ਪਾਰਟੀ ਮੋਦੀ ਦੇ ਨਾਲ, ਭਾਵੇਂ ਚਰਚਾ ਗਡਕਰੀ ’ਤੇ ਹੋਵੇ : ਰਾਜੀਵ ਪ੍ਰਤਾਪ ਰੂਡੀ

01/11/2019 9:04:27 AM

ਲੋਕਸਭਾ ਚੋਣਾਂ, ਜੋ ਇਸ ਸਾਲ ਹੋਣ ਵਾਲੀਆਂ ਹਨ, ਵੱਖ ਕਿਉਂ ਲੱਗ ਰਹੀਆਂ ਹਨ?

ਚੋਣਾਂ ਆਉਂਦਿਆਂ ਹੀ ਸੱਤਾਧਿਰ ਆਪਣੀ ਗੱਲ ਕਹਿੰਦੀ ਹੈ ਅਤੇ ਵਿਰੋਧੀ ਧਿਰ ਆਪਣੀ ਗੱਲ ਕਹਿੰਦੀ ਹੈ। ਦਬਾਅ ਵਧਣ ਲੱਗਦਾ ਹੈ। ਅਸੀਂ  ਦੇਸ਼ ’ਚ ਸਰਕਾਰ ਬਣਾਉਣ ਤੋਂ ਬਾਅਦ ਬਹੁਤ ਕੰਮ ਕੀਤਾ ਅਤੇ ਉਸ ਨੂੰ ਲੈ ਕੇ ਹੀ ਅੱਗੇ ਵਧ ਰਹੇ ਹਾਂ। ਅਜੇ ਤਕ ਸਾਰੀਆਂ ਪਾਰਟੀਆਂ ਮਿਲ ਕੇ ਕਾਂਗਰਸ ਨੂੰ ਹਰਾਉਂਦੀਆਂ ਸਨ। ਪਹਿਲੀ ਵਾਰ ਸਾਰੀਆਂ ਪਾਰਟੀਆਂ ਮਿਲ ਕੇ ਭਾਜਪਾ ਨੂੰ ਹਰਾਉਣ ’ਚ ਲੱਗੀਆਂ ਹਨ। ਸਾਰਿਆਂ ਨੂੰ ਪਤਾ ਹੈ ਕਿ ਜੇ ਇਸ ਵਾਰ ਵੀ ਉਹ ਖੁੰਝ ਗਏ ਤਾਂ ਫਿਰ ਪਤਾ ਨਹੀਂ ਕਦੋਂ ਮੌਕਾ ਮਿਲੇ। ਸਰਕਾਰ ਦੇ ਆਉਣ ਤੋਂ ਬਾਅਦ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਲਾਭ ਤਾਂ ਆਖਰੀ ਵਿਅਕਤੀ ਤਕ ਪਹੁੰਚਿਆ ਵੀ। ਅਸਲ ’ਚ ਕੇਂਦਰ ਦੀਆਂ ਯੋਜਨਾਵਾਂ ਦਾ ਲਾਭ ਹਰੇਕ ਵਿਅਕਤੀ ਤਕ ਪਹੁੰਚਾਉਣਾ ਮੁਸ਼ਕਲ ਕੰਮ ਹੈ। ਸਾਡੀ ਸਰਕਾਰ ਨੇ ਬਹੁਤ ਸਾਰੀਆਂ ਯੋਜਨਾਵਾਂ ਨੂੰ ਸਿੱਧੇ ਵਿਅਕਤੀ ਤਕ ਪਹੁੰਚਾਇਆ। ਉਜਵਲਾ ਯੋਜਨਾ ’ਚ ਸਭ ਤੋਂ ਜ਼ਿਆਦਾ ਵੰਡ ਮੇਰੇ  ਸੰਸਦੀ ਹਲਕੇ ਸਾਰਨ ’ਚ ਹੋਈ। ਹਰ ਜਗ੍ਹਾ ਬਿਜਲੀ ਪਹੁੰਚਾਈ ਗਈ। ਅਜਿਹੀਆਂ ਬਹੁਤ ਸਾਰੀਆਂ ਯੋਜਨਾਵਾਂ ਸਫਲ ਹੋਈਆਂ ਹਨ ਪਰ ਜਿਹੜੀ ਗੇਮਚੇਂਜਰ ਯੋਜਨਾ ਹੈ, ਉਹ ਪੰਜ ਲੱਖ ਰੁਪਏ ਤਕ ਦਾ ਮੁਫਤ ਇਲਾਜ ਹੈ। ਲੋਕਾਂ ਦਾ ਇਲਾਜ ਹੋ ਰਿਹਾ ਹੈ ਤੇ ਉਸ ਦਾ ਖਰਚ ਹਸਪਤਾਲ ਨੂੰ ਸਰਕਾਰ ਵਲੋਂ ਦਿੱਤਾ ਜਾ ਰਿਹਾ ਹੈ। ਇਸ ਨਾਲ ਮਰੀਜ਼ਾਂ ਨੂੰ ਵੱਡੀ ਰਾਹਤ ਮਿਲਦੀ ਹੈ ਅਤੇ ਹਸਪਤਾਲਾਂ ਦੀ ਮਾਲੀ ਹਾਲਤ ਵੀ ਸੁਧਰ ਰਹੀ ਹੈ। 

ਅਮਿਤ ਸ਼ਾਹ ਕਹਿੰਦੇ ਹਨ ਕਿ ਕੇਂਦਰੀ ਯੋਜਨਾਵਾਂ ਦਾ ਲਾਭ 22 ਕਰੋੜ ਲੋਕਾਂ ਤਕ ਪਹੁੰਚਿਆ ਹੈ ਪਰ ਬੀਤੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਖਿਲਾਫ ਰਹੇ।

ਨਤੀਜੇ ਹੈਰਾਨ ਕਰਨ ਵਾਲੇ ਰਹੇ। ਇਸ ’ਚ ਕੋਈ ਦੋ ਰਾਇ ਨਹੀਂ ਹੈ। ਐੱਮ. ਪੀ. ’ਚ 15 ਸਾਲਾਂ ਤੋਂ ਸਰਕਾਰ ਸੀ ਅਤੇ ਕੁਝ ਸੀਟਾਂ ਕਾਰਨ ਅਸੀਂ ਸਰਕਾਰ ਬਣਾਉਣ ਤੋਂ ਰਹਿ ਗਏ। ਰਾਜਸਥਾਨ ’ਚ ਜਿੰਨਾ ਖਰਾਬ ਕਿਹਾ ਜਾ ਰਿਹਾ ਸੀ। ਨਤੀਜੇ ਉਸ ਤੋਂ ਬਹੁਤ ਚੰਗੇ ਰਹੇ। ਕਾਂਗਰਸ  ਦੀ ਜਿੱਤ ਭਾਜਪਾ ਲਈ ਅਲਾਰਮ ਵਾਂਗ ਹੈ। ਸੂਬਿਆਂ ਦੇ ਨਤੀਜਿਆਂ ਨਾਲ ਜੋ ਝਟਕਾ ਲੱਗਾ ਹੈ, ਉਸ ਨਾਲ ਅਸੀਂ ਫਿਰ ਤੋਂ ਇਕਚਿੱਤ ਹੋ ਕੇ ਲੱਗ ਗਏ ਹਾਂ ਪਰ ਜਿਨ੍ਹਾਂ ਸੂਬਿਆਂ ’ਚ ਕਾਂਗਰਸ ਨਾਲ ਸਿੱਧੀ ਟੱਕਰ ਹੈ, ਉਥੇ ਇਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਹਨ। ਬਾਕੀ ਸਥਾਨਾਂ ’ਤੇ ਟੱਕਰ ਵੱਖ-ਵੱਖ ਪਾਰਟੀਆਂ ਨਾਲ ਹੈ। 

ਯੂ.ਪੀ. ਦੀਆਂ ਉਪ ਚੋਣਾਂ ਤੋਂ ਬਾਅਦ ਵੀ ਖਤਰੇ ਦੀ ਘੰਟੀ ਨਹੀਂ ਸੁਣਾਈ ਦਿੱਤੀ ਸੀ। 

ਅਸਲ ’ਚ ਜਿਸ ਤਰ੍ਹਾਂ ਦੇਸ਼ ਦੀ ਜਨਤਾ ਨੇ ਭਾਜਪਾ ਨੂੰ ਭਾਰੀ ਬਹੁਮਤ ਦੇ ਕੇ ਸਰਕਾਰ ’ਚ ਭੇਜਿਆ ਸੀ, ਉਸ ਤਰ੍ਹਾਂ ਦਾ ਜਨ ਸਮਰਥਨ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਰਾਜੀਵ  ਗਾਂਧੀ ਦੀ ਮੌਤ ਤੋਂ ਬਾਅਦ ਉਸ ਤਰ੍ਹਾਂ ਦਾ ਸਮਰਥਨ ਦੇਖਣ ਨੂੰ ਮਿਲਿਆ ਸੀ। ਇਸ ਤਰ੍ਹਾਂ ਦੇ ਜਨ-ਸਮਰਥਨ ਤੋਂ ਬਿਹਤਰ ਜਨ-ਸਮਰਥਨ ਮਿਲੇ ਅਜਿਹਾ ਮੁਸ਼ਕਲ ਹੁੰਦਾ ਹੈ ਪਰ ਪਾਰਟੀ ਪੱਧਰ ’ਤੇ ਹੀ ਤਾਂ ਪਹਿਲਾਂ ਨਾਲੋਂ ਬਿਹਤਰ ਨਤੀਜਿਆਂ ਦੇ ਲਈ ਹੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਪਰ ਵਿਵਹਾਰਕ ਪੱਧਰ ’ਤੇ ਅਜਿਹਾ ਦਾਅਵਾ ਤਰਕ ਸੰਗਤ ਨਹੀਂ ਹੈ, ਫਿਰ ਵੀ ਅਗਲੀਆਂ ਲੋਕਸਭਾ ਚੋਣਾਂ ’ਚ ਭਾਜਪਾ ਦੀਆਂ ਸੀਟਾਂ 2014 ਦੇ ਮੁਕਾਬਲੇ ਇੰਨੀਆਂ ਘੱਟ ਨਹੀਂ ਹੋਣਗੀਆਂ ਕਿ ਸਰਕਾਰ ਨਾ ਬਣਾਈ ਜਾਵੇ। ਵਿਵਹਾਰਕ ਤੌਰ ’ਤੇ ਮੈਨੂੰ ਲੱਗਦਾ ਹੈ ਕਿ 250 ਤੋਂ 260 ਸੀਟਾਂ ਆਸਾਨੀ ਨਾਲ ਆ ਜਾਣਗੀਆਂ ਅਤੇ ਸਿਆਸੀ ਤੌਰ ’ਤੇ ਅਸੀਂ 300 ਸੀਟਾਂ ਦੀ ਉਮੀਦ ਰੱਖ ਕੇ ਚੱਲ ਰਹੇ ਹਾਂ। 

ਕਿਹਾ ਜਾ ਰਿਹਾ ਹੈ ਕਿ ਕਮਜ਼ੋਰ ਸਰਕਾਰ ਬਣੇਗੀ ਅਤੇ ਮਾਇਆਵਤੀ ਕਿੰਗ ਮੇਕਰ ਦੀ ਭੂਮਿਕਾ ’ਚ ਹੋਵੇਗੀ?

ਮੈਂ ਸਹਿਮਤ ਨਹੀਂ ਹਾਂ। ਇਸ ਤਰ੍ਹਾਂ ਦੀਆਂ ਗੱਲਾਂ  ਭਾਜਪਾ ਨੂੰ ਹਰਾਉਣ ਲਈ ਝੂਠ ਦਾ ਸਹਾਰਾ ਲੈ ਕੇ ਫੈਲਾਈਆਂ ਜਾ ਰਹੀਆਂ ਹਨ।

ਸਪਾ-ਬਸਪਾ ਮਿਲ ਕੇ ਮੋਦੀ ਨੂੰ ਪੀ. ਐੱਮ. ਬਣਾਉਣ ਤੋਂ ਰੋਕ ਸਕਦੀ ਹੈ। ਯੂ. ਪੀ. ਤੋਂ 72 ਸੀਟਾਂ ਤਾਂ ਨਹੀਂ ਆਉਣਗੀਆਂ, ਇਸ ਬਾਰੇ ਕੀ ਕਹੋਗੇ?

ਇਸ ਨੂੰ ਸਹੀ ਮੰਨੀਏ ਤਾਂ ਵੀ ਲੋਕਸਭਾ ਚੋਣਾਂ ’ਚ ਸੀਟਾਂ ਜਿੱਤਣ ਦੇ ਮਾਮਲੇ ’ਚ ਭਾਜਪਾ ਨਾਲੋਂ ਵੱਡਾ ਕੋਈ ਦਲ ਨਹੀਂ ਹੋਵੇਗਾ। ਅਸੀਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹਾਂ ਅਤੇ ਰਹਾਂਗੇ ਵੀ।

ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ ’ਚ ਭਾਜਪਾ ਵਿਰੋਧੀ ਮਾਹੌਲ ਹੈ। ਦਿੱਲੀ-ਬਿਹਾਰ ਤੁਸੀਂ ਦੇਖ ਹੀ ਰਹੇ ਹੋ। ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਹਾਰ ਗਏ ਹੋ। ਫਿਰ 250 ਸੀਟਾਂ ਕਿਵੇਂ ਕਹਿ ਰਹੇ ਹੋ?

ਕੇਰਲ, ਕਰਨਾਟਕ, ਓਡਿਸ਼ਾ ਸਾਡੇ ਲਈ ਹਨ ਅਤੇ ਜਿਨ੍ਹਾਂ ਰਾਜਾਂ ’ਚ ਸਾਡੀ ਹਾਰ ਹੋਈ ਹੈ, ਉਨ੍ਹਾਂ ’ਚ ਵੀ ਅਸੀਂ ਪਿਛਲੀ ਵਾਰ ਵਾਂਗ ਹੀ ਸੀਟਾਂ ਜਿੱਤ ਕੇ ਆਵਾਂਗੇ। ਸਰਵੇ ਕਰਵਾ ਕੇ ਦੇਖਿਆ ਜਾ ਸਕਦਾ ਹੈ। ਜਿਸ ਦਿਨ ਤੋਂ ਸਾਰੀਆਂ ਪਾਰਟੀਆਂ ਨੇ ਮਿਲ ਕੇ ਮੋਦੀ ਨੂੰ ਹਰਾਉਣ ਦੀ ਗੱਲ ਕਹੀ ਹੈ, ਉਸੇ ਦਿਨ ਤੋਂ ਸਾਡੀ ਸੀਟਾਂ ਦੀ ਗਿਣਤੀ ਵਧਣ ਲੱਗੀ ਹੈ। 

ਮੱਧ ਪ੍ਰਦੇਸ਼ ਰਾਜਸਥਾਨ ’ਚ ਕੰਮ ਹੋਇਆ ਫਿਰ ਵੀ ਭਾਜਪਾ ਹਾਰ ਗਈ। ਯੂ. ਪੀ. ’ਚ ਵੀ ਯੋਗੀ ਵਿਕਾਸ ਦਾ ਦਾਅਵਾ ਕਰ ਰਹੇ ਹਨ। ਅਜਿਹੇ ’ਚ  ਹਾਰ ਦੇ ਪਿੱਛੇ ਹੀ ਅਤਿ ਵਿਸ਼ਵਾਸ ਕਾਰਨ ਹੈ ਜਾਂ ਕੁਝ ਹੋਰ?

ਦੇਖੋ, 25 ਫੀਸਦੀ ਵੋਟਾਂ ਤਾਂ ਪਾਰਟੀ ਦੀਆਂ ਹੁੰਦੀਆਂ ਹਨ, 25 ਫੀਸਦੀ ਵੋਟਾਂ ਪਾਰਟੀ ਦੇ ਪ੍ਰਬੰਧਨ ਦੀਆਂ ਵੋਟਾਂ ਹੁੰਦੀਆਂ ਹਨ। ਬਾਕੀ 50 ਫੀਸਦੀ ਵੋਟਾਂ ਵੱਖ-ਵੱਖ ਕਾਰਨਾਂ ਤੇ ਸੈਂਟੀਮੈਂਟਸ ਨਾਲ ਹੁੰਦੀਆਂ ਹਨ। ਹਾਰ-ਜਿੱਤ ਇਸ ’ਤੇ ਬਹੁਤ ਜ਼ਿਆਦਾ ਨਿਰਭਰ ਹੁੰਦੀ ਹੈ। 

ਤੁਸੀਂ ਕਹਿ ਰਹੇ ਹੋ ਕਿ ਭਾਜਪਾ ਬਨਾਮ ਬਾਕੀ ਪਾਰਟੀਆਂ ਦੀ ਲੜਾਈ ਹੈ ਪਰ ਆਉਣ ਵਾਲੀਆਂ ਚੋਣਾਂ ਭਾਜਪਾ ਬਨਾਮ ਭਾਜਪਾ ਲੱਗ ਰਹੀਆਂ ਹਨ, ਜਿਸ ’ਚ ਨਿਤਿਨ ਗਡਕਰੀ ਉਭਰ ਕੇ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਨਜ਼ਰ ਆ ਰਹੇ ਹਨ, ਇਸ ਬਾਰੇ ਕੀ ਕਹੋਗੇ?

ਇਹ ਤਾਂ ਬਹੁਤ ਹੀ ਵਧੀਆ ਸਵਾਲ ਕੀਤਾ ਤੁਸੀਂ। ਸਾਡੇ ਲਈ ਲੀਡਰਸ਼ਿਪ ਇਕ ਹੈ, ਆਸਥਾ ਇਕ ਹੈ, ਉਹ ਹੈ ਪੀ. ਐੱਮ. ਮੋਦੀ, ਇਹ ਚੋਣ ਉਨ੍ਹਾਂ ਦੀ ਅਗਵਾਈ ਦੀ ਹੈ, ਇਸ ’ਚ ਡਗਮਗਾਉਣ ਦੀ ਗੁੰਜ਼ਾਇਸ਼ ਹੈ ਹੀ ਨਹੀਂ।

ਤਾਂ ਕੀ ਨਿਤਿਨ ਗਡਕਰੀ ਦਾ ਕੋਈ ਚਾਂਸ ਨਹੀਂ ਹੈ?

ਅਸੀਂ ਅਟਕਲਾਂ ’ਚ ਨਹੀਂ ਜਾਣਾ ਚਾਹੁੰਦੇ। ਅਜਿਹੀਆਂ ਗੱਲਾਂ ਨਾਲ ਅਸੀਂ ਪਾਰਟੀ ਦੀ ਨੀਂਹ ਕਮਜ਼ੋਰ ਨਹੀਂ ਕਰਾਂਗੇ। ਅਸੀਂ 5 ਸਾਲਾਂ ਤੱਕ ਪੀ. ਐੱਮ. ਮੋਦੀ ਦੀ ਅਗਵਾਈ ’ਚ ਕੰਮ ਕੀਤਾ ਹੈ। ਉਹ ਸਾਡੀ ਪੂੰਜੀ ਹਨ, ਪਾਰਟੀ ਤੇ ਵਰਕਰ ਪੂਰੇ ਤੌਰ ’ਤੇ ਮੋਦੀ ਦੇ ਨਾਲ ਹਨ, ਭਾਵੇਂ ਹੀ ਕੁਝ ਲੋਕ ਗਡਕਰੀ ’ਤੇ ਚਰਚਾ ਕਰ ਰਹੇ ਹੋਣ।

ਚੋਣਾਂ ’ਚ ਕੀ ਰਾਫੇਲ ਮੁੱਦਾ ਬਣੇਗਾ?

ਰਾਫੇਲ ਤਾਂ ਮੁੱਦਾ ਹੀ ਨਹੀਂ ਹੈ। ਕਾਂਗਰਸ ਦੋਸ਼ ਲਾ ਰਹੀ ਹੈ ਪਰ ਸਬੂਤ ਨਹੀਂ ਦੇ ਰਹੀ। ਇਸ ਨੂੰ ਦੇਸ਼ ਦੀ ਜਨਤਾ ਦੇਖ ਤੇ ਸਮਝ ਰਹੀ ਹੈ। ਜਿਥੋਂ ਤੱਕ ਅੰਬਾਨੀ ਨੂੰ ਕੰਮ ਦੇਣ ਦੀ ਗੱਲ ਹੈ ਤਾਂ 200 ਕੰਪਨੀਆਂ ਨੂੰ ਕੰਮ ਮਿਲਿਆ ਹੈ। ਸਿਰਫ ਅੰਬਾਨੀ ਨੂੰ ਕੰਮ ਮਿਲਦਾ ਹੁੰਦਾ ਤਾਂ ਸਵਾਲ ਉਠਾਇਆ ਜਾ ਸਕਦਾ ਸੀ। ਜਿਸ ਨੂੰ ਕੰਮ ਮਿਲਿਆ ਹੈ, ਨਿਯਮ ਪੂਰਾ ਕਰਨ ਤੋਂ ਬਾਅਦ ਮਿਲਿਆ ਹੈ। 80 ਫੀਸਦੀ ਲੋਕ ਕਾਂਗਰਸ ਦੇ ਦੋਸ਼ ’ਤੇ ਭਰੋਸਾ ਨਹੀਂ ਕਰਦੇ।

ਮੇਕ ਇਨ ਇੰਡੀਆ ਦੀ ਗੱਲ ਕਰਦੇ ਹੋ ਤੇ ਏਅਰ ਕ੍ਰਾਫਟ ਬਾਹਰੋਂ ਲਿਆ ਰਹੇ ਹੋ?

ਇਸ ਤਕਨੀਕ ’ਚ ਅਸੀਂ ਬਹੁਤ ਸਮਰਥ ਨਹੀਂ ਹਾਂ। ਇਸ ਕਾਰਨ ਇਸ ਨੂੰ ਬਾਹਰੋਂ ਲੈਣਾ ਪੈ ਰਿਹਾ ਹੈ। ਆਈ. ਟੀ. ’ਚ ਅਸੀਂ ਬਹੁਤ ਅੱਗੇ ਹਾਂ ਤਾਂ ਇਸ ਲਈ ਅਸੀਂ ਬਹੁਤ ਕੰਮ ਕਰ ਰਹੇ ਹਾਂ।

ਕਾਂਗਰਸ ਦਾ ਦੋਸ਼ ਹੈ ਕਿ ਭਾਜਪਾ ਪ੍ਰੋਪੇਗੰਡਾ ਫਿਲਮਾਂ ਐਨ ਚੋਣਾਂ ਤੋਂ ਪਹਿਲਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ?

ਫਿਲਮਾਂ ਬਣਾਉਣ ਜਾਂ ਕਿਤਾਬ ਲਿਖਣ ’ਤੇ ਰੋਕ ਤਾਂ ਹੈ ਨਹੀਂ। ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ, ਉਨ੍ਹਾਂ ਲੋਕਾਂ ਨੇ ਤਾਂ ‘ਕਿੱਸਾ ਕੁਰਸੀ ਕਾ’ ਤੇ ‘ਆਂਧੀ’ ਵਰਗੀਆਂ ਫਿਲਮਾਂ ਦੇ ਪ੍ਰਿੰਟ ਚੁਕਵਾ ਲਏ ਸਨ। ਇਸ ਤੋਂ ਇਲਾਵਾ ਹੋਰ ਫਿਲਮਾਂ ਨੂੰ ਵੀ ਰੋਕਿਆ ਗਿਆ।

2014 ’ਚ 65 ਫੀਸਦੀ ਨੌਜਵਾਨਾਂ ਨੇ ਮੋਦੀ ਨੂੰ ਰੋਜ਼ਗਾਰ ਦੇ ਨਾਂ ’ਤੇ ਵੋਟ ਦਿੱਤੇ ਸਨ ਪਰ ਇਹ ਵਰਗ ਬੇਰੋਜ਼ਗਾਰੀ ਝੱਲ ਰਿਹਾ ਹੈ। ਕੀ ਨੌਜਵਾਨਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ?

ਬੇਰੋਜ਼ਗਾਰੀ ਦਾ ਮੁੱਦ ਬਹੁਤ ਵਿਵਾਦਗ੍ਰਸਤ ਹੈ। ਜੋ ਵੀ ਊਰਜਾ ਨੌਜਵਾਨਾਂ ’ਚ ਭਰੀ ਹੈ, ਉਹ ਪੂਰੀ ਤਰ੍ਹ੍ਹਾਂ ਨਾਲ ਮੋਦੀ ਦੇ ਨਾਲ ਹੈ। ਕਾਂਗਰਸ ਵੱਲ ਉਸ ਦਾ ਝੁਕਾਅ ਨਹੀਂ ਹੈ। ਉਹ ਮੋਦੀ ਨੂੰ ਦੇਸ਼ ਹੀ ਨਹੀਂ ਕੌਮਾਂਤਰੀ ਪੱਧਰ ’ਤੇ ਦੇਖਦਾ ਹੈ।

ਬਿਹਾਰ ’ਚ ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਹੈ, ਕੀ ਕਹੋਗੇ?

ਬਿਹਾਰ ਦਾ ਨਕਸ਼ਾ ਬਦਲ ਚੁੱਕਾ ਹੈ। ਵਿਕਾਸ ਦਾ ਕੰਮ ਖੂਬ ਹੋਇਆ ਹੈ। ਜਿਥੋਂ ਤੱਕ ਗੱਲ ਕਾਨੂੰਨ ਵਿਵਸਥਾ ਦੀ ਹੈ ਤਾਂ ਬਹੁਤ ਵੱਡੀ ਆਬਾਦੀ ਨੂੰ ਕੰਟਰੋਲ ਕਰਨਾ ਮੁਸ਼ਕਲ ਹੁੰਦਾ ਹੈ। ਹਾਂ, ਆਪਸੀ ਰੰਜਿਸ਼ ਦੇ ਮਾਮਲੇ ’ਚ ਹੱਤਿਆ ਆਦਿ ਦੀਆਂ ਘਟਨਾਵਾਂ ਹੋ ਰਹੀਆਂ ਹਨ। ਮਾਫੀਆ ਰਾਜ ਜਿਵੇਂ ਪਹਿਲਾਂ ਸੀ, ਉਸ ਤਰ੍ਹਾਂ ਦਾ ਨਹੀਂ ਹੈ। ਸੀ. ਐੱਮ. ਨਿਤੀਸ਼ ਕੁਮਾਰ ਕੰਮ ਕਰ ਰਹੇ ਹਨ।

ਕਹਿੰਦੇ ਹਨ ਪਾਸਵਾਨ ਜੀ ਜਿੱਧਰ ਜਾਂਦੇ ਹਨ ਹਵਾ ਉਸੇ ਪਾਸੇ ਚੱਲਦੀ ਹੈ, ਅਜੇ ਤਾਂ ਨਾਰਾਜ਼ ਸੀ?

ਅਜਿਹਾ ਨਹੀਂ ਹੈ, ਉਹ ਸਾਡੇ ਨਾਲ ਹੀ ਹਨ ਤੇ ਰਹਿਣਗੇ। ਚੋਣਾਂ ਤੋਂ ਪਹਿਲਾਂ ਗਠਜੋੜ ਦੇ ਦਲ ਥੋੜ੍ਹੀ-ਬਹੁਤ ਆਪਣੀ ਗੱਲ ਰੱਖਣ ਲਈ ਅਜਿਹਾ ਕਰਦੇ ਹਨ ਪਰ ਸਾਰੇ ਨਾਲ ਹਨ।

ਚੋਣਾਂ ’ਚ ਤੁਹਾਡਾ ਮੁੱਦਾ ਮੰਦਰ ਹੋਵੇਗਾ ਜਾਂ ਆਰਥਿਕ ਸਥਿਤੀ

ਮੰਦਰ ਮੁੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਹੀ ਸਾਫ ਕਹਿ ਦਿੱਤਾ ਹੈ ਕਿ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਕੋਈ ਦਖਲਅੰਦਾਜ਼ੀ ਮੰਦਰ ਦੇ ਮੁੱਦੇ ’ਤੇ ਨਹੀਂ ਕੀਤੀ ਜਾਵੇਗੀ। ਜਿਥੋਂ ਤੱਕ ਗੱਲ ਰਹੀ ਪਹਿਲ ਦੀ ਤਾਂ ਵਿਕਾਸ, ਗਰੀਬ ਤੇ ਆਰਥਿਕ ਸੁਧਾਰ ਹੀ ਹੈ। ਆਰਥਿਕ ਸੁਧਾਰ ਲਈ ਜੋ ਕੰਮ ਅਸੀਂ ਕੀਤੇ ਹਨ, ਉਸ ਨਾਲ ਸੁਧਾਰ ਵੀ ਹੋਇਆ ਹੈ, ਇਹ ਖੁਦ ਵਪਾਰੀ ਮੰਨਦੇ ਹਨ ਭਾਵੇਂ ਨੁਕਸਾਨ ਹੋਇਆ ਹੈ ਪਰ ਜੋ ਕੰਮ ਹੋਏ ਹਨ, ਉਹ ਬਹੁਤ ਚੰਗੇ ਹਨ। ਪਿਛਲੇ ਇਕ ਮਹੀਨੇ ’ਚ ਸਥਿਤੀ ਬਹੁਤ ਸੁਧਰੀ ਹੈ।

ਮੇਰਾ ਸਵਾਲ ਫਿਰ ਉਹੀ ਹੈ ਕਿ ਮਾਰਚ ’ਚ ਚੋਣ ਜ਼ਾਬਤਾ ਲੱਗ ਜਾਵੇਗਾ। ਭਾਜਪਾ ਦੀ ਪਹਿਲ ਕੀ ਹੋਵੇਗੀ ਮੰਦਰ ਜਾਂ ਇਕਾਨਮੀ?

ਮੰਦਰ ਦੇ ਪ੍ਰਤੀ ਸਾਡੀ ਆਸਥਾ ਤਾਂ ਹੈ ਹੀ। ਇਸ ਮੁੱਦੇ ਨੂੰ ਤਾਂ ਅਸੀਂ ਛੱਡ ਨਹੀਂ ਸਕਦੇ ਪਰ ਕਿਉਂਕਿ ਮਾਮਲਾ ਅਦਾਲਤ ’ਚ ਹੈ ਤਾਂ ਅਸੀਂ ਉਸ ਦਾ ਇੰਤਜ਼ਾਰ ਕਰ ਰਹੇ ਹਾਂ। ਹੁਣ ਤਾਂ ਮੁੱਦਾ ਵਿਕਾਸ ਦੇ ਉਹ ਕੰਮ ਹਨ, ਜੋ ਅਸੀਂ ਕੀਤੇ ਹਨ। ਇਨ੍ਹਾਂ ਕੰਮਾਂ ਨੂੰ ਹੀ ਜਨਤਾ ਦੇ ਸਾਹਮਣੇ ਰੱਖਣਾ ਹੈ। 

 


Related News