election diary: ...ਜਦੋਂ ਸਹੁੰ ਤੋਂ ਪਹਿਲਾਂ ਰਾਜੀਵ ਗਾਂਧੀ ਨੇ ਪੁੱਛਿਆ, ''ਕੀ ਮੈਂ ਇਹ ਕਰ ਸਕਾਂਗਾ?''

Sunday, Mar 24, 2019 - 10:49 AM (IST)

election diary: ...ਜਦੋਂ ਸਹੁੰ ਤੋਂ ਪਹਿਲਾਂ ਰਾਜੀਵ ਗਾਂਧੀ ਨੇ ਪੁੱਛਿਆ, ''ਕੀ ਮੈਂ ਇਹ ਕਰ ਸਕਾਂਗਾ?''

ਜਲੰਧਰ (ਨਰੇਸ਼ ਕੁਮਾਰ)— ਦੇਸ਼ ਦੇ ਤੀਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਦੇਹਾਂਤ ਤੋਂ ਬਾਅਦ ਇੰਦਰਾ ਦੇ ਸਾਹਮਣੇ ਪ੍ਰਧਾਨ ਮੰਤਰੀ ਬਣਨ ਲਈ ਤਾਂ ਕਾਂਗਰਸ ਦੇ ਨੇਤਾਵਾਂ ਨਾਲ ਸਿਆਸੀ ਸੰਘਰਸ਼ ਦੀ ਚੁਣੌਤੀ ਸੀ ਪਰ ਉਨ੍ਹਾਂ ਦੇ ਬੇਟੇ ਰਾਜੀਵ ਗਾਂਧੀ ਨੂੰ ਇਹ ਅਹੁਦਾ ਉਸ ਸਮੇਂ ਹਾਸਲ ਹੋਇਆ, ਜਦੋਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਅਤੇ ਕੁਝ ਘੰਟਿਆਂ ਦੇ ਅੰਦਰ ਹੀ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਕਿਤਾਬ 'ਦਿ ਟਰਬੁਲੈਂਟ ਈਅਰਸ 1980-1996' ਵਿਚ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੇ ਘਟਨਾਕ੍ਰਮ ਦਾ ਜ਼ਿਕਰ ਕੀਤਾ ਹੈ। 

31 ਅਕਤੂਬਰ 1984 ਨੂੰ ਜਿਸ ਸਮੇਂ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸੁਰੱਖਿਆ ਗਾਰਡਾਂ  ਨੇ ਗੋਲੀ ਮਾਰ ਕੇ ਹੱਤਿਆ ਕੀਤੀ, ਉਸ ਸਮੇਂ ਰਾਜੀਵ ਗਾਂਧੀ ਪੱਛਮੀ ਬੰਗਾਲ ਦੇ ਦੌਰੇ 'ਤੇ ਸਨ ਅਤੇ ਕਾਂਥੀ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਉਸ ਸਮੇਂ ਪ੍ਰਣਬ ਮੁਖਰਜੀ ਵੀ ਉਨ੍ਹਾਂ ਨਾਲ ਸਨ ਅਤੇ ਉਨ੍ਹਾਂ ਨੂੰ ਪੁਲਸ ਵਾਇਰਲੈਸ ਤੋਂ ਇੰਦਰਾ ਗਾਂਧੀ ਦੀ ਹੱਤਿਆ ਦਾ ਸੰਦੇਸ਼ ਮਿਲਿਆ ਅਤੇ ਉਨ੍ਹਾਂ ਨੂੰ ਤੁਰੰਤ ਦਿੱਲੀ ਪਰਤਣ ਨੂੰ ਕਿਹਾ ਗਿਆ। ਪ੍ਰਣਬ ਨੇ ਇਹ ਸੰਦੇਸ਼ ਤੁਰੰਤ ਮੰਚ 'ਤੇ ਭਾਸ਼ਣ ਦੇ ਰਹੇ ਰਾਜੀਵ ਗਾਂਧੀ ਤਕ ਪਹੁੰਚਾਇਆ ਅਤੇ ਉਨ੍ਹਾਂ ਨੂੰ ਆਪਣਾ ਭਾਸ਼ਣ ਜਲਦੀ ਖਤਮ ਕਰਨ ਲਈ ਕਿਹਾ। ਉਸ ਸਮੇਂ ਰਾਜੀਵ ਗਾਂਧੀ ਗਨੀ ਖਾਨ ਚੌਧਰੀ ਦੀ ਕਾਰ 'ਚ ਸਵਾਰ ਹੋਏ ਅਤੇ ਇਸ ਤੋਂ ਬਾਅਦ ਕਾਲਾਘਾਟ ਦੇ ਥਰਮਲ ਪਾਵਰ ਪਲਾਂਟ 'ਤੇ ਬਣੇ ਹੈਲੀਪੈਡ ਜ਼ਰੀਏ ਹੈਲੀਕਾਪਟਰ ਵਿਚ ਸਵਾਰ ਹੋ ਕੇ ਕਲਕੱਤਾ ਦੇ ਏਅਰਫੋਰਸ ਸਟੇਸ਼ਨ ਪਹੁੰਚੇ। ਇੱਥੋਂ ਇੰਡੀਅਨ ਏਅਰਲਾਈਨਜ਼ ਦੇ ਵਿਸ਼ੇਸ਼ ਜਹਾਜ਼ ਵਿਚ ਸਵਾਰ ਹੋ ਕੇ ਦਿੱਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਪੱਛਮੀ ਬੰਗਾਲ ਦੇ ਰਾਜਪਾਲ ਉਮਾਸ਼ੰਕਰ ਦੀਕਸ਼ਿਤ ਅਤੇ ਉਨ੍ਹਾਂ ਦੇ ਨੂੰਹ ਸ਼ੀਲਾ ਦੀਕਸ਼ਿਤ, ਲੋਕ ਸਭਾ ਦੇ ਸਪੀਕਰ ਬਲਰਾਮ ਜਾਖੜ, ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼ਯਨਲਾਲ ਯਾਦਵ ਵੀ ਸਨ। 

ਇਸ ਤੋਂ ਪਹਿਲਾਂ 2 ਪ੍ਰਧਾਨ ਮੰਤਰੀਆਂ ਜਵਾਹਰਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਦੇਹਾਂਤ ਤੋਂ ਬਾਅਦ ਅੰਤਰਿਮ ਪ੍ਰਧਾਨ ਮੰਤਰੀ ਦੇ ਰੂਪ ਵਿਚ ਗੁਲਜ਼ਾਰੀ ਲਾਲ ਨੰਦਾ ਨੂੰ ਸਹੁੰ ਚੁਕਾਈ ਗਈ ਸੀ। ਇੰਦਰਾ ਗਾਂਧੀ ਦੀ ਮੌਤ ਅਸਾਧਾਰਨ ਘਟਨਾ ਸੀ ਅਤੇ ਉਨ੍ਹਾਂ ਦੀ ਮੌਤ ਦੇ ਤੁਰੰਤ ਬਾਅਦ ਨਵੇਂ ਪ੍ਰਧਾਨ ਮੰਤਰੀ ਦੀ ਸਹੁੰ ਨਵੇਂ ਸਿਆਸੀ ਰੂਪ ਨਾਲ ਜ਼ਰੂਰੀ ਹੋ ਗਈ ਸੀ। ਪ੍ਰਣਬ ਮੁਖਰਜੀ ਉਸ ਸਮੇਂ ਰਾਜੀਵ ਗਾਂਧੀ ਨੂੰ ਜਹਾਜ਼ ਦੇ ਪਿਛਲੇ ਹਿੱਸੇ ਵਿਚ ਲੈ ਕੇ ਗਏ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੀ ਗੱਲ ਕਹੀ। ਇਹ ਗੱਲ ਸੁਣ ਕੇ ਰਾਜੀਵ ਗਾਂਧੀ ਨੇ ਕਿਹਾ ਸੀ, ''ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਇਹ ਕਰ ਸਕਾਂਗਾ।'' ਤਾਂ ਪ੍ਰਣਬ ਮੁਖਰਜੀ ਨੇ ਜਵਾਬ ਦਿੱਤਾ ਕਿ ਅਸੀਂ ਸਾਰੇ ਤੁਹਾਡੀ ਮਦਦ ਕਰਾਂਗੇ।


author

Tanu

Content Editor

Related News