ਭੱਠਲ ਦੇ ਬਿਆਨ ਤੋਂ ਕਾਂਗਰਸੀ ਹੈਰਾਨ, ਲੀਡਰਾਂ ਸਣੇ ਹਾਈਕਮਾਨ ਨੇ ਵੀ ਕੀਤਾ ਕਿਨਾਰਾ

Monday, Mar 07, 2022 - 10:39 PM (IST)

ਭੱਠਲ ਦੇ ਬਿਆਨ ਤੋਂ ਕਾਂਗਰਸੀ ਹੈਰਾਨ, ਲੀਡਰਾਂ ਸਣੇ ਹਾਈਕਮਾਨ ਨੇ ਵੀ ਕੀਤਾ ਕਿਨਾਰਾ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਅਤੇ ਲਹਿਰਾਗਾਗਾ ਤੋਂ ਕਾਂਗਰਸੀ ਉਮੀਦਵਾਰ ਰਜਿੰਦਰ ਕੌਰ ਭੱਠਲ ਦੇ ਉਸ ਬਿਆਨ ਤੋਂ ਕਾਂਗਰਸ ਵਿਚ ਹੜਕੰਪ ਮਚ ਗਿਆ ਹੈ, ਜਿਸ ਵਿਚ ਉਨ੍ਹਾਂ ਆਖਿਆ ਸੀ ਕਿ ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਹੋ ਸਕਦਾ ਹੈ। ਭੱਠਲ ਦੇ ਇਸ ਬਿਆਨ ਤੋਂ ਨਾ ਸਿਰਫ ਕਾਂਗਰਸ ਆਗੂਆਂ ਸਗੋਂ ਹਾਈਕਮਾਨ ਨੇ ਵੀ ਕਿਨਾਰਾ ਕਰ ਲਿਆ ਹੈ। ਕਾਂਗਰਸ ਦਾ ਆਖਣਾ ਹੈ ਕਿ ਇਹ ਭੱਠਲ ਦਾ ਨਿੱਜੀ ਵਿਚਾਰ ਹੈ, ਜਦਕਿ ਹਾਈਕਮਾਨ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਾਰਟੀ ਦੇ ਫ਼ੈਸਲੇ ਲੈਣ ਦਾ ਉਨ੍ਹਾਂ ਨੂੰ ਕੋਈ ਹੱਕ ਨਹੀਂ ਹੈ। ਪੰਜਾਬ ਕਾਂਗਰਸ ਦੇ ਆਗੂਆਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਹੋਈ ਗਲਤੀ ਨੂੰ ਪੰਜਾਬ ਵਿਚ ਪਾਰਟੀ ਦੁਹਰਾਉਣਾ ਨਹੀਂ ਚਾਹੇਗੀ । ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਭੱਠਲ ਪਿਛਲੇ ਪੰਜ ਸਾਲ ਤੋਂ ਸਰਗਰਮ ਸਿਆਸਤ ਤੋਂ ਦੂਰ ਹਨ।

ਇਹ ਵੀ ਪੜ੍ਹੋ : ਪੰਜਾਬ ਚੋਣਾਂ ’ਚ 50 ਲੱਖ ਨੌਜਵਾਨ ਵੋਟਰ ਬਣਨਗੇ ਗੇਮ ਚੇਂਜਰ, 5 ਸਿਆਸੀ ਪਾਰਟੀਆਂ ਨੂੰ ਝੱਲਣੀ ਪੈ ਸਕਦੀ ਹੈ ‘ਨਮੋਸ਼ੀ’

ਉਧਰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੀ ਉਨ੍ਹਾਂ ਦੇ ਬਿਆਨ ’ਤੇ ਹੈਰਾਨਗੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਨੂੰ ਲੈ ਕੇ ਦਿੱਤਾ ਬਿਆਨ ਉਨ੍ਹਾਂ ਦਾ ਨਿੱਜੀ ਬਿਆਨ ਹੋ ਸਕਦਾ ਹੈ ਜਦਕਿ  ਪਾਰਟੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਬਹੁਮਤ ਨਾਲ ਪੰਜਾਬ ਵਿਚ ਵਾਪਸੀ ਕਰ ਰਹੀ ਹੈ, 10 ਮਾਰਚ ਨੂੰ ਗਿਣਤੀ ਦੌਰਾਨ ਇਸ ਦਾ ਪਤਾ ਲੱਗ ਜਾਵੇਗਾ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ : ਇਕ ਧਿਰ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੀ ਚਰਚਾ, ਨਵੇਂ ਸਿਆਸੀ ਹਾਲਾਤ ਦੀ ਹੋਵੇਗੀ ਆਮਦ !

ਇਥੇ ਇਹ ਵੀ ਦੱਸਣਯੋਗ ਹੈ ਕਿ 2013 ਦੀਆਂ ਚੋਣਾਂ ਦੌਰਾਨ ਕਾਂਗਰਸ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਕੇ ਦਿੱਲੀ ਵਿਚ ‘ਆਪ’ ਦੀ ਸਰਕਾਰ ਬਣਵਾਈ ਸੀ। ਹਾਲਾਂਕਿ ਦੋਵਾਂ ਦਾ ਇਹ ਸਾਥ ਜ਼ਿਆਦਾ ਸਮੇਂ ਤਕ ਨਹੀਂ ਚੱਲ ਸਕਿਆ ਸੀ। ਹੁਣ ਦਿੱਲੀ ਵਿਚ ਪਾਰਟੀ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ। ਪੰਜਾਬ ਵਿਚ ਅਜਿਹੇ ਹਾਲਾਤ ਨਾ ਹੋਣ ਇਸ ਨੂੰ ਲੈ ਕੇ ਕਾਂਗਰਸ ਵਿਚ ਗਠਜੋੜ ਨੂੰ ਲੈ ਕੇ ਖੂਬ ਖ਼ਿਲਾਫਤ ਹੋ ਰਹੀ ਹੈ। ‘ਆਪ’ ਨਾਲ ਗਠਜੋੜ ਤੋਂ ਬਾਅਦ ਦਿੱਲੀ ਵਿਚ ਕਾਂਗਰਸ ਲਗਾਤਾਰ ਹਾਰ ਦਾ ਮੂੰਹ ਦੇਖ ਰਹੀ ਹੈ। 2015 ਅਤੇ 2020 ਵਿਚ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਖਾਤਾ ਤਕ ਨਹੀਂ ਖੁੱਲ੍ਹ ਸਕਿਆ ਜਦਕਿ 2013 ਵਿਚ 28 ਸੀਟਾਂ ਤੋਂ ਸ਼ੁਰੂ ਹੋ ਕੇ ‘ਆਪ’ 67 ਅਤੇ ਉਸ ਤੋਂ ਬਾਅਦ 62 ਸੀਟਾਂ ਤੱਕ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ : ਪੁਲਸ ਨੇ ਨਾਕੇ ’ਤੇ ਰੋਕੀ ਐਂਬੂਲੈਂਸ, ਜਦੋਂ ਤਲਾਸ਼ੀ ਲਈ ਤਾਂ ਸਾਹਮਣੇ ਆਇਆ ਕਾਲਾ ਕਾਰਨਾਮਾ

ਕੀ ਕਿਹਾ ਸੀ ਬੀਬੀ ਰਜਿੰਦਰ ਕੌਰ ਭੱਠਲ ਨੇ
ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਸੀ ਕਿ ਜੇ ਕਿਸੇ ਕਾਰਣ ਕਾਂਗਰਸ ਬਹੁਮਤ ਤੋਂ ਖੁੰਝ ਜਾਂਦੀ ਹੈ ਅਤੇ ਕਿਸੇ ਹੋਰ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਦੋਬਾਰਾ ਚੋਣਾਂ ਦੀ ਬਜਾਏ ਕਾਂਗਰਸ ਵਲੋਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਬਹੁਮਤ ਨਹੀਂ ਮਿਲਣ ’ਤੇ ਜਿਸ ਪਾਰਟੀ ਕੋਲ ਜ਼ਿਆਦਾ ਸੀਟਾਂ ਹੋਣਗੀਆਂ, ਉਹ ਵੀ ਸਰਕਾਰ ਬਨਾਉਣ ਦਾਅਵਾ ਪੇਸ਼ ਕਰੇਗੀ ਅਤੇ ਮੁੱਖ ਮੰਤਰੀ ਵੀ ਜ਼ਿਆਦਾ ਸੀਟਾਂ ਵਾਲੀ ਪਾਰਟੀ ਦਾ ਹੀ ਹੋਵੇਗਾ।

ਇਹ ਵੀ ਪੜ੍ਹੋ : ਪਠਾਨਕੋਟ ’ਚ ਸ਼ਰੇਆਮ ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਮਾਰੇ ਲਲਕਾਰੇ, ਵੀਡੀਓ ’ਚ ਦੇਖੋ ਖ਼ੌਫਨਾਕ ਵਾਰਦਾਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News