ਰਾਜਾ ਵੜਿੰਗ ਦਾ ਆਪਣੀ ਹੀ ਸਰਕਾਰ ’ਤੇ ਵੱਡਾ ਹਮਲਾ, ਬਿਜਲੀ ਕੱਟਾਂ ਲਈ ਮੰਗੀ ਮੁਆਫ਼ੀ

07/04/2021 10:23:33 PM

ਚੰਡੀਗੜ੍ਹ (ਅਸ਼ਵਨੀ) : ਬਿਜਲੀ ਸੰਕਟ ਸਬੰਧੀ ਪੰਜਾਬ ਸਰਕਾਰ ’ਤੇ ਹੁਣ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਵੱਡਾ ਹਮਲਾ ਕੀਤਾ ਹੈ। ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕਿਹਾ ਕਿ ਕਾਂਗਰਸੀ ਵਿਧਾਇਕ ਹੋਣ ਦੇ ਨਾਤੇ ਉਹ ਪੰਜਾਬ ਦੇ ਕਿਸਾਨਾਂ, ਸ਼ਹਿਰੀ ਭਰਾਵਾਂ ਤੋਂ ਮੁਆਫ਼ੀ ਮੰਗਦੇ ਹਨ। ਸਰਕਾਰ ਨੂੰ ਬਿਜਲੀ ਸੰਕਟ ਨਾਲ ਨਜਿੱਠਣ ਲਈ ਪਹਿਲਾਂ ਇੰਤਜ਼ਾਮ ਕਰਨਾ ਚਾਹੀਦਾ ਸੀ। ਥਰਮਲ ਪਲਾਂਟ ਦੀ ਤਕਨੀਕੀ ਗੜਬੜੀ ਨੂੰ ਲੈ ਕੇ ਵੀ ਸਰਕਾਰ ਨੂੰ ਸੁਚੇਤ ਰਹਿਣਾ ਚਾਹੀਦਾ ਸੀ। ਬਠਿੰਡਾ ਥਰਮਲ ਪਲਾਂਟ ਦਾ ਜ਼ਿਕਰ ਕਰਦਿਆਂ ਵੜਿੰਗ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ 400 ਮੈਗਾਵਾਟ ਬਣਾਉਂਦਾ ਸੀ, ਜੇਕਰ ਉਹ ਚੱਲਦਾ ਰਹਿੰਦਾ ਤਾਂ ਕਾਫ਼ੀ ਮੁਨਾਫ਼ਾ ਮਿਲਦਾ। ਸਰਕਾਰ ਅੱਜ ਰੋਜ਼ਾਨਾ 25 ਕਰੋੜ ਰੁਪਏ ਦੀ ਬਿਜਲੀ ਖਰੀਦ ਰਹੀ ਹੈ। ਉਮੀਦ ਹੈ ਕਿ ਸਰਕਾਰ ਕਿਸਾਨਾਂ, ਦੁਕਾਨਦਾਰਾਂ ਅਤੇ ਉਦਮੀਆਂ ਨੂੰ ਕੁੱਝ ਮੁਆਵਜ਼ਾ ਦੇਣ ’ਤੇ ਵੀ ਵਿਚਾਰ ਕਰੇਗੀ।

ਇਹ ਵੀ ਪੜ੍ਹੋ : ਫਿਰ ਬੋਲੇ ਨਵਜੋਤ ਸਿੱਧੂ, 18 ਨੁਕਾਤੀ ਏਜੰਡੇ ਦੀ ਸ਼ੁਰੂਆਤ ਬਾਦਲਾਂ ਦੇ ਕੀਤੇ ਬਿਜਲੀ ਸਮਝੌਤਿਆਂ ਨੂੰ ਰੱਦ ਕਰਕੇ ਹੋਵੇ

ਰੇਤਾ ਮੁਫ਼ਤ ਦੇਵੇ ਸਰਕਾਰ, ਸੁਖਬੀਰ ਨੂੰ ਕਿਹਾ ਰੇਤ ਸਰਗਨਾ
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ’ਚ ਰੇਤਾ ਬਹੁਤ ਮਹਿੰਗੀ ਹੈ। ਅੱਜ ਵੀ ਪੰਜਾਬ ਵਿਚ ਰੇਤ ਮਾਫੀਆ ਸਰਗਰਮ ਹੈ। ਉਨ੍ਹਾਂ ਨੇ ਵਿਧਾਨਸਭਾ ਵਿਚ ਵੀ ਵਿਰੋਧ ਕੀਤਾ ਸੀ ਕਿ ਰੇਤੇ ਨੂੰ ਮੁਕੰਮਲ ਤੌਰ ’ਤੇ ਪੂਰੇ ਪੰਜਾਬ ਵਿਚ ਮੁਫ਼ਤ ਕਰ ਦੇਣਾ ਚਾਹੀਦਾ ਹੈ। ਅੱਜ ਵੀ ਉਹ ਇਹੀ ਦੋਹਰਾ ਰਹੇ ਹਨ ਕਿ ਸਰਕਾਰ ਨੂੰ ਰੇਤਾ ਮੁਫ਼ਤ ਕਰ ਦੇਣਾ ਚਾਹੀਦੀ ਹੈ। 2002 ਅਤੇ 2005 ਵਿਚ ਰੇਤਾ ਮੁਫ਼ਤ ਹੁੰਦੀ ਸੀ। ਜਦੋਂ ਉਨ੍ਹਾਂ ਨੇ ਆਪਣਾ ਘਰ ਬਣਾਇਆ ਸੀ, ਉਦੋਂ ਵੀ ਰੇਤਾ ਮੁਫ਼ਤ ਸੀ।

ਇਹ ਵੀ ਪੜ੍ਹੋ : ਪੰਜ ਪਿਆਰਿਆਂ ਦਾ ਵੱਡਾ ਬਿਆਨ, ਕਿਹਾ ਸੱਤਾ ਲਈ ਸੁਖਬੀਰ ਬਾਦਲ ਨੂੰ ਜੇਲ ਭਿਜਵਾ ਸਕਦੇ ਹਨ ਕੈਪਟਨ

ਉਧਰ, ਸੁਖਬੀਰ ਬਾਦਲ ਵਲੋਂ ਖੋਦਾਈ ਵਾਲੀਆਂ ਥਾਵਾਂ ’ਤੇ ਕੀਤੀ ਜਾ ਰਹੀ ਰੇਡ ਨੂੰ ਹਾਸੋ-ਹੀਣੀ ਦੱਸਦਿਆਂ ਵੜਿੰਗ ਨੇ ਦੋਸ਼ ਲਗਾਇਆ ਕਿ ਪੰਜਾਬ ਵਿਚ ਰੇਤੇ ਦੇ ਸਭ ਤੋਂ ਵੱਡੇ ਸਰਗਨਾ, ਕੇਬਲ ਅਤੇ ਟਰਾਂਸਪੋਰਟ ਕਾਰੋਬਾਰ ਦੇ ਆਗੂ ਖੁਦ ਸੁਖਬੀਰ ਬਾਦਲ ਹਨ। ਹੋਟਲ ਸੁੱਖਵਿਲਾਸ ਦਾ ਨਿਰਮਾਣ ਵੀ ਰੇਤ ਦੀ ਕਮਾਈ ਨਾਲ ਹੋਇਆ ਹੈ। ਉਨ੍ਹਾਂ ਦੀ ਕਾਰ ਵਿਚ ਕੁਝ ਲੋਕ ਵਿਰਾਜਮਾਨ ਰਹਿੰਦੇ ਹਨ, ਜੋ ਕਾਰੋਬਾਰ ਆਪ੍ਰੇਟ ਕਰਦੇ ਹਨ। ਵੜਿੰਗ ਨੇ ਦੋਸ਼ ਲਗਾਇਆ ਕਿ ਪਿਛਲੀ ਸਰਕਾਰ ਸਮੇਂ ਸਵੇਰੇ 5 ਵਜੇ ਇਸ ਧੰਦੇ ਦਾ 5 ਕਰੋੜ ਰੁਪਿਆ ਕੋਠੀ ਵਿਚ ਚਲਿਆ ਜਾਂਦਾ ਸੀ।

ਇਹ ਵੀ ਪੜ੍ਹੋ : ਲੁਧਿਆਣਾ ’ਚ ਦਾਦੇ-ਪੋਤੇ ਦੀ ਜੋੜੀ ਨੇ ਕਰ ਦਿੱਤਾ ਕਮਾਲ, ਕਾਰਨਾਮਾ ਜਾਣ ਤੁਸੀਂ ਵੀ ਹੋਵੋਗੇ ਹੈਰਾਨ (ਤਸਵੀਰਾਂ)

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ। ਵੜਿੰਗ ਨੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਇਕ ਸੁੱਕੇ ਖੇਤ ਵਿਖਾਉਣ ਦੀ ਵੀਡੀਓ ’ਤੇ ਵੀ ਨਿਸ਼ਾਨਾ ਵਿਨ੍ਹਿਆ ਅਤੇ ਕਿਹਾ ਕਿ ਸੁੱਕੇ ਖੇਤ ਤਾਂ ਵਿਖਾ ਦਿੱਤੇ, ਆਪਣੇ ਹਜ਼ਾਰਾਂ ਏਕੜ ਦੇ ਖੇਤ ਵੀ ਦਿਖਾਉਂਦੇ, ਜਿਥੇ ਸਪੈਸ਼ਲ ਪਾਣੀ ਪਹੁੰਚ ਰਿਹਾ ਹੈ। ਗਰੀਬ ਦਾ ਖੇਤ ਤਾਂ ਪਹਿਲਾਂ ਵੀ ਸੁੱਕਾ ਸੀ, ਅੱਜ ਵੀ ਸੁੱਕਾ ਹੈ। ਵੜਿੰਗ ਨੇ ਦੋਸ਼ ਲਗਾਇਆ ਕਿ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਅਹੁਦਾ ਤਿਆਗਣ ਤੋਂ ਬਾਅਦ ਵੀ ਮੰਤਰੀ ਸ਼੍ਰੇਣੀ ਦਾ ਬੰਗਲਾ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕ੍ਰਿਪਾ ਨਾਲ ਆਪਣੇ ਅਧੀਨ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ : ਹੁਣ ਸੋਸ਼ਲ ਮੀਡੀਆ ’ਤੇ ਸ਼ੁਰੂ ਹੋਈ ਹਥਿਆਰਾਂ ਦੀ ਮਾਰਕੀਟਿੰਗ, ਗੈਂਗਸਟਰਾਂ ਦੇ ਨਾਂ ’ਤੇ ਬਣੇ ਪੇਜਾਂ ’ਤੇ ਲਗਾਈ ਜਾ ਰਹੀ ਸੇਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News