ਰਾਜਾ ਵੜਿੰਗ ਦਾ ਸੁਖਬੀਰ ਬਾਦਲ ’ਤੇ ਪਲਟਵਾਰ, ਕਿਹਾ-ਮੈਂ ਪਹਿਲਾਂ ਵੀ ਸੰਤਰੀ ਸੀ ਤੇ ਹੁਣ ਵੀ ਸੰਤਰੀ ਹਾਂ
Monday, Nov 22, 2021 - 08:33 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ)- ‘ਮੈਂ ਤਾਂ ਪਹਿਲਾਂ ਵੀ ਸੰਤਰੀ ਸੀ ਅਤੇ ਹੁਣ ਵੀ ਸੰਤਰੀ ਹੀ ਹਾਂ ਅਤੇ ਮੈਂ ਆਪਣੇ ਆਪ ਨੂੰ ਮੰਤਰੀ ਨਹੀਂ ਸਮਝਦਾ।’ ਇਹ ਪਲਟਵ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਬਿਆਨ ਕਿ ਰਾਜਾ ਵੜਿੰਗ ਸਿਰਫ ਡੇਢ ਮਹੀਨੇ ਦਾ ਹੀ ਮੰਤਰੀ ਆਂ ਉਸਤੋਂ ਬਾਅਦ ਤਾਂ ਸੰਤਰੀ ਆ ਦੇ ਜਵਾਬ ਵਿਚ ਕਹੀ। ਉਨ੍ਹਾਂ ਕਿਹਾ ਕਿ ਮੇਰਾ ਫਰਜ਼ ਹੈ ਕਿ ਮੈਂ ਜਿਸ ਕੁਰਸੀ ’ਤੇ ਬੈਠਾ ਹਾਂ ਉਸ ਨਾਲ ਨਿਆਂ ਕਰਾਂ। ਮੈਂ ਕੋਈ ਗਲਤ ਕੰਮ ਨਹੀਂ ਕਰ ਰਿਹਾ। ਬਠਿੰਡਾ ਵਿਖੇ ਹੀ ਬਾਦਲ ਕੰਪਨੀਆਂ ਦੀਆਂ ਬੱਸਾਂ ਦਾ 14 ਕਰੋੜ ਰੁਪਏ ਟੈਕਸ ਭਰਵਾਇਆ ਹੈ। ਪਿਛਲੇ ਕਰੋਨਾ ਕਾਲ ਦੌਰਾਨ ਵੀ ਇੰਨ੍ਹਾਂ ਨੂੰ 14 ਕਰੋੜ ਦਾ ਫਾਇਦਾ ਹੋਇਆ ਹੈ। ਜਦਕਿ ਆਮ ਲੋਕਾਂ ਨੂੰ ਕੁਝ ਵੀ ਫਾਇਦਾ ਨਹੀਂ ਹੋਇਆ। ਰਾਜਾ ਵੜਿੰਗ ਨੇ ਕਿਹਾ ਕਿ ਉਹ ਤਾਂ ਸਿਰਫ਼ ਇਹ ਚਾਹੁੰਦੇ ਹਨ ਕਿ ਬੱਸਾਂ ਦਾ ਬਣਦਾ ਟੈਕਸ ਭਰਿਆ ਜਾਵੇ, ਇੱਕ ਨੰਬਰ ’ਤੇ ਚੱਲਦੀਆਂ ਤਿੰਨ ਤਿੰਨ ਬੱਸਾਂ ਬੰਦ ਕੀਤੀਆਂ ਜਾਣ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਬੌਖਲਾਹਟ ਵਿਚ ਆ ਕੇ ਅਜਿਹੇ ਬਿਆਨ ਦੇ ਰਿਹਾ ਹੈ। ਕਿ 280 ਕਰੋੜ ਰੁਪਏ ਪੀਆਰਟੀਸੀ ਨੇ ਸਰਕਾਰ ਦਾ ਦੇਣਾ ਹੈ ਹੁਣ ਸਰਕਾਰ ਦੀ ਏਜੰਸੀ ਦੀਆਂ ਬੱਸਾਂ ਨੂੰ ਮੈਂ ਕਿਵੇਂ ਫੜ ਸਕਦਾ ਹਾਂ। ਜੇਕਰ ਸੁਖਬੀਰ ਬਾਦਲ ਦਬਕੇ ਮਾਰ ਕੇ ਡਰਾਉਣਾ ਚਾਹੁੰਦਾ ਹੈ ਤਾਂ ਮੈਂ ਨਹੀਂ ਡਰਾਂਗਾ। ਇਸਦੇ ਨਾਲ ਹੀ ਰਾਜਾ ਵੜਿੰਗ ਨੇ ਕਰਤਾਰਪੁਰ ਲਾਂਘਾ ਖੁੱਲਣ ’ਤੇ ਪੰਜਾਬ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਜਿੰਨ੍ਹਾ ਦੀ ਬਦੌਲਤ ਇਹ ਰਾਸਤਾ ਫਿਰ ਤੋਂ ਖੁੱਲ ਗਿਆ ਹੈ।