ਰਾਜਾ ਵੜਿੰਗ ਦੇ ਪੀ.ਏ. ਦੀ ਬੇਸਹਾਰਾ ਪਸ਼ੂ ਨਾਲ ਟਕਰਾਉਣ ਕਰ ਕੇ ਹੋਈ ਮੌਤ

Saturday, Jun 26, 2021 - 01:27 PM (IST)

ਰਾਜਾ ਵੜਿੰਗ ਦੇ ਪੀ.ਏ. ਦੀ ਬੇਸਹਾਰਾ ਪਸ਼ੂ ਨਾਲ ਟਕਰਾਉਣ ਕਰ ਕੇ ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਗਿੱਦੜਬਾਹਾ ਹਲਕੇ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿੱਜੀ ਸਹਾਇਕ ਧਰਮਿੰਦਰ ਸਿੰਘ ਦੀ ਬੀਤੀ ਰਾਤ ਬੇਸਹਾਰਾ ਪਸ਼ੂ ਨਾਲ ਟਕਰਾਉਣ ਕਰ ਕੇ ਮੌਤ ਹੋ ਗਈ। ਪਿੰਡ ਬਰਕੰਦੀ ਨਿਵਾਸੀ 51 ਸਾਲਾ ਧਰਮਿੰਦਰ ਸਿੰਘ ਰਾਤ ਕਰੀਬ 9 ਵਜੇ ਆਪਣੇ ਮੋਟਰ ਸਾਈਕਲ ’ਤੇ ਘਰ ਜਾ ਰਿਹਾ ਸੀ ਕਿ ਪੁਲਸ ਲਾਇਨ ਕੋਲ ਉਸਦਾ ਮੋਟਰ ਸਾਈਕਲ ਸੜਕ ’ਤੇ ਘੁੰਮ ਰਹੇ ਇਕ ਬੇਸਹਾਰ ਪਸ਼ੂ ਨਾਲ ਟਕਰਾ ਗਿਆ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

ਰਾਹਗੀਰਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਦੇਖਦਿਆਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਪਰ ਇਸ ਦੌਰਾਨ ਧਰਮਿੰਦਰ ਸਿੰਘ ਦੇ ਵਾਰਸ ਵੀ ਉਥੇ ਪਹੁੰਚ ਗਏ ਉਹ ਉਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਖੇ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਦੌਰਾਨ ਥਾਣਾ ਸਦਰ ਦੇ ਆਈ. ਓ. ਅਮਰਜੀਤ ਸਿੰਘ ਨੇ ਦੱਸਿਆ ਕਿ ਧਰਮਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਆਪਣੇ ਪਿੱਛੇ 13 ਅਤੇ 10 ਸਾਲ ਦੇ ਦੋ ਛੋਟੇ ਬੱਚੇ ਅਤੇ ਪਤਨੀ ਛੱਡ ਗਿਆ ਹੈ।


author

Shyna

Content Editor

Related News