ਬਾਰਸ਼ ਤੇ ਗੜ੍ਹੇਮਾਰੀ ਨੇ ਕਰਵਾ ਚੌਥ ਮੌਕੇ ਦੁਕਾਨਦਾਰਾਂ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ
Saturday, Oct 23, 2021 - 09:15 PM (IST)
ਤਰਨਤਾਰਨ(ਰਮਨ, ਪਨੂੰ)- ਮੌਸਮ ਵਿਭਾਗ ਵਲੋਂ ਕੀਤੀ ਗਈ ਭਵਿੱਖ ਵਾਣੀ ਤਹਿਤ ਸ਼ਨੀਵਾਰ ਸਵੇਰ ਤੋਂ ਹੀ ਠੰਡੀ ਹਵਾ ਚਲਣ ਉਪਰੰਤ ਸ਼ਾਮ ਨੂੰ ਜਿੱਥੇ ਤੇਜ਼ ਬਾਰਸ਼ ਨੇ ਸੜਕਾਂ 'ਤੇ ਜਲ-ਥੱਲ ਕਰਵਾ ਦਿੱਤੀ, ਉੱਥੇ ਹੀ ਹੋਈ ਭਾਰੀ ਗੜ੍ਹੇਮਾਰੀ ਨਾਲ ਸੜਕਾਂ ਸਫੈਦ ਹੋ ਗਈਆਂ। ਇਸ ਦੌਰਾਨ ਤਾਪਮਾਨ ’ਚ ਆਈ ਗਿਰਾਵਟ ਨੇ ਜਿੱਥੇ ਸਰਦ ਰੁੱਤ ਨੂੰ ਦੱਸਤਕ ਦੇ ਦਿੱਤੀ ਹੈ, ਉੱਥੇ ਇਸ ਨਾਲ ਸਬਜ਼ੀ, ਫਲ, ਪਸ਼ੂਆਂ ਦਾ ਚਾਰਾ, ਝੋਨੇ ਦੀਆਂ ਫਸਲਾਂ ਦਾ ਕਾਫੀ ਜ਼ਿਆਦਾ ਨੁਕਸਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਮੌਸਮ ’ਚ ਅਚਾਨਕ ਆਈ ਤਬਦੀਲੀ ਕਾਰਨ ਅਤੇ ਹੋਈ ਬਾਰਸ਼ ਨੇ ਕਰਵਾ ਚੌਥ ਦੇ ਵਰਤ ਮੌਕੇ ਦੁਕਾਨਦਾਰਾਂ ਦੀਆਂ ਉਮੀਦਾ ਉੱਪਰ ਪਾਣੀ ਫੇਰ ਕੇ ਰੱਖ ਦਿੱਤਾ ਹੈ, ਜਿਸ ਕਾਰਨ ਦੁਕਾਨਦਾਰ ਗ੍ਰਾਹਕਾਂ ਦੀ ਉਡੀਕ ਕਰਦੇ ਨਜ਼ਰ ਆਏ।
ਜ਼ਿਲੇ ਭਰ ’ਚ ਲੋਕਾਂ ਨੂੰ ਬਾਰਸ਼ ਅਤੇ ਗੜ੍ਹੇਮਾਰੀ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਏ ਮੋਟੇ ਗੜ੍ਹਿਆਂ ਨਾਲ ਸੜਕਾਂ ਸਫੈਦ ਨਜ਼ਰ ਆਉਣ ਲੱਗ ਪਈਆਂ। ਜ਼ਿਆਦਾਤਰ ਲੋਕਾਂ ਵਲੋਂ ਗੜ੍ਹੇ ਪੈਣ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੁੰਦੀਆਂ ਨਜ਼ਰ ਆਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਅਮਰੀਕ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ ਆਦਿ ਨੇ ਦੱਸਿਆ ਕਿ ਇਸ ਬਾਰਸ਼ ਅਤੇ ਗੜ੍ਹੇਮਾਰੀ ਕਾਰਨ ਝੋਨੇ ਦੀ ਫਸਲ ਉੱਪਰ ਕਾਫੀ ਮਾੜਾ ਅਸਰ ਪਾਇਆ ਹੈ। ਇਸ ਦੇ ਨਾਲ ਹੀ ਮਟਰ, ਆਲੂ, ਪਾਲਕ, ਗੋਬੀ ਆਦਿ ਦੀਆਂ ਫਸਲਾਂ ਵੀ ਖਰਾਬ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਮਰੂਦ ਦੀ ਫਸਲ ਅਤੇ ਪਸ਼ੂਆਂ ਦੇ ਚਾਰੇ ਦੀ ਫਸਲ ਉੱਪਰ ਵੀ ਕਾਫੀ ਮਾੜਾ ਅਸਰ ਪਾਇਆ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ’ਚ ਪਸ਼ੂਆਂ ਦਾ ਚਾਰਾ ਅਤੇ ਸਬਜ਼ੀਆਂ ਮਹਿੰਗੀਆਂ ਹੋ ਸਕਦੀਆਂ ਹਨ। ਉੱਧਰ ਮੰਡੀਆਂ ’ਚ ਪੁੱਜੀਆਂ ਫਸਲਾਂ ਮੀਂਹ ਦੇ ਪਾਣੀ ਨਾਲ ਖਰਾਬ ਹੁੰਦੀਆਂ ਵੇਖੀਆਂ ਗਈਆਂ। ਇਸ ਦੌਰਾਨ ਮਾਰਕੀਟ ਕਮੇਟੀ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਨਜ਼ਰ ਆਈ।
ਉੱਧਰ ਕਰਵਾ ਚੌਥ ਦਾ ਵਰਤ ਹੋਣ ਦੌਰਾਨ ਪਏ ਮੀਂਹ ਅਤੇ ਗੜ੍ਹੇਮਾਰੀ ਨਾਲ ਲੋਕ ਘਰਾਂ ਵਿਚੋਂ ਬਾਹਰ ਨਹੀਂ ਨਿਕਲੇ, ਜਿਸ ਕਾਰਨ ਬਾਜ਼ਾਰਾਂ ’ਚ ਕਾਫੀ ਮੰਦਾ ਨਜ਼ਰ ਆਇਆ ਅਤੇ ਦੁਕਾਨਦਾਰ ਗ੍ਰਾਹਕਾਂ ਦੀ ਉਡੀਕ ਕਰਦੇ ਵੇਖੇ ਗਏ। ਅਭਿਸ਼ੇਕ ਸ਼ਰਮਾ, ਅਮਰੀਕ ਸਿੰਘ, ਸੰਦੀਪ ਸਲੂਜਾ ਆਦਿ ਨੇ ਦੱਸਿਆ ਕਿ ਇਸ ਵਾਰ ਕਰਵਾ ਚੌਥ ਦੇ ਵਰਤ ਮੌਕੇ ਉਨ੍ਹਾਂ ਦਾ ਕਾਰੋਬਾਰ ਠੱਪ ਰਿਹਾ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਲੋਕਾਂ ਨੂੰ ਕੋਰੋਨਾ ਦੀ ਮਾਰ ਚੱਲਣੀ ਪੈ ਰਹੀ ਹੈ, ਜਿਸ ਕਾਰਨ ਲੋਕ ਪੈਸਾਂ ਨਹੀਂ ਖਰਚ ਰਹੇ। ਉਨ੍ਹਾਂ ਦੱਸਿਆ ਕਿ ਰਹਿੰਦੀ ਕਸਰ ਸ਼ਨੀਵਾਰ ਪਏ ਮੀਂਹ ਨੇ ਪੂਰੀ ਕਰ ਦਿੱਤੀ ਹੈ। ਇਸ ਮੌਕੇ ਗਗਨ ਸਵੀਟਸ ਦੇ ਮਾਲਕ ਰਵੀ ਸ਼ਰਮਾ, ਰਾਜੇਸ਼ ਮਿੰਟਾ, ਅਜੇ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਤਿਉਹਾਰਾਂ ਦੌਰਾਨ ਲੋਕ ਪੈਸਾ ਨਹੀਂ ਖਰਚ ਕਰ ਰਹੇ, ਜਿਸ ਕਾਰਨ ਕਾਰੀਗਰਾਂ ਦੀਆਂ ਤਨਖਾਹਾਂ ਅਤੇ ਹੋਰ ਖਰਚਿਆਂ ਨੇ ਸਾਰਾ ਕਾਰੋਬਾਰ ਠੱਪ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦਿਨ-ਬ-ਦਿਨ ਵੱਧ ਰਹੀ ਮਹਿੰਗਾਈ ਨੇ ਲੋਕਾਂ ਦੀਆਂ ਜ਼ੇਬਾਂ ਖਾਲ੍ਹੀ ਕਰ ਦਿੱਤੀਆਂ ਹਨ ਅਤੇ ਆਮ ਆਦਮੀ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਤਾਮਪਾਨ ਵਿਚ ਜ਼ਿਆਦਾ ਗਿਰਾਵਟ ਆਉਣ ਨਾਲ ਛੋਟੇ ਬੱਚਿਆਂ ਅਤੇ ਬਜ਼ੁਰਗ ਠੰਡ ਦੇ ਸ਼ਿਕਾਰ ਹੋਣ ਨਾਲ ਕਈ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਬੱਚੇ ਜੁਕਾਮ, ਇਨਫੈਕਸ਼ਨ ਆਦਿ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ।