ਕੈਬਨਿਟ ਮੰਤਰੀ ਰਾਜਾ ਵੜਿੰਗ ਖ਼ਿਲਾਫ਼ ਕਿਸਾਨਾਂ ਵੱਲੋਂ ਪ੍ਰਦਰਸ਼ਨ, ਕੀਤੇ ਤਿੱਖੇ ਸਵਾਲ
Thursday, Sep 30, 2021 - 09:10 PM (IST)
ਗਿੱਦੜਬਾਹਾ (ਚਾਵਲਾ)-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਹਲਕੇ ’ਚ ਪਹਿਲੀ ਵਾਰ ਦੌਰੇ ਦੌਰਾਨ ਪਿੰਡ ਛੱਤਿਆਣਾ ਵਿਖੇ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨਾਂ ਨੇ ਮੰਤਰੀ ਰਾਜਾ ਵੜਿੰਗ ਤੋਂ ਸਵਾਲ ਕੀਤਾ ਕਿ ਕਾਂਗਰਸ ਨੇ ਗੇਟ ਸਮਝੌਤੇ ਦਾ ਵਿਰੋਧ ਕਿਉਂ ਨਹੀਂ ਕੀਤਾ? ਜਿਸ ਦੇ ਜਵਾਬ ’ਚ ਵੜਿੰਗ ਨੇ ਕਿਹਾ ਕਿ ਉਸ ਸਮੇਂ ਉਹ ਸਿਆਸਤ ’ਚ ਨਹੀਂ ਸਨ। ਕਿਸਾਨਾਂ ਦੇ ਕਰਜ਼ੇ ਮੁਆਫੀ ਦੇ ਵਾਅਦੇ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਵੜਿੰਗ ਨੇ ਕਿਹਾ ਕਿ ਸਰਕਾਰ ਨੇ ਕਈ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਹਨ ਅਤੇ ਕਈਆਂ ਦੇ ਕਰਜ਼ਿਆਂ ਦੀ ਮੁਆਫ਼ੀ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਹ ਵੀ ਪੜ੍ਹੋ : CM ਚੰਨੀ ਤੇ ਸਿੱਧੂ ਵਿਚਾਲੇ ਮੀਟਿੰਗ ਹੋਈ ਖ਼ਤਮ, ਨਤੀਜੇ ਦੀ ਉਡੀਕ
1984 ਦੇ ਦੰਗੇ ਅਤੇ ਕਤਲੇਆਮ ’ਚ ਜ਼ਿੰਮੇਵਾਰ ਕਾਂਗਰਸ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ’ਚ ਵੜਿੰਗ ਨੇ ਕਿਹਾ ਕਿ ਉਸ ਸਮੇਂ ਉਹ ਸਿਰਫ 6 ਸਾਲਾਂ ਦੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਸਿਰਫ ਕਿਤਾਬਾਂ ’ਚ ਹੀ ਇਸ ਬਾਰੇ ਪੜ੍ਹਿਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਵੱਡਾ ਦੁਖਾਂਤ ਸੀ, ਜਿਸ ਦੀ ਮੁਆਫ਼ੀ ਕਾਂਗਰਸ ਕਈ ਵਾਰ ਦੇਸ਼ ਦੀ ਸੰਸਦ ’ਚ ਮੰਗ ਚੁੱਕੀ ਹੈ। ਖੇਤੀ ਕਾਨੂੰਨ ਅੰਦੋਲਨ ਦੌਰਾਨ ਸਾਂਝੇ ਮੋਰਚੇ ਵੱਲੋਂ ਸਿਆਸਤਦਾਨਾਂ ਦੇ ਪਿੰਡਾਂ ’ਚ ਨਾ ਆਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਵੜਿੰਗ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।