ਮੀਂਹ ਦਾ ਪਾਣੀ ਰਾਹਗੀਰਾਂ ਲਈ ਬਣਿਆ ਮੁਸੀਬਤ

Wednesday, Aug 02, 2017 - 01:44 AM (IST)

ਮੀਂਹ ਦਾ ਪਾਣੀ ਰਾਹਗੀਰਾਂ ਲਈ ਬਣਿਆ ਮੁਸੀਬਤ

ਸ਼ਹਿਣਾ,   (ਸਿੰਗਲਾ)-  ਬੀਤੀ ਸ਼ਾਮ ਪਏ ਮੀਂਹ ਕਾਰਨ ਜਿਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਤੇ ਉਥੇ ਹੀ ਮੇਨ ਬਾਜ਼ਾਰ ਤੋਂ ਬੱਸ ਸਟੈਂਡ ਵਾਲੀ ਸੜਕ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਖੜ੍ਹਾ ਮੀਂਹ ਦਾ ਪਾਣੀ ਲੋਕਾਂ ਲਈ ਮੁਸੀਬਤ ਬਣ ਗਿਆ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਸੜਕ 'ਤੇ ਪਏ ਟੋਏ ਵਾਹਨ ਚਾਲਕਾਂ ਲਈ ਮੁਸੀਬਤ ਬਣ ਚੁੱਕੇ ਸਨ, ਜਿਸ ਨੂੰ ਦੇਖਦਿਆਂ ਕੁਝ ਲੋਕਾਂ ਨੇ ਆਪ ਹੀ ਮਿੱਟੀ ਪੁਆ ਦਿੱਤੀ ਸੀ । 
ਜ਼ਿਕਰਯੋਗ ਹੈ ਕਿ ਮੀਂਹ ਤੋਂ ਬਾਅਦ ਇਸ ਮਾਰਗ 'ਤੇ ਤਿਲਕਣ ਹੋ ਗਈ, ਜਿਸ ਨਾਲ ਦੋਪਹੀਆ ਵਾਹਨਾਂ ਦਾ ਲੰਘਣਾ ਦੁੱਭਰ ਹੋ ਗਿਆ । ਆਲੇ-ਦੁਆਲੇ ਦੇ ਘਰਾਂ ਦੇ ਲੋਕਾਂ ਨੇ ਦੱਸਿਆ ਕਿ ਹੁਣ ਤੱਕ ਇਸ ਸੜਕ 'ਤੇ ਲੰਘਣ ਵਾਲੇ ਕਈ ਦੋਪਹੀਆ ਵਾਹਨ ਚਾਲਕ ਡਿੱਗ ਕੇ ਸੱਟਾਂ ਲਵਾ ਚੁੱਕੇ ਹਨ । ਇਹ ਰਸਤਾ ਨਰਕ ਤੋਂ ਘੱਟ ਨਹੀਂ ਹੈ ਕਿਉਂਕਿ ਇਥੋਂ ਬਚ ਕੇ ਲੰਘਣਾ ਮੁਸ਼ਕਿਲ ਹੈ ।     ਸੜਕ ਦੀ ਹਾਲਤ ਬਦ ਤੋਂ ਬਦਤਰ ਹੋਈ ਨੂੰ ਵੀ ਕਰੀਬ ਇਕ ਸਾਲ ਹੋ ਚੁੱਕਿਆ ਹੈ, ਪਰ ਕਿਸੇ ਵੀ ਸਬੰਧਿਤ ਅਧਿਕਾਰੀ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਨੇ ਇਸ ਦੀ ਸਾਰ ਲੈਣ ਦੀ ਜ਼ਰੂਰਤ ਤੱਕ ਨਹੀਂ ਸਮਝੀ । ਉਨ੍ਹਾਂ ਕਿਹਾ ਕਿ ਜਲਦ ਹੀ ਸੜਕ ਨੂੰ ਠੀਕ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ ।
ਇਸ ਮਾਮਲੇ ਸਬੰਧੀ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਤੇ ਸਤਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਸਬਾ ਸ਼ਹਿਣਾ 'ਚ ਪਿਛਲੇ ਕਈ ਸਾਲਾਂ ਦੌਰਾਨ ਕਰੋੜਾਂ ਰੁਪਏ ਦੀ ਸਰਕਾਰੀ ਗ੍ਰਾਂਟ ਆਈ, ਪਰ ਕਸਬੇ ਦੇ ਸਾਰੇ ਹੀ ਰਸਤਿਆਂ ਦੀ ਹਾਲਤ ਮਾੜੀ ਹੈ ।


Related News