ਰਾਜਾ ਵੜਿੰਗ ਦੀ ਕੈਪਟਨ ਨੂੰ ਸਲਾਹ, ਕਿਹਾ-ਨਵੀਂ ਪਾਰਟੀ ਬਣਾ ਕੇ ਇਹ ਵਹਿਮ ਵੀ ਕੱਢ ਲੈਣਾ ਚਾਹੀਦੈ
Saturday, Oct 23, 2021 - 06:10 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ)-ਅੱਜ ਗਿੱਦੜਬਾਹਾ ਵਿਖੇ ਪਹੁੰਚੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਇਕ ਵਾਰ ਫਿਰ ਤੋਂ ਸਮਝੌਤਾ ਮੁੱਖ ਮੰਤਰੀ ਕਿਹਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਨ, 1984 ਦੇ ਮੁੱਦੇ ’ਤੇ ਅਸਤੀਫ਼ੇ ਦੀ ਗੱਲ ਕਰਦੇ ਹਨ ਪਰ ਜੇਕਰ ਉਨ੍ਹਾਂ ਨੇ ਪੰਜਾਬ ਲਈ ਇਹ ਕਦਮ ਚੁੱਕੇ ਤਾਂ ਪੰਜਾਬੀਆਂ ਨੇ ਉਨ੍ਹਾਂ ਨੂੰ ਸਾਢੇ 9 ਸਾਲ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਪੰਜਾਬ ਦੀ ਸੇਵਾ ਵੀ ਬਖਸ਼ੀ। ਰਾਜਾ ਵੜਿੰਗ ਨੇ ਕਿਹਾ ਕਿ ਪਰ ਬੀਤੇ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਰੋਧੀਆਂ ਨਾਲ ਸਮਝੌਤੇ ਕਰਕੇ ਸਰਕਾਰ ਚਲਾਈ, ਜਿਸ ਕਾਰਨ ਉਨ੍ਹਾਂ ਨੂੰ ਸਮਝੌਤਾ ਮੁੱਖ ਮੰਤਰੀ ਹੀ ਕਿਹਾ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਨਾਲ ਸਮਝੌਤੇ ਦੇ ਸਵਾਲ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਇਹ ਤਾਂ ਹੁਣ ਸਾਫ਼ ਹੋਣ ਲੱਗਾ ਹੈ ਕਿ ਉਹ ਪਹਿਲਾਂ ਤੋਂ ਹੀ ਭਾਜਪਾ ਨਾਲ ਮਿਲ ਕੇ ਚੱਲ ਰਹੇ ਸਨ।
ਅੱਜ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਗੱਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਕੰਮ ਮੁੱਖ ਮੰਤਰੀ ਹੁੰਦਿਆਂ ਕਿਉਂ ਨਹੀਂ ਕੀਤਾ, ਅੱਜ ਉਨ੍ਹਾਂ ਦਾ ਇਹ ਬਿਆਨ ਸਿੱਧੇ ਤੌਰ ’ਤੇ ਇਹ ਇਸ਼ਾਰਾ ਕਰਦਾ ਹੈ ਕਿ ਖੇਤੀ ਕਾਨੂੰਨ ਇਕ ਸਾਜ਼ਿਸ਼ ਤਹਿਤ ਹੀ ਲਿਆਂਦੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਸਵਾਲ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਜਾਂਦੀ ਉਮਰੇ ਉਨ੍ਹਾਂ ਨੂੰ ਇਹ ਵਹਿਮ ਕੱਢ ਲੈਣਾ ਚਾਹੀਦਾ ਹੈ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਨਵੀਂ ਪਾਰਟੀ ਦੀਆਂ ਵਧਾਈਆਂ ਦਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਵਹਿਮ ਹੈ ਕਿ ਪੰਜਾਬੀ ਅੱਜ ਵੀ ਉਨ੍ਹਾਂ ਨੂੰ ਪਿਆਰ ਕਰਦੇ ਹਨ ਪਰ ਜੋ ਕੁਝ ਉਨ੍ਹਾਂ ਬੀਤੇ ਚਾਰ ਸਾਲ ’ਚ ਕੀਤਾ, ਉਹ ਪੰਜਾਬੀਆਂ ਦੇ ਸਾਹਮਣੇ ਹੈ। ਇਕ ਵਾਰ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਬਣਾਉਣ ਵਾਲਾ ਕਦਮ ਚੁੱਕ ਚੁੱਕੇ ਹਨ ਪਰ ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ। ਟਰਾਂਸਪੋਰਟ ਵਿਭਾਗ ਸਬੰਧੀ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਵਿਭਾਗ ’ਚ ਸਾਰੀ ਕਾਰਵਾਈ ਕਾਨੂੰਨ ਅਨੁਸਾਰ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕੁਝ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਮਾਣਯੋਗ ਹਾਈਕੋਰਟ ’ਚ ਕਾਰਵਾਈ ਸਬੰਧੀ ਰਿੱਟ ਪਾਈ ਗਈ ਸੀ, ਜੋ ਡਿਸਮਿਸ ਹੋ ਗਈ ਹੈ ਅਤੇ ਮਾਣਯੋਗ ਹਾਈਕੋਰਟ ਨੇ ਵੀ ਟਰਾਂਸਪੋਰਟਰਾਂ ਨੂੰ ਟੈਕਸ ਭਰਨ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੁਣ ਟਰਾਂਸਪੋਰਟ ਵਿਭਾਗ ਨੂੰ ਲਾਭ ਹੋ ਰਿਹਾ, ਜੇਕਰ ਬੀਤੇ ਸਾਢੇ 14 ਸਾਲ ਦਾ ਹਿਸਾਬ ਲਾਇਆ ਜਾਵੇ ਤਾਂ ਵਿਭਾਗ ਨੂੰ 2700 ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਿਸ ਸਬੰਧੀ ਜਾਂਚ ਕਰਵਾਈ ਜਾਵੇਗੀ। ਸਰਕਾਰੀ ਬੱਸਾਂ ਦੇ ਟਰੈਕ ਸਿਸਟਮ ਦੇ ਪ੍ਰਾਈਵੇਟ ਆਪਰੇਟਰਾਂ ਵੱਲੋਂ ਉਠਾਏ ਜਾ ਰਹੇ ਲਾਭ ਦੇ ਸਵਾਲ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਇਸ ਸਬੰਧੀ ਉਹ ਜਾਂਚ ਕਰਵਾਉਣਗੇ ਅਤੇ ਇਹ ਸਿਸਟਮ ਜੇਕਰ ਅਜਿਹਾ ਹੋਇਆ ਤਾਂ ਇਸ ਨੂੰ ਹਰ ਹਾਲ ’ਚ ਸਹੀ ਕੀਤਾ ਜਾਵੇਗਾ।