ਪੰਜਾਬ ਦੀਆਂ ਜੇਲ੍ਹਾਂ ''ਚ ਕੈਦੀਆਂ ਤੱਕ ''ਰੱਖੜੀ'' ਪਹੁੰਚਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ
Sunday, Aug 02, 2020 - 12:41 PM (IST)
ਚੰਡੀਗੜ੍ਹ (ਰਮਨਜੀਤ) : ਕੋਵਿਡ-19 ਦੇ ਚੱਲਦਿਆਂ ਰੱਖੜੀ ਦੇ ਤਿਓਹਾਰ ਮੌਕੇ ਜੇਲ੍ਹਾਂ 'ਚ ਬੰਦ ਕੈਦੀਆਂ ਨੂੰ ਰੱਖੜੀਆਂ ਪਹੁੰਚਾਉਣ ਸਬੰਧੀ ਪਰਿਵਾਰਕ ਮੈਂਬਰਾਂ ਦੀ ਸਹੂਲਤ ਲਈ ਜੇਲ੍ਹ ਮਹਿਕਮੇ ਵੱਲੋਂ ਵਿਸਥਾਰ 'ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਤਹਿਤ 3 ਅਗਸਤ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਬਾਹਰੀ ਗੇਟਾਂ ’ਤੇ ਰੱਖੜੀਆਂ ਸਵੇਰੇ 8.30 ਤੋਂ ਸ਼ਾਮ 5 ਵਜੇ ਤੱਕ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਏ. ਡੀ. ਜੀ. ਪੀ. ਜੇਲ੍ਹਾਂ ਪ੍ਰਵੀਨ ਕੁਮਾਰ ਸਿਨਹਾ ਨੇ ਸਾਰੇ ਜੇਲ੍ਹ ਸੁਪਰੀਡੈਂਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰੱਖੜੀ ਦੇ ਤਿਓਹਾਰ ਮੌਕੇ 3 ਅਗਸਤ ਨੂੰ ਕੋਈ ਸਰੀਰਕ ਮੁਲਾਕਾਤ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਭੜਕੇ ਰਵਨੀਤ ਬਿੱਟੂ, ਕੈਪਟਨ ਨੂੰ ਕੀਤੀ ਖ਼ਾਸ ਅਪੀਲ
ਉਨ੍ਹਾਂ ਕਿਹਾ ਕਿ ਰੱਖੜੀਆਂ ਹਾਸਲ ਕਰਨ ਲਈ ਬਾਹਰੀ ਗੇਟਾਂ ’ਤੇ ਪੂਰਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜਾ ਵੀ ਪੈਕੇਟ ਰੱਖੜੀ ਦਾ ਗੇਟ ’ਤੇ ਰੱਖਿਆ ਜਾਵੇ, ਉਹ ਪੂਰੀ ਤਰ੍ਹਾਂ ਬੰਦ ਹੋਵੇ ਅਤੇ ਸੈਨੇਟਾਈਜ਼ ਕਰਨ ਤੋਂ ਬਾਅਦ ਹੀ ਜੇਲ੍ਹ ਅੰਦਰ ਭੇਜਿਆ ਜਾਵੇ। ਏ. ਡੀ. ਜੀ. ਪੀ. ਨੇ ਕਿਹਾ ਕਿ ਸਮਾਜਿਕ ਵਿੱਥ ਦਾ ਪੂਰੀ ਤਰ੍ਹਾਂ ਪਾਲਣ ਕਰਨ ਲਈ ਗੇਟ ਦੇ ਬਾਹਰ ਆਉਣ ਵਾਲੇ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਲਈ ਤੈਅ ਦੂਰੀ ’ਤੇ ਗੋਲ ਚੱਕਰ ਬਣਾ ਦਿੱਤੇ ਜਾਣ। ਰੱਖੜੀ ਦੇ ਪੈਕੇਟ ਉੱਪਰ ਸਬੰਧਤ ਕੈਦੀ ਦੇ ਨਾਂ ਦੀ ਸਲਿੱਪ ਲਗਾਈ ਹੋਵੇ ਅਤੇ ਇਕ ਘੰਟੇ ਦੇ ਅੰਦਰ ਉਸ ਕੈਦੀ ਨੂੰ ਰੱਖੜੀ ਪਹੁੰਚ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਗਰਭਵਤੀ ਪ੍ਰੇਮਿਕਾ ਨੂੰ ਪਹਿਲਾਂ ਮਾਰੀ ਠੋਕਰ, ਫਿਰ ਪੁਲਸ ਦੇ ਡਰੋਂ ਕਰਾਇਆ ਵਿਆਹ ਪਰ ਹੁਣ...
ਉਨ੍ਹਾਂ ਅੱਗੇ ਦੱਸਿਆ ਕਿ ਸੁਰੱਖਿਆ ਅਮਲੇ ਦੇ ਨਾਲ ਇਕ ਅਧਿਕਾਰੀ ਵੀ ਜੇਲ੍ਹ ਦੇ ਬਾਹਰੀ ਗੇਟ ’ਤੇ ਤਾਇਨਾਤ ਕੀਤਾ ਜਾਵੇ, ਜੋ ਰੱਖੜੀ ਦੇ ਪੈਕੇਟ ਦੀ ਚੈਕਿੰਗ ਅਤੇ ਸੈਨੇਟਾਈਜ਼ ਆਦਿ ਦਾ ਪੂਰਾ ਖਿਆਲ ਰੱਖੇ। ਕੋਵਿਡ-19 ਨੇਮਾਂ ਦੀ ਪਾਲਣਾ ਕਰਦਿਆਂ ਜੇਲ੍ਹ ਮੁਲਾਜ਼ਮ ਮਾਸਕ ਅਤੇ ਦਸਤਾਨੇ ਪਹਿਨ ਕੇ ਹੀ ਇਹ ਪੈਕੇਟ ਹਾਸਲ ਕਰਨ। ਏ. ਡੀ. ਜੀ. ਪੀ. ਜੇਲ੍ਹ ਨੇ ਕਿਹਾ ਕਿ ਰੱਖੜੀ ਦੇ ਨਾਲ ਮਠਿਆਈ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਅਤੇ ਹਰੇਕ ਪੈਕੇਟ ਦੇ ਨਾਲ ਸਿਰਫ਼ ਮਿਸ਼ਰੀ ਦਾ ਛੋਟਾ ਪੈਕੇਟ ਭੇਜਿਆ ਜਾ ਸਕਦਾ ਹੈ, ਜਿਸ ਦਾ ਪ੍ਰਬੰਧ ਜੇਲ੍ਹ ਮਹਿਕਮੇ ਵੱਲੋਂ ਬਾਹਰੀ ਗੇਟ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੁੱਲ੍ਹੀਆਂ ਰੱਖੜੀਆਂ ਲਈ ਮਹਿਕਮੇ ਵੱਲੋਂ ਜੇਲ੍ਹ ਦੇ ਬਾਹਰ ਛੋਟੇ ਪੈਕੇਟਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕਾਤਲ ਸੱਸ ਨੇ 'ਨੂੰਹ' ਮਾਰ ਕੇ ਦੱਬੀ ਲਾਸ਼, ਫਿਰ ਪਿੰਜਰ ਨਾਲ ਜੋ ਕੀਤਾ, ਸੁਣ ਖੜ੍ਹੇ ਹੋ ਜਾਣਗੇ ਰੌਂਗਟੇ