ਬਾਰਿਸ਼ ਨਾਲ ਮੌਸਮ ਹੋਇਆ ਸੁਹਾਵਣਾ, ਲੋਕਾਂ ਨੇ ਮਾਣਿਆ ਆਨੰਦ
Monday, Jun 11, 2018 - 07:01 AM (IST)
ਬਠਿੰਡਾ, (ਆਜ਼ਾਦ)- ਅੱਤ ਦੀ ਗਰਮੀ ਤੇ ਲੂ ਤੋਂ ਪ੍ਰੇਸ਼ਾਨ ਲੋਕਾਂ ਨੇ ਬਾਰਿਸ਼ ਦਾ ਖੂਬ ਆਨੰਦ ਮਾਣਿਆ ਤੇ ਮੌਸਮ ਵੀ ਸੁਹਾਵਣਾ ਹੋ ਗਿਆ ਪਰ 45 ਮਿੰਟ ਦੀ ਬਾਰਿਸ਼ ਨਾਲ ਸ਼ਹਿਰ 'ਚ ਕਹਿਰ ਬਰਸ ਗਿਆ ਅਤੇ ਪੂਰਾ ਸ਼ਹਿਰ ਜਲ-ਥਲ ਹੋ ਗਿਆ। ਇਥੋਂ ਤੱਕ ਕਿ ਬਿਜਲੀ ਵੀ ਪ੍ਰਭਾਵਿਤ ਹੋਈ ਅਤੇ ਹੇਠਲੇ ਥਾਵਾਂ 'ਤੇ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਵਾਹਨ ਚਲਾਉਣ 'ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਵੈਸੇ ਵੀ ਕਾਰੋਬਾਰ ਬੰਦ ਰਹਿੰਦੇ ਹਨ। ਲੋਕ ਛੁੱਟੀ ਦਾ ਘਰ 'ਚ ਜਾ ਘੁੰਮ ਕੇ ਆਨੰਦ ਮਾਣਦੇ ਹਨ ਪਰ ਬਰਸਾਤ ਆਉਣ ਨਾਲ ਛੁੱਟੀ ਦਾ ਮਜ਼ਾ ਹੋਰ ਸੁਹਾਵਣਾ ਹੋਇਆ। ਲੋਕ ਜੋ ਪਿਛਲੇ ਇਕ ਮਹੀਨੇ ਤੋਂ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਸਨ ਨੇ ਖੂਬ ਮਜ਼ੇ ਲਏ। ਕਿਸਾਨਾਂ ਨੂੰ ਨਹਿਰਬੰਦੀ ਦੇ ਕਾਰਨ ਜ਼ਿਆਦਾ ਪ੍ਰੇਸ਼ਾਨੀਆਂ ਆ ਰਹੀਆਂ ਸਨ। ਬਾਰਿਸ਼ ਹੋਣ ਨਾਲ ਕਿਸਾਨਾਂ ਨੂੰ ਰਾਹਤ ਮਿਲੀ। ਐਤਵਾਰ 6 ਵਜੇ ਤੇਜ਼ ਹਵਾਵਾਂ ਚੱਲੀਆਂ ਤੇ ਲੱਗਿਆ ਕਿ ਸਿਰਫ ਹਨੇਰੀ ਹੈ ਪਰ ਬਾਅਦ 'ਚ ਕਾਲੇ ਸੰਘਣੇ ਬੱਦਲਾਂ ਨਾਲ ਬਾਰਿਸ਼ ਹੋਣੀ ਸ਼ੁਰੂ ਹੋ ਗਈ। ਬਾਰਿਸ਼ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਛਾ ਗਈ। ਨਹਿਰਬੰਦੀ ਦੇ ਕਾਰਨ ਕਿਸਾਨ ਪਾਣੀ ਨੂੰ ਤਰਸ ਰਹੇ ਸੀ। ਹੁਣ ਬਾਰਿਸ਼ ਨੇ ਉਨ੍ਹਾਂ ਦੀ ਪਾਣੀ ਦੀ ਸਮੱਸਿਆ ਨੂੰ ਕੁਝ ਹੱਦ ਤਕ ਦੂਰ ਕਰ ਦਿੱਤਾ ਕਿਉਂਕਿ ਸਰਕਾਰ ਵੱਲੋਂ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਅਜੇ ਕਿਸਾਨ ਖੇਤਾਂ 'ਚ ਝੋਨੇ ਦੀ ਬੀਜਾਈ ਨਾ ਕਰਨ।
