ਹੋਟਲ ਦੇ ਬਾਥਰੂਮਾਂ ''ਚ ਸ੍ਰੀ ਹਰਮਿੰਦਰ ਸਾਹਿਬ ਦੀਆਂ ਫੋਟੋਆਂ ਲੱਗਣ ''ਤੇ ਸਿੱਖ ਸੰਗਤ ਨੇ ਲਿਆ ਸਖਤ ਨੋਟਿਸ

Friday, Sep 06, 2019 - 12:50 PM (IST)

ਹੋਟਲ ਦੇ ਬਾਥਰੂਮਾਂ ''ਚ ਸ੍ਰੀ ਹਰਮਿੰਦਰ ਸਾਹਿਬ ਦੀਆਂ ਫੋਟੋਆਂ ਲੱਗਣ ''ਤੇ ਸਿੱਖ ਸੰਗਤ ਨੇ ਲਿਆ ਸਖਤ ਨੋਟਿਸ

ਰਾਜਾਸਾਂਸੀ (ਰਾਜਵਿੰਦਰ) : ਕਸਬੇ 'ਚ ਬਣ ਰਹੇ 7 ਤਾਰਾ ਹੋਟਲ ਦੇ ਹੋ ਰਹੇ ਨਿਰਮਾਣ ਨੂੰ ਸੁੰਦਰ ਦਿੱਖ ਦੇਣ ਲਈ ਨਾਮਵਰ ਕੰਪਨੀ ਆਈ. ਟੀ. ਸੀ. ਵਲੋਂ ਬਾਥਰੂਮਾਂ 'ਚ ਸ੍ਰੀ ਹਰਮਿੰਦਰ ਸਾਹਿਬ ਦੀਆਂ ਫੋਟੋਆਂ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਸਿੱਖ ਸੰਗਤ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਭਾਈ ਰਘੁਬੀਰ ਸਿੰਘ, 'ਕਰ ਭਲਾ, ਹੋਵੇ ਭਲਾ' ਸੇਵਾ ਸੋਸਾਇਟੀ ਦੇ ਆਗੂ ਭਾਈ ਨਰਿੰਦਰ ਸਿੰਘ ਰਾਜਾਸਾਂਸੀ, ਸਮਾਜ ਸੇਵਕ ਜਸਪਾਲ ਸਿੰਘ ਭੱਟੀ, ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਦੇ ਚੇਅਰਮੈਨ ਗਿ. ਸਵਿੰਦਰ ਸਿੰਘ, ਪਰਮਪਾਲ ਸਿੰਘ, ਹਰਜੀਤ ਸਿੰਘ ਤੇ ਰਵਿੰਦਰ ਸਿੰਘ ਟੰਡਨ (ਤਿੰਨੇ ਕੌਂਸਲਰ) ਨੇ ਦੱਸਿਆ ਕਿ ਕਸਬੇ 'ਚ ਆਈ. ਟੀ. ਸੀ ਨਾਂ ਦਾ 7 ਤਾਰਾ ਹੋਟਲ ਬਣ ਰਿਹਾ ਹੈ। ਇਸ ਹੋਟਲ ਦੇ ਕਮਰਿਆਂ 'ਚ ਬਣੇ ਪਖਾਨਿਆਂ ਨੂੰ ਸੁੰਦਰ ਦਿੱਖ ਦੇਣ ਲਈ ਹੋਟਲ ਨਿਰਮਾਣ ਮੈਨੇਜਮੈਂਟ ਤੇ ਇੰਜੀਨੀਅਰ ਵਲੋਂ ਸੱਚਖੱਡ ਸ੍ਰੀ ਹਰਮਿੰਦਰ ਸਾਹਿਬ ਦੀਆਂ ਤਸਵੀਰਾਂ ਲਾਈਆਂ ਗਈਆਂ ਸਨ, ਜਿਸ ਦੇ ਵਿਰੋਧ 'ਚ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਦਿਆਲ ਸਿੰਘ ਤੇ ਨਰਿੰਦਰ ਸਿੰਘ ਦੀ ਅਗਵਾਈ 'ਚ ਸੁਖਜਿੰਦਰ ਸਿੰਘ ਖਹਿਰਾ ਥਾਣਾ ਮੁਖੀ ਰਾਜਾਸਾਂਸੀ ਨੂੰ ਮੰਗ-ਪੱਤਰ ਦਿੰਦਿਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ। ਇਸ ਸਮੇਂ ਮਨਦੀਪ ਸਿੰਘ ਅਣਖੀ, ਬਾਬਾ ਗੁਰਦੀਪ ਸਿੰਘ ਅਣਖੀ ਆਦਿ ਸਿੱਖ ਆਗੂ ਹਾਜ਼ਰ ਸਨ।


author

Baljeet Kaur

Content Editor

Related News