ਮੁੱਖ ਮੰਤਰੀ ਦੀ ਦੌੜ ''ਚੋਂ ਰਾਜਾ ਵੜਿੰਗ ਬਾਹਰ, ਕਿਹਾ- ''ਮੈਂ ਨਹੀਂ ਚਾਹੁੰਦਾ CM ਬਣਨਾ...''
Tuesday, Mar 18, 2025 - 05:01 PM (IST)

ਜਲੰਧਰ- 'ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਇੱਛਾ ਨਹੀਂ ਰੱਖਦਾ।'' ਇਹ ਕਹਿਣਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ। ਰਾਜਾ ਵੜਿੰਗ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਖਿਆ ਕਿ ਮੈਂ ਇਹ ਇੱਛਾ ਤਾਂ ਨਹੀਂ ਰੱਖਦਾ, ਪਰ ਮੈਂ ਇਹ ਜ਼ਰੂਰ ਚਾਹੁੰਦਾ ਹਾਂ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੇ। ਇਸ ਦੌਰਾਨ ਮੈਂ ਕਾਂਗਰਸ ਦੇ ਰਾਹੁਲ ਗਾਂਧੀ ਤੇ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਸਟੇਜ ਦੇ ਅੱਗੇ ਬੈਠ ਕੇ ਆਪਣੀ ਪਾਰਟੀ ਦੇ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਸਹੁੰ ਚੁੱਕਦੇ ਹੋਏ ਵੇਖਾਂ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਅਜਿਹਾ ਹੋਣ 'ਤੇ ਰਾਹੁਲ ਗਾਂਧੀ ਮੈਨੂੰ ਖੁਦ ਮੇਰੀ ਮਿਹਨਤ ਵੇਖ ਕੇ ਸ਼ਾਬਾਸ਼ੀ ਦੇਣਗੇ ਤੇ ਕਹਿਣਗੇ ਕਿ ਜੋ ਤੁਸੀਂ ਕਿਹਾ, ਉਹ ਕਰ ਵਿਖਾਇਆ ਹੈ। ਉਸ ਵੇਲੇ ਹੀ ਮੈਨੂੰ ਮਾਣ ਮਹਿਸੂਸ ਹੋਵੇਗਾ। ਵੜਿੰਗ ਨੇ ਇਹ ਵੀ ਕਿਹਾ ਕਿ ਇਹ ਸਭ ਕਾਂਗਰਸ ਹਾਈਕਮਾਨ ਦੇ ਹੱਥ ਹੈ ਕਿ ਉਹ ਪੰਜਾਬ 'ਚ ਕਾਂਗਰਸ ਸਰਕਾਰ ਬਣਨ 'ਤੇ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਐਲਾਨਦੇ ਹਨ। ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਫਿਲਹਾਲ ਇਹੀ ਆਖ ਸਕਦਾ ਹਾਂ ਕਿ ਮੈਂ ਮੁੱਖ ਮੰਤਰੀ ਬਣਨ ਦੀ ਕੋਈ ਵੀ ਇੱਛਾ ਹਾਲੇ ਨਹੀਂ ਰੱਖਦਾ।
ਇਹ ਵੀ ਪੜ੍ਹੋ- ਭਾਰਤ ਨੇ ਵੀ ਅਪਣਾਇਆ ਸਖ਼ਤ ਰੁਖ਼, ਦਿੱਲੀ ਪੁਲਸ ਹੁਣ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਰੇਗੀ Deport
ਜਦੋਂ ਰਾਜਾ ਵੜਿੰਗ ਨੂੰ ਸਵਾਲ ਕੀਤਾ ਗਿਆ ਕਿ ਪਾਰਟੀ ਪ੍ਰਧਾਨ ਤੇ ਸਾਂਸਦ ਹੋਣ ਦੇ ਨਾਤੇ ਲੁਧਿਆਣਾ ਉਪ ਚੋਣਾਂ 'ਚ ਤੁਹਾਡਾ ਦੁੱਗਣਾ ਜ਼ੋਰ ਲੱਗੇਗਾ ਤਾਂ ਉਨ੍ਹਾਂ ਕਿਹਾ ਕਿ ਮੇਰੇ ਲਈ ਤਾਂ ਹਰ ਰੋਜ਼ ਹੀ ਨਵਾਂ-ਨਵਾਂ ਚੈਲੇਂਜ ਆਉਂਦਾ ਰਹਿੰਦਾ ਹੈ। ਚੋਣਾਂ ਤੋਂ ਲੈ ਕੇ ਭਾਰਤ ਜੋੜੋ ਯਾਤਰਾ ਤੇ ਇਸ ਤੋਂ ਬਾਅਦ ਹੁਣ ਤਕ ਨਵੇਂ-ਨਵੇਂ ਚੈਲੇਂਜ ਆਈ ਜਾ ਰਹੇ ਹਨ। ਇਕ ਚੋਣ ਤੋਂ ਬਾਅਦ ਕੋਈ ਨਾ ਕੋਈ ਨਵੀਂ ਚੋਣ ਆ ਜਾਂਦੀ ਹੈ, ਜਿਵੇਂ ਕਿ ਉਪ ਚੋਣਾਂ ਤੋਂ ਬਾਅਦ ਹੁਣ ਦੁਬਾਰਾਂ ਲੁਧਿਆਣਾ ਉਪ ਚੋਣਾਂ ਆ ਗਈਆਂ ਹਨ, ਪਰ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਮੈਨੂੰ ਲਗਦਾ ਹੈ ਕਿ ਇਨ੍ਹਾਂ ਚੋਣਾਂ 'ਚ ਅਸੀਂ ਵਧੀਆ ਪ੍ਰਦਰਸ਼ਨ ਕਰਾਂਗੇ ਤੇ ਪਰਮਾਤਮਾ ਵੀ ਸਾਡਾ ਸਾਥ ਦੇਵੇਗਾ। ਉਮੀਦਵਾਰ ਦੇ ਨਾਂ ਬਾਰੇ ਗੱਲ ਕਰਦਿਆਂ ਵੜਿੰਗ ਨੇ ਕਿਹਾ ਕਿ ਹਾਈਕਮਾਨ ਦੀ ਇਸ ਬਾਰੇ ਚਰਚਾ ਹੋ ਚੁੱਕੀ ਹੈ ਤੇ ਨਾਂ 'ਤੇ ਵੀ ਮੋਹਰ ਤਕਰੀਬਨ ਲੱਗ ਹੀ ਚੁੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e