ਰਾਜਾ ਵੜਿੰਗ ਵਲੋਂ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਨਿਖ਼ੇਧੀ, ਜਾਣੋ ਕੀ ਬੋਲੇ
Thursday, Aug 13, 2026 - 05:03 PM (IST)
ਚੰਡੀਗੜ੍ਹ (ਵੈੱਬ ਡੈਸਕ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ੍ਰੀ ਨਾਂਦੇੜ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿਖ਼ੇਧੀ ਕੀਤੀ ਗਈ ਹੈ। ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਪੱਸ਼ਟ ਕੀਤਾ ਕਿ ਭਾਵੇਂ ਲੋਕਾਂ 'ਚ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਗੁੱਸਾ ਹੋ ਸਕਦਾ ਹੈ ਪਰ ਇਹ ਗੁੱਸਾ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾ ਸਕਦਾ। ਰਾਜਾ ਵੜਿੰਗ ਨੇ ਆਪਣੇ ਬਿਆਨ 'ਚ ਕਿਹਾ ਕਿ ਬਹਿਬਲ ਕਲਾਂ ਅਤੇ ਬਰਗਾੜੀ ਬੇਅਦਬੀ ਕਾਂਡ ਸਮੇਤ 2015 ਦੀ ਪੁਲਸ ਫਾਇਰਿੰਗ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖ ਸੰਗਤ 'ਚ ਅਸਲ ਗੁੱਸਾ ਹੈ।
ਉਨ੍ਹਾਂ ਮੰਨਿਆ ਕਿ ਬੇਅਦਬੀ ਦੇ ਮਾਮਲਿਆਂ 'ਚ ਇਨਸਾਫ਼ 'ਚ ਹੋ ਰਹੀ ਦੇਰੀ ਅਤੇ ਕਈ ਹੋਰ ਅਣਸੁਲਝੇ ਮੁੱਦਿਆਂ ਕਾਰਨ ਸੰਗਤ ਕਾਫੀ ਰੋਸ 'ਚ ਹੈ। ਇਸ ਤੋਂ ਇਲਾਵਾ ਉਨ੍ਹਾਂ ਅਕਾਲੀ ਦਲ ਵੱਲੋਂ ਇਨ੍ਹਾਂ ਮਾਮਲਿਆਂ ਨੂੰ ਨਜਿੱਠਣ ਦੇ ਤਰੀਕੇ 'ਤੇ ਵੀ ਲੋਕਾਂ ਦੀ ਡੂੰਘੀ ਨਿਰਾਸ਼ਾ ਦਾ ਜ਼ਿਕਰ ਕੀਤਾ। ਵੜਿੰਗ ਨੇ ਜ਼ੋਰ ਦੇ ਕੇ ਕਿਹਾ ਕਿ ਨਾਂਦੇੜ ਸਾਹਿਬ ਵਿਖੇ ਸੁਖਬੀਰ ਬਾਦਲ 'ਤੇ ਹੋਇਆ ਹਮਲਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਪ੍ਰਾਪਤ ਕਰਨ ਦਾ ਰਸਤਾ ਜਵਾਬਦੇਹੀ ਅਤੇ ਲੋਕਤੰਤਰ 'ਚ ਹੈ, ਨਾ ਕਿ ਹਿੰਸਾ 'ਚ। ਉਨ੍ਹਾਂ ਅਨੁਸਾਰ ਕਿਸੇ ਵੀ ਮਸਲੇ ਦਾ ਹੱਲ ਜਮਹੂਰੀ ਤਰੀਕਿਆਂ ਰਾਹੀਂ ਹੀ ਕੱਢਿਆ ਜਾਣਾ ਚਾਹੀਦਾ ਹੈ।
