ਜਗਰਾਓਂ ਰੈਲੀ ਦੌਰਾਨ ਰਾਜਾ ਵੜਿੰਗ ਨੇ ਬਿਨਾਂ ਨਾਂ ਲਏ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਸਲਾਹ
Thursday, Dec 21, 2023 - 07:13 PM (IST)
ਜਗਰਾਓਂ (ਰਮਨਦੀਪ ਸਿੰਘ ਸੋਢੀ)- ਨਵਜੋਤ ਸਿੰਘ ਸਿੱਧੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਪੈਦਾ ਹੋਇਆ ਕਾਟੋ ਕਲੇਸ਼ ਹੁਣ ਹੋਰ ਵੱਧਣ ਲੱਗ ਗਿਆ ਹੈ। ਬੀਤੇ ਦਿਨੀਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਿੱਧੂ ਨੂੰ ਦਿੱਤੀ ਗਈ ਸਲਾਹ ਤੋਂ ਬਾਅਦ ਹੁਣ ਰਾਜਾ ਵੜਿੰਗ ਨੇ ਬਿਨਾਂ ਲਏ ਮੰਚ ਤੋਂ ਸਿੱਧੂ ਨੂੰ ਸਲਾਹ ਦੇ ਦਿੱਤੀ ਹੈ। ਦਰਅਸਲ ਕਾਂਗਰਸ ਪਾਰਟੀ ਵੱਲੋਂ ਜਗਰਾਓਂ ਵਿਚ ਰੱਖੀ ਗਈ ਰੈਲੀ ਦੌਰਾਨ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਨਾਂ ਨਾਂ ਲਏ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੰਦੇ ਕਿਹਾ ਕਿ ਆਪਣੇ ਜ਼ਾਬਤੇ ਵਿਚ ਰਹਿਣ। ਪਹਿਲਾਂ ਵੀ ਜ਼ਾਬਤਾ ਤੋੜਨ ਵਾਲੇ ਸਾਡਾ ਬੇਹੱਦ ਨੁਕਸਾਨ ਕਰ ਗਏ ਹਨ।
ਉਨ੍ਹਾਂ ਮੰਚ ਤੋਂ ਕਿਹਾ ਕਿ ਆਪਣੀ ਪਾਰਟੀ ਨੂੰ ਭੰਡਣ ਨਾਲ ਗੱਲ ਨਹੀਂ ਬਣੇਗੀ। ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਬੇਨਤੀ ਹੈ ਕਿ ਹਰ ਵਿਅਕਤੀ ਛੋਟੇ ਤੋਂ ਵੱਡੇ ਤੱਕ ਭਾਵੇਂ ਪਿੰਡ ਦਾ ਸਰਪੰਚ, ਭਾਵੇਂ ਸਾਬਕਾ ਸੂਬਾ ਪ੍ਰਧਾਨ ਹੀ ਕਿਉਂ ਨਾ ਹੋਵੇ ਆਪਣੇ ਜ਼ਾਬਤੇ ਵਿਚ ਰਹਿਣ। ਬਿਨਾਂ ਜ਼ਾਬਤਾ ਵਾਲਿਆਂ ਨੇ ਹੀ ਪਹਿਲਾਂ ਸਾਡੀ ਪਾਰਟੀ ਦਾ ਨੁਕਸਾਨ ਕੀਤਾ ਹੈ।
ਇਹ ਵੀ ਪੜ੍ਹੋ : ਫਗਵਾੜਾ ਦੀ ਰਹਿਣ ਵਾਲੀ ਦੀਪਸ਼ਿਖਾ ਨੇ ਵਿਦੇਸ਼ 'ਚ ਗੱਡੇ ਝੰਡੇ, ਸਪੇਨ 'ਚ ਹਾਸਲ ਕੀਤਾ ਇਹ ਵੱਡਾ ਮੁਕਾਮ
ਉਨ੍ਹਾਂ ਕਿਹਾ ਕਿ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੂੰ ਜ਼ਾਬਤੇ ਵਿਚ ਰਹਿਣ ਦੀ ਆਦਤ ਨਹੀਂ ਹੈ, ਮੈਂ ਨਿਮਰਤਾ ਨਾਲ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਬੇਨਤੀ ਕਰਦਾ ਹਾਂ ਕਿ ਉਹ ਜ਼ਾਬਤੇ ਵਿਚ ਰਹਿਣ। ਮੰਚ ਤੋਂ ਪਾਰਟੀ ਨੂੰ ਭੰਡਣ ਨਾਲ ਗੱਲ ਨਹੀਂ ਬਣੇਗੀ, ਮੰਚ 'ਤੇ ਚੜ੍ਹਦੀ ਕਲਾਂ ਦੀ ਗੱਲ ਕਰੋਗੇ ਤਾਂ ਉਨ੍ਹਾਂ ਨੂੰ ਪਰਮਾਤਮਾ ਫਤਿਹ ਬਖ਼ਸ਼ਦਾ ਹੈ। ਜੇ ਆਪਣਾ ਏਕਾ ਹੈ ਤਾਂ ਏਕੇ ਵਿਚ ਹੀ ਬਰਕਤ ਹੁੰਦੀ ਹੈ। ਜਿਸ ਘਰ ਵਿਚ ਏਕਾ ਨਾ ਹੋਵੇ, ਜਿਸ ਪਾਰਟੀ ਵਿਚ ਏਕਾ ਨਾ ਹੋਵੇ, ਉਹ ਸਾਰੇ ਫੇਲ੍ਹ ਹੋ ਜਾਂਦੇ ਹਨ। ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੈਂ ਹਦਾਇਤ ਦੇਣਾ ਚਾਹੁੰਦਾ ਹਾਂ ਕਿ ਹਰ ਵਿਅਕਤੀ ਜ਼ਾਬਤੇ ਵਿਚ ਰਹੇ।
ਕੀ ਹੈ ਮਾਮਲਾ
ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੂੰ ਵੱਖਰਾ ਅਖਾੜਾ (ਆਪਣੇ ਪੱਧਰ ’ਤੇ ਕਾਂਗਸੀਆਂ ਨੂੰ ਨਾ ਮਿਲਣ) ਨਾ ਲਗਾਉਣ ਦੀ ਨਸੀਹਤ ਦਿੱਤੀ ਸੀ। ਸਿੱਧੂ ਨੂੰ ਨਸੀਹਤ ਦਿੰਦੇ ਹੋਏ ਪ੍ਰਤਾਪ ਬਾਜਵਾ ਨੇ ਕਿਹਾ ਕਿ ਉਹ ਇਕ ਮੰਚ ’ਤੇ ਆਉਣ ਅਤੇ ਵੱਖਰਾ ਅਖਾੜਾ ਨਾ ਲਾਉਣ। ਬਾਜਵਾ ਨੇ ਕਿਹਾ ਕਿ ਸਿੱਧੂ ਸਾਬ੍ਹ ਵੱਖਰਾ ਅਖਾੜਾ ਲਗਾਉਣਾ ਬੰਦ ਕਰੋ ਜੇ ਪਾਰਟੀ ਨੇ ਤੁਹਾਨੂੰ ਇੱਜ਼ਤ ਮਾਨ ਦੇ ਦਿੱਤਾ ਹੈ, ਉਸ ਨੂੰ ਪਚਾਓ ਅਤੇ ਅਜਿਹਾ ਕੰਮ ਨਾ ਕਰੋ। ਪਹਿਲਾਂ ਦੀ ਜਦੋਂ ਤੁਸੀਂ ਪ੍ਰਧਾਨ ਸੀ ਤਾਂ ਸੀਟਾਂ 78 ਤੋਂ 18 ’ਤੇ ਲੈ ਆਏ ਹੋ। ਬਾਜਵਾ ਨੇ ਸਿੱਧੂ ਨੂੰ ਕਿਹਾ ਕਿ ਹੋਰ ਕੀ ਚਾਹੁੰਦੇ ਹੋ। ਚੁੱਪ ਹੋ ਕੇ ਪਾਰਟੀ ਦੇ ਕੈਡਰ ਨਾਲ ਚੱਲੋ, ਪਾਰਟੀ ਦੀਆਂ ਸਟੇਜਾਂ ’ਤੇ ਆਓ।
ਬਾਜਵਾ ਨੇ ਕਿਹਾ ਕਿ ਦੋ ਦਿਨ ਬਾਅਦ ਪਾਰਟੀ ਦੇ ਧਰਨੇ ਜਗਰਾਓਂ ਅਤੇ ਫਗਵਾੜਾ ਵਿਚ ਹਨ, ਉਥੇ ਆਉਣ ਅਤੇ ਬੋਲਣ, ਪੰਜਾਬ ਦਾ ਕੋਈ ਕਾਂਗਰਸੀ ਇਸ ਨੂੰ ਚੰਗਾ ਨਹੀਂ ਸਮਝਦਾ ਅਤੇ ਸਿੱਧੂ ਸਾਬ੍ਹ ਨੂੰ ਸਲਾਹ ਦੇਣ ਵਾਲੇ ਵੀ ਇਸ ਨੂੰ ਗਲਤ ਹੀ ਦੱਸਦੇ ਹੋਣਗੇ। ਬਾਜਵਾ ਨੇ ਕਿਹਾ ਕਿ ਇਹ ਪਾਰਟੀ ਦਾ ਮੰਚ ਹੈ ਅਤੇ ਸਾਰੇ ਕਾਂਗਰਸੀਆਂ ਲਈ ਹੈ ਪਰ ਫਿਰ ਵੀ ਉਹ ਉਨ੍ਹਾਂ ਨੂੰ ਸੱਦਾ ਦਿੰਦੇ ਹਨ। ਬਾਜਵਾ ਨੇ ਕਿਹਾ ਸੀ ਕਿ 21 ਅਤੇ 22 ਤਾਰੀਖ਼ ਨੂੰ ਪੰਜਾਬ ਸਰਕਾਰ ਖ਼ਿਲਾਫ਼ ਲੱਗ ਰਹੇ ਧਰਨਾ ਵਿਚ ਆਓ ਅਤੇ ਆਪਣੀ ਗੱਲ ਰੱਖੋ।
ਇਹ ਵੀ ਪੜ੍ਹੋ : ਚੋਣਾਂ ਦੌਰਾਨ 'ਆਪ' ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।