ਪੰਜਾਬ ਵਿਧਾਨ ਸਭਾ ''ਚ ਅਕਾਲੀ ਦਲ ਦੇ ਹੋਟਲ ਤੇ ਬੱਸ ਕਾਰੋਬਾਰ ਦੀ ਗੂੰਜ
Wednesday, Mar 21, 2018 - 02:07 PM (IST)

ਚੰਡੀਗੜ੍ਹ (ਰਮਨਦੀਪ ਸੋਢੀ) : ਪੰਜਾਬ ਵਿਧਾਨ ਸਭਾ 'ਚ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਆਪਣੇ ਭਾਸ਼ਣ 'ਚ ਅਕਾਲੀ ਦਲ 'ਤੇ ਤੰਜ ਕੱਸਦਿਆਂ ਉਨ੍ਹਾਂ ਦੇ ਹੋਟਲਾਂ ਅਤੇ ਬੱਸਾਂ ਦੇ ਕਾਰੋਬਾਰ ਦਾ ਮੁੱਦਾ ਛੇੜ ਦਿੱਤਾ। ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਹਜ਼ਾਰਾਂ ਕਰੋੜ ਦਾ ਕਰਜ਼ਾ ਵਿਰਾਸਤ 'ਚ ਹੀ ਮਿਲਿਆ ਹੈ ਅਤੇ ਗੈਂਗਸਟਰਾਂ ਵਾਲਾ ਪੰਜਾਬ ਵੀ ਬਾਦਲਾਂ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵੀ ਬਾਦਲਾਂ ਦੇ ਰਾਜ ਦੌਰਾਨ ਹੀ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਉਹ ਆਪਣੀ ਕਾਂਗਰਸ ਸਰਕਾਰ 'ਤੇ ਸਦਕੇ ਜਾਂਦੇ ਹਨ, ਜਿਸ ਨੇ ਇਕ ਸਾਲ ਅੰਦਰ ਹੀ ਇੰਨਾ ਕੁੱਝ ਕਰ ਦਿੱਤਾ।
ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਅਸੀਂ 2007 ਚ ਸਰਕਾਰ ਛੱਡੀ, ਉਦੋਂ 51 ਹਜ਼ਾਰ ਕਰੋੜ ਦਾ ਕਰਜ਼ਾ ਸੀ ਅਤੇ ਅੱਜ 2 ਲੱਖ, 51 ਹਜ਼ਾਰ ਕਰੋੜ ਦਾ ਕਰਜ਼ਾ ਹੈ। ਪਿਛਲੇ ਦਸ ਸਾਲਾਂ 'ਚ ਅਕਾਲੀ ਦਲ ਨੇ ਚਾਰ ਗੁਣਾ ਕਰਜ਼ਾ ਪੰਜਾਬ ਦੇ ਸਿਰ ਚੜ੍ਹਾਇਆ, ਜਿਸ ਵਿੱਚ 1700 ਕਰੋੜ ਰੁਪਇਆ ਇਕੱਲੇ ਲੰਬੀ ਹਲਕੇ ਨੂੰ ਦਿੱਤਾ ਗਿਆ। ਉਨ੍ਹਾਂ ਖੁਲਾਸਾ ਕੀਤਾ ਕਿ ਇਕੱਲੇ ਦਿਆਲ ਸਿੰਘ ਕੋਲਿਆਂ ਵਾਲੀ ਦੀ ਢਾਣੀ ਨੂੰ ਜਾਂਦੀ ਸੜਕ ਉਪਰ ਹੀ ਲੱਖਾਂ ਰੁਪਏ ਲਗਾ ਦਿੱਤੇ ਗਏ। ਵੜਿੰਗ ਨੇ ਕਿਹਾ ਕਿ ਸੁਖਬੀਰ ਨੇ ਸਿਰਫ ਆਪਣੇ ਹੋਟਲ ਨੂੰ ਸੜਕ ਬਚਾਉਣ ਲਈ ਹੀ 29 ਕਰੋੜ ਦਾ ਸਰਕਾਰੀ ਖਰਚ ਕੀਤਾ। ਉਧਰ ਇਸ ਸਵਾਲ 'ਤੇ ਆਪ ਵਿਧਾਇਕ ਕੰਵਰ ਸੰਧੂ ਨੇ ਸਪਲੀਮੈਂਟਰੀ ਸਵਾਲ ਕੀਤਾ ਕਿ ਕੀ ਤੁਸੀਂ ਇਸ ਦੀ ਜਾਂਚ ਕਰਵਾਓਗੇ ਤਾਂ ਵੜਿੰਗ ਦਾ ਜਵਾਬ ਸੀ ਕਿ ਹਾਂ ਮੈਂ ਖੁਦ ਜਾਣ ਦੀ ਮੰਗ ਕਰਦਾ ਹਾਂ।
ਅਕਾਲੀਆਂ ਨੇ ਵੀ ਕੱਸੇ ਵੜਿੰਗ 'ਤੇ ਤੰਜ
ਇਸ ਦੌਰਾਨ ਜਦੋਂ ਅਕਾਲੀਆਂ ਨੇ ਰਾਜਾ ਵੜਿੰਗ ਤੋਂ ਉਨ੍ਹਾਂ ਦੀ ਇੱਕ ਵਾਇਰਲ ਵੀਡੀਓੳਬਾਰੇ ਜਵਾਬ ਮੰਗਿਆ, ਜਿਸ ਵਿੱਚ ਉਹ ਸ਼ਗਨ ਸਕੀਮ ਦੇਣ, ਨਵਜੰਮੇ ਬੱਚਿਆਂ ਨੂੰ ਤੜਾਗੀਆਂ ਪਾਉਣ ਅਤੇ ਬਾਰਾਤ ਜਾਣ ਲਈ ਇਨੋਵਾ ਗੱਡੀ ਦੇਣ ਦਾ ਵਾਅਦਾ ਕਰ ਰਹੇ ਸਨ, ਉਸ ਦਾ ਕੀ ਬਣਿਆ ਤਾਂ ਵੜਿੰਗ ਨੇ ਜਵਾਬ ਦਿੱਤਾ ਕਿ ਮੇਰੀ ਖਬਰ 'ਜਗਬਾਣੀ ਟੀ.ਵੀ.' 'ਤੇ ਚੱਲ ਸੀ, ਜਿਸ ਵਿੱਚ ਮੈਂਅਕਾਲੀ ਦਲ ਦੀਆਂ ਗੱਪਾਂ ਦਾ ਹਵਾਲਾ ਦੇ ਰਿਹਾ ਸੀ, ਜਦਕਿ ਮੇਰੀ ਵੀਡੀਓ ਨੂੰ ਮਗਰੋਂ ਕੱਟ ਦਿੱਤਾ ਗਿਆ। ਉਨ੍ਹਾਂ ਕਿਹਾ ਅਸਲ ਵਿੱਚ ਮੈਂ ਕਹਿ ਰਿਹਾ ਸੀ ਕਿ ਅਕਾਲੀ ਦਲ ਵਾਂਗ ਕਹੋ ਤਾਂ ਮੈ ਵੀ ਝੂਠ ਬੋਲ ਦਿੰਦਾ ਹਾਂ। ਵੜਿੰਗ ਨੇ ਕਿਹਾ ਕਿ ਮੈਂ ਸਬੂਤ ਵਜੋਂ 'ਜਗਬਾਣੀ' ਦੀ ਵੀਡੀਓੳ ਪੇਸ਼ ਕਰਾਂਗਾ।