ਪ੍ਰਵਾਸੀ ਮਜ਼ਦੂਰ ਸਾਡੇ ਭਰਾ ਹਨ, ਖਹਿਰਾ ਦੇ ਬਿਆਨ ਨਾਲ ਸਹਿਮਤ ਨਹੀਂ: ਰਾਜਾ ਵੜਿੰਗ

Sunday, May 19, 2024 - 09:03 PM (IST)

ਪ੍ਰਵਾਸੀ ਮਜ਼ਦੂਰ ਸਾਡੇ ਭਰਾ ਹਨ, ਖਹਿਰਾ ਦੇ ਬਿਆਨ ਨਾਲ ਸਹਿਮਤ ਨਹੀਂ: ਰਾਜਾ ਵੜਿੰਗ

ਜਲੰਧਰ (ਵੈੱਬ ਡੈਸਕ)- ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿਚੋਂ ਬਾਹਰ ਕੱਢਣ ਦੇ ਦਿੱਤੇ ਗਏ ਬਿਆਨ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪ੍ਰਤੀਕਿਰਿਆ ਦਿੱਤੀ ਹੈ। ਰਾਜਾ ਵੜਿੰਗ ਨੇ ਖਹਿਰਾ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਨਾ ਤਾਂ ਸੁਖਪਾਲ ਖਹਿਰਾ ਦੇ ਬਿਆਨ ਨਾਲ ਸਹਿਮਤ ਹਨ ਅਤੇ ਨਾ ਹੀ ਅਜਿਹੀ ਵਿਚਾਰਧਾਰਾ ਨਾਲ ਸਹਿਮਤ ਹਨ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿਚ ਕੋਈ ਜਗ੍ਹਾ ਨਹੀਂ ਮਿਲਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿੰਨੇ ਵੀ ਪੰਜਾਬ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਮਸਲੇ ਖ਼ਾਸ ਕਰਕੇ ਰਜਿਸਟਰੀਆਂ ਦਾ ਮਸਲਾ, ਰਿਹਾਇਸ਼ੀ ਮਸਲਾ ਜਾਂ ਹੋਰ ਉਨ੍ਹਾਂ ਦੀਆਂ ਲੋੜਾਂ ਸਬੰਧਤ ਜਿੰਨੇ ਵੀ ਮਸਲੇ ਹਨ, ਉਹ ਉਨ੍ਹਾਂ ਦੇ ਹੱਕਾਂ ਲਈ ਲੜਾਈ ਲੜਣਗੇ ਅਤੇ ਸਾਰੇ ਮਸਲੇ ਹੱਲ ਕਰਵਾਉਣਗੇ। 

ਜ਼ਿਕਰਯੋਗ ਹੈ ਕਿ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨੀਂ ਇਕ ਵਿਵਾਦਿਤ ਬਿਆਨ ਦਿੰਦੇ ਹੋਏ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਰਾਜਾਂ ਤੋਂ ਆਉਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ। ਖਹਿਰਾ ਨੇ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੂੰ ਪੰਜਾਬ ਵਿੱਚ ਨਾ ਤਾਂ ਘਰ ਬਣਾਉਣ ਦਿੱਤੇ ਜਾਣ ਅਤੇ ਨਾ ਹੀ ਨੌਕਰੀਆਂ ਦਿੱਤੀਆਂ ਜਾਣ। ਉਨ੍ਹਾਂ ਨੂੰ ਪੰਜਾਬ ਵਿੱਚ ਵੋਟ ਦਾ ਅਧਿਕਾਰ ਵੀ ਨਹੀਂ ਮਿਲਣਾ ਚਾਹੀਦਾ। ਇਹ ਲੋਕ ਪੰਜਾਬ 'ਤੇ ਕਬਜ਼ਾ ਕਰਕੇ ਪੰਜਾਬੀਅਤ ਨੂੰ ਖ਼ਤਮ ਕਰ ਦੇਣਗੇ। ਉਨ੍ਹਾਂ ਕਿਹਾ ਸੀ ਕਿ ਪੰਜਾਬ ਪੰਜਾਬੀਆਂ ਦਾ ਹੈ। ਹਿਮਾਚਲ ਦੀ ਤਰ੍ਹਾਂ ਪੰਜਾਬ ਵਿਚ ਵੀ ਗੈਰ-ਪੰਜਾਬੀਆਂ ਦੇ ਖ਼ਿਲਾਫ਼ ਕਾਨੂੰਨ ਲਿਆਉਣ ਦੀ ਲੋੜ ਹੈ। 

ਇਹ ਵੀ ਪੜ੍ਹੋ- ਇੰਸਟਾ 'ਤੇ ਵਾਇਰਲ ਹੋਈ ਗੁੰਡਿਆਂ ਵੱਲੋਂ ਪੋਸਟ ਕੀਤੀ ਅਨੋਖੀ ਵੀਡੀਓ, ਰੇਟ ਲਿਸਟ ਵੇਖ ਪੁਲਸ ਦੇ ਉੱਡੇ ਹੋਸ਼

ਖਹਿਰਾ ਨੇ ਸ਼ਨੀਵਾਰ ਨੂੰ ਦਿੜਬਾ ਦੇ ਪਿੰਡ ਖੇਤਲਾ ਦੀ ਚੋਣਾਵੀ ਸਭਾ ਵਿਚ ਕਿਹਾ ਸੀ ਕਿ ਜਿਵੇਂ ਪੰਜਾਬ ਦੇ ਲੋਕ ਵਿਦੇਸ਼ ਜਾ ਰਹੇ ਹਨ ਅਤੇ ਦੂਜੇ ਸੂਬਿਆਂ ਤੋਂ ਲੋਕ ਪੰਜਾਬ ਆ ਰਹੇ ਹਨ, ਉਸ ਨਾਲ ਸਾਫ਼ ਹੈ ਕਿ ਕੁਝ ਸਾਲਾਂ ਵਿਚ ਪੰਜਾਬ ਵਿਚ ਪਗੜੀਧਾਰੀਆਂ ਲਈ ਜਗ੍ਹਾ ਨਹੀਂ ਹੋਵੇਗੀ। ਖਹਿਰਾ ਵੱਲੋਂ ਦਿੱਤੇ ਗਏ ਬਿਆਨ ਨੇ ਸਿਆਸੀ ਵਿਵਾਦ ਖੜ੍ਹਾ ਕਰ ਦਿੱਤਾ ਹੈ ਤਾਂ ਇਸ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਾਫ਼ ਕੀਤਾ ਹੈ ਕਿ ਇਹ ਸਾਡੀ ਪਾਰਟੀ ਦਾ ਬਿਆਨ ਨਹੀਂ ਹੈ ਅਤੇ ਨਾ ਹੀ ਮੈਂ ਇਸ ਨਾਲ ਸਹਿਮਤ ਹਾਂ। ਉਨ੍ਹਾਂ ਉਲਟਾ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੰਜਾਬ ਦੀ ਤਰੱਕੀ ਲਈ ਕੀਤੇ ਕੰਮ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਤਿਸੰਗ 'ਚ ਚੋਣਾਂ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News