ਬਜਟ 'ਚ ਬੀਬੀਆਂ ਲਈ 1000 ਰੁਪਏ ਦੇ ਐਲਾਨ ਬਾਰੇ ਰਾਜਾ ਵੜਿੰਗ ਦਾ ਵੱਡਾ ਤੰਜ, ਜਾਣੋ ਕੀ ਕਿਹਾ
Sunday, Mar 08, 2026 - 04:34 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੇ ਬਜਟ ਨੂੰ 'ਆਪ' ਦੇ ਝੂਠਾਂ ਦੀ ਲੜੀ ਦਾ ਸਮਾਪਤੀ ਅਧਿਆਏ ਕਰਾਰ ਦਿੱਤਾ ਹੈ, ਜਿਹੜੇ ਆਮ ਆਦਮੀ ਪਾਰਟੀ ਪਿਛਲੇ ਚਾਰ ਸਾਲਾਂ ਤੋਂ ਲੋਕਾਂ ਨੂੰ ਦੱਸਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਕਰਜ਼ਾ ਹੁਣ ਕੁੱਲ ਬਜਟ ਨਾਲੋਂ ਕਰੀਬ 160 ਫ਼ੀਸਦੀ ਤੱਕ ਪਹੁੰਚ ਚੁੱਕਾ ਹੈ। ਵੜਿੰਗ ਨੇ ਔਰਤਾਂ ਲਈ ਮਹੀਨਾਵਾਰ 1000 ਰੁਪਏ ਦੇ ਐਲਾਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਹੁਤ ਥੋੜ੍ਹਾ ਹੈ ਅਤੇ ਬਹੁਤ ਦੇਰੀ ਨਾਲ ਕੀਤਾ ਗਿਆ ਐਲਾਨ ਹੈ। ਉਨ੍ਹਾਂ ਦੱਸਿਆ ਕਿ 2022 ਦੀਆਂ ਚੋਣਾਂ ਦੌਰਾਨ 'ਆਪ' ਨੇ ਸੂਬੇ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਮਹੀਨਾਵਾਰ ਨਕਦ ਸਹਾਇਤਾ ਦੇਣ ਦੇ ਵਾਅਦੇ 'ਤੇ ਹੀ ਵੱਡੀ ਜਿੱਤ ਹਾਸਲ ਕੀਤੀ ਸੀ। ਜੇਕਰ ਸਰਕਾਰ ਆਪਣੇ ਵਾਅਦੇ ਲਈ ਗੰਭੀਰ ਹੁੰਦੀ ਤਾਂ ਚਾਰ ਸਾਲਾਂ ਦੇ ਬਕਾਏ ਸਮੇਤ ਭੁਗਤਾਨ ਦਾ ਐਲਾਨ ਕਰਦੀ, ਜੋ ਹਰ ਔਰਤ ਲਈ 48,000 ਰੁਪਏ ਬਣਦਾ ਹੈ।
ਇਹ ਵੀ ਪੜ੍ਹੋ : ਬਿਜਲੀ ਖ਼ਪਤਕਾਰਾਂ ਲਈ ਖ਼ਤਰੇ ਦੀ ਘੰਟੀ! ਜਲਦ ਕਰ ਲੈਣ ਆਹ ਕੰਮ ਨਹੀਂ ਤਾਂ ਪਾਵਰਕਾਮ ਵਲੋਂ...
ਉਨ੍ਹਾਂ ਕਿਹਾ ਕਿ ਚਾਰ ਸਾਲ ਤੱਕ ਇਹ ਰਕਮ ਨਹੀਂ ਦਿੱਤੀ ਗਈ ਅਤੇ ਹੁਣ ਜਦੋਂ ਐਲਾਨ ਕੀਤਾ ਗਿਆ ਹੈ, ਤਾਂ ਇਹ ਵੀ ਨਹੀਂ ਦੱਸਿਆ ਗਿਆ ਕਿ ਔਰਤਾਂ ਨੂੰ ਇਹ ਰਕਮ ਕਿਹੜੀ ਤਾਰੀਖ਼ ਤੋਂ ਮਿਲਣੀ ਸ਼ੁਰੂ ਹੋਵੇਗੀ। ਇਹ ਇਕ ਪੋਸਟ-ਡੇਟਿਡ ਚੈੱਕ ਵਾਂਗ ਹੈ, ਜਿਸਦੇ ਨਕਦ ਹੋਣ ਦੀ ਕੋਈ ਗਾਰੰਟੀ ਨਹੀਂ ਹੈ, ਕਿਉਂਕਿ ਆਪ ਸਰਕਾਰ ਦੇ ਕਾਰਜਕਾਲ ਦੇ ਹੁਣ ਗਿਣਤੀ ਦੇ ਦਿਨ ਹੀ ਬਚੇ ਹਨ, ਜਦੋਂ ਕਿ ਪਿਛਲੇ ਚਾਰ ਸਾਲਾਂ ਦੌਰਾਨ ਵਧੇ ਕਰਜ਼ੇ ਦਾ ਜ਼ਿਕਰ ਕਰਦਿਆਂ ਵੜਿੰਗ ਨੇ ਕਿਹਾ ਕਿ ਜਿੱਥੇ ਬਜਟ ਦਾ ਕੁੱਲ ਆਕਾਰ 2.60 ਲੱਖ ਕਰੋੜ ਰੁਪਏ ਹੈ, ਉੱਥੇ ਸੂਬੇ ਦਾ ਕੁੱਲ ਕਰਜ਼ਾ 4.17 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਿਹੜਾ ਬਜਟ ਦਾ ਕਰੀਬ 160 ਫ਼ੀਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਕਿ ਇਸ ਗੰਭੀਰ ਚੁਣੌਤੀ ਨਾਲ ਕਿਵੇਂ ਨਜਿੱਠਿਆ ਜਾਵੇਗਾ, ਜੋ ਪੰਜਾਬ ਨੂੰ ਦਿਵਾਲੀਏਪਨ ਵੱਲ ਧੱਕ ਸਕਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਜਟ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਵੜਿੰਗ ਨੇ ਪੁੱਛਿਆ ਕਿ ਔਰਤਾਂ ਨੂੰ 1000 ਰੁਪਏ ਦੀ ਰਕਮ ਆਖ਼ਰ ਕਦੋਂ ਮਿਲਣੀ ਸ਼ੁਰੂ ਹੋਵੇਗੀ। ਉਨ੍ਹਾਂ ਇਹ ਵੀ ਚਿੰਤਾ ਜਤਾਈ ਕਿ ਕਿਤੇ ਆਪ ਸਰਕਾਰ ਔਰਤਾਂ ਨੂੰ ਪੈਸਾ ਦੇਣ ਦੀ ਬਜਾਏ ਇਸ ਐਲਾਨ ਦੀ ਇਸ਼ਤਿਹਾਰਬਾਜ਼ੀ 'ਤੇ ਹੀ ਵੱਧ ਪੈਸਾ ਨਾ ਖ਼ਰਚ ਕਰ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਅਖੀਰਲੇ ਸਮੇਂ 'ਚ ਦਿੱਤੇ ਜਾ ਰਹੇ ਇਸ ਨਿਗੁਣੇ ਭੁਗਤਾਨ ਦੀ ਬਜਾਏ ਆਪਣੇ ਹੱਕ ਦੇ ਬਕਾਏ ਸਮੇਤ ਪੈਸੇ ਦੀ ਹਕਦਾਰ ਹਨ। ਉਨ੍ਹਾਂ ਇਹ ਵੀ ਸ਼ੰਕਾ ਜਤਾਈ ਕਿ ਇਹ ਐਲਾਨ ਵੀ 10 ਲੱਖ ਰੁਪਏ ਦੇ ਸਿਹਤ ਬੀਮਾ ਯੋਜਨਾ ਵਾਂਗ ਹੀ ਅੰਜਾਮ ਤੱਕ ਨਹੀਂ ਪਹੁੰਚੇਗਾ, ਜੋ ਸਿਰਫ਼ ਰਜਿਸਟ੍ਰੇਸ਼ਨ ਅਤੇ ਪਛਾਣ ਦੀਆਂ ਕਾਰਵਾਈਆਂ ਵਿੱਚ ਹੀ ਫਸ ਕੇ ਰਹਿ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
