ਰਾਜਾ ਵੜਿੰਗ ਵੱਲੋਂ ਸਵ. ਡਾ. ਮਨਮੋਹਨ ਸਿੰਘ ਨੂੰ ਪੰਥ ਰਤਨ ਨਾਲ ਨਿਵਾਜਣ ਦੀ ਮੰਗ
Saturday, Jan 04, 2025 - 11:17 PM (IST)
ਅੰਮ੍ਰਿਤਸਰ, (ਵਾਲੀਆ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਲੋਕ ਸਭਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵ. ਡਾ. ਮਨਮੋਹਨ ਸਿੰਘ ਜੀ ਨੂੰ ਉਨ੍ਹਾਂ ਦੀਆਂ ਨਿਭਾਈਆਂ ਗਈਆਂ ਸੇਵਾਵਾਂ ਤੇ ਖਾਸ ਤੌਰ ’ਤੇ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮਰਨ ਉਪਰੰਤ ਪੰਥ ਰਤਨ ਨਾਲ ਨਿਵਾਜਣ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਇਕ ਪੱਤਰ ਸੀਨੀਅਰ ਕਾਂਗਰਸੀ ਆਗੂ ਤੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਭਗਵੰਤ ਪਾਲ ਸਿੰਘ ਸੱਚਰ ਰਾਹੀਂ ਭੇਜਿਆ।
ਪੱਤਰ ’ਚ ਰਾਜਾ ਵੜਿੰਗ ਨੇ ਕਿਹਾ ਕਿ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੇ ਪੰਥ ਪ੍ਰਤੀ ਯੋਗਦਾਨ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪੰਥ ਰਤਨ ਨਾਲ ਨਿਵਾਜਣ ਬਾਰੇ ਜ਼ਰੂਰ ਵਿਚਾਰ ਕੀਤਾ ਜਾਵੇ। ਸਿੱਖ ਕੌਮ ਤੇ ਦੇਸ਼ ਪ੍ਰਤੀ ਲਏ ਗਏ ਲੋਕ ਪੱਖੀ ਫੈਸਲਿਆਂ ਲਈ ਸ. ਮਨਮੋਹਨ ਸਿੰਘ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਨਗੇ। ਇਸ ਮੌਕੇ ਭਗਵੰਤ ਪਾਲ ਸਿੰਘ ਸੱਚਰ ਦੇ ਨਾਲ ਅਮਰਦੀਪ ਸਿੰਘ ਰਾਜੇਵਾਲ, ਡਾ. ਸੁੱਖਵਿੰਦਰ ਸਿੰਘ ਰੰਧਾਵਾ ਤੇ ਸੁਲੱਖਣ ਸਿੰਘ ਆਦਿ ਹਾਜ਼ਰ ਸਨ।