱਡ ਦੇਵੇ। ਅੱਜ ਰਾਖੀ ਸਾਵੰਤ ਅਚਾਨਕ ਅਦਾਲਤ ਵਿਚ ਫਿਲਮੀ ਅੰਦਾਜ਼ ਵਿਚ ਬੁਰਕਾ ਪਾ ਕੇ ਪੇਸ਼ ਹੋ ਗਈ ਅਤੇ ਮੀਡੀਆ ਤੇ ਸ਼ਿਕਾਇਤਕਰਤਾ ਵਕੀਲ ਨੂੰ ਇਸ ਦੀ ਭਿਣਕ ਤਕ ਨਾ ਲੱਗੀ।
