ਦੇਰ ਰਾਤ ਤੋਂ ਪੈ ਰਹੇ ਮੀਂਹ ਨੇ ਖੋਲ੍ਹੀ ਨਿਗਮ ਪ੍ਰਸ਼ਾਸਨ ਦੀ ਪੋਲ

Friday, Jun 29, 2018 - 07:52 AM (IST)

ਦੇਰ ਰਾਤ ਤੋਂ ਪੈ ਰਹੇ ਮੀਂਹ ਨੇ ਖੋਲ੍ਹੀ ਨਿਗਮ ਪ੍ਰਸ਼ਾਸਨ ਦੀ ਪੋਲ

ਜਲੰਧਰ, (ਰਾਹੁਲ)- ਬੀਤੀ ਦੇਰ ਰਾਤ ਤੋਂ  ਪੈ ਰਹੇ ਹਲਕੇ ਮੀਂਹ ਕਾਰਨ ਅੱਜ ਜਿਥੇ ਤਾਪਮਾਨ ਵਿਚ ਗਿਰਾਵਟ ਆਈ,ਉਥੇ ਹੀ ਮੀਂਹ ਤੋਂ ਬਾਅਦ ਹੁੰਮਸ ਨੇ ਲੋਕਾਂ ਨੂੰ ਹੋਰ ਜ਼ਿਆਦਾ ਪ੍ਰੇਸ਼ਾਨ ਕਰ ਦਿੱਤਾ। ਜਿਥੇ ਲੋਕ ਮੀਂਹ ਤੋਂ ਬਾਅਦ ਹੁੰਮਸ ਤੋਂ ਪ੍ਰੇਸ਼ਾਨ ਦਿਸੇ, ਉਥੇ ਹੀ ਆਪਣੇ-ਆਪਣੇ ਇਲਾਕਿਆਂ ਵਿਚ ਪਾਣੀ ਭਰਨ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਨਿਗਮ ਪ੍ਰਸ਼ਾਸਨ ਦੀ ਨਾਲਾਇਕੀ ਅਤੇ ਉਸ 'ਤੇ ਘਪਲੇਬਾਜ਼ੀ ਦੇ ਦੋਸ਼ ਲਾਉਂਦੇ ਨਜ਼ਰ ਆਏ। 
ਸ਼ਹਿਰ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇਗਾ ਜਿਥੇ ਸੀਵਰੇਜ ਸਿਸਟਮ ਨੇ ਤੰਗ ਨਾ ਕੀਤਾ ਹੋਵੇ। ਸ਼ਹਿਰ  ਦੇ ਜ਼ਿਆਦਾਤਰ  ਇਲਾਕੇ ਵਿਚ ਪਾਣੀ ਭਰਨ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ। ਮੌਸਮ ਵਿਭਾਗ ਦੀ ਮੰਨੀਏ ਤਾਂ ਇਹ ਮੀਂਹ 4 ਜੁਲਾਈ ਤੱਕ ਜਾਰੀ ਰਹੇਗਾ। ਅੱਜ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 23.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
PunjabKesari
ਇਨ੍ਹਾਂ ਇਲਾਕਿਆਂ 'ਚ ਭਰਿਆ ਕਈ-ਕਈ ਫੁੱਟ ਪਾਣੀ
ਸੈਂਟਰਲ ਟਾਊਨ, ਸ਼ਾਸਤਰੀ ਮਾਰਕੀਟ, ਪੱਕਾ ਬਾਗ, ਸਿਵਲ ਲਾਈਨਜ਼, ਲਾਡੋਵਾਲੀ ਰੋਡ, ਕੀਰਤੀ ਨਗਰ, ਰੇਲਵੇ ਸਟੇਸ਼ਨ, ਬੱਸ ਸਟੈਂਡ, ਬੀ. ਐੱਮ. ਸੀ. ਚੌਕ, ਦੋਮੋਰੀਆ ਪੁਲ, ਇਕਹਿਰੀ ਪੁਲੀ, ਪੁਰਾਣੀ ਦਾਣਾ ਮੰਡੀ ਰੋਡ, ਓਲਡ ਰੇਲਵੇ ਰੋਡ, ਇੰਦਰਪ੍ਰਸਤ ਮੁਹੱਲਾ, ਭਾਈ ਦਿੱਤ ਸਿੰਘ ਨਗਰ, ਪ੍ਰਤਾਪ ਬਾਗ, ਸ਼ਹੀਦ ਭਗਤ ਸਿੰਘ ਚੌਕ, ਫਗਵਾੜਾ ਗੇਟ,ਮਾਈ ਹੀਰਾਂ ਗੇਟ, ਟਾਂਡਾ ਰੋਡ, ਸੋਢਲ ਰੋਡ, ਕਚਹਿਰੀ ਮੁਹੱਲਾ, ਗੋਪਾਲ ਨਗਰ, ਚੰਦਨ ਨਗਰ, ਗਾਜ਼ੀਪੁਰਾ, ਗਾਂਧੀ ਕੈਂਪ, ਨੀਲਾਮਹਿਲ, ਮਿੱਠਾ ਬਾਜ਼ਾਰ, ਅਲੀ ਮੁਹੱਲਾ, ਬ੍ਰਾਂਡਰਥ ਰੋਡ, ਪੀ. ਐੱਨ. ਬੀ. ਚੌਕ, ਮਿਲਾਪ ਚੌਕ, ਬਸਤੀ ਅੱਡਾ ਚੌਕ, ਲੰਮਾ ਪਿੰਡ ਚੌਕ, ਕੈਲਾਸ਼ ਨਗਰ, ਮੁਹੱਲਾ ਸਈਪੁਰ, ਪ੍ਰੀਤ ਨਗਰ ਰੋਡ, ਟੋਬੜੀ ਮੁਹੱਲਾ, ਮਥੁਰਾ ਨਗਰ, ਬ੍ਰਿਜ ਨਗਰ, ਫੁੱਟਬਾਲ ਚੌਕ, ਕਪੂਰਥਲਾ ਚੌਕ, ਗੁਲਾਬ ਦੇਵੀ ਰੋਡ, 120 ਫੁੱਟੀ ਰੋਡ, ਲਸੂੜੀ ਮੁਹੱਲਾ, ਸ਼ਿਵਾ ਜੀ ਪਾਰਕ, ਸ਼ਿਵਰਾਜਗੜ੍ਹ ਆਦਿ ਖੇਤਰਾਂ ਵਿਚ ਸੀਵਰੇਜ  ਬਲਾਕੇਜ ਅਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 
ਡੀ. ਸੀ. ਦਫਤਰ, ਬੱਸ ਸਟੈਂਡ, ਕਮਿਸ਼ਨਰ ਪੁਲਸ ਜਲੰਧਰ, ਲੰਮਾ ਪਿੰਡ ਚੌਕ, ਪ੍ਰੀਤ ਨਗਰ ਗੁਰਦੁਆਰਾ ਇਲਾਕਾ, ਲਕਸ਼ਮੀ ਸਿਨੇਮਾ, ਨਿਊ ਰੇਲਵੇ ਰੋਡ, ਬਸਤੀ ਦਾਨਿਸ਼ਮੰਦਾਂ, ਰਾਮਾਮੰਡੀ ਚੌਕ ਅਤੇ ਪਿਮਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਪਾਣੀ ਭਰਿਆ ਰਿਹਾ, ਜਿਸ ਕਾਰਨ ਸੀਵਰੇਜ ਵਿਵਸਥਾ ਦੇ ਨਾਲ-ਨਾਲ ਟ੍ਰੈਫਿਕ ਵਿਵਸਥਾ ਵੀ ਬੁਰੀ ਤਰ੍ਹਾਂ ਚਰਮਰਾ ਗਈ। ਮੌਸਮ ਵਿਭਾਗ ਦੀ ਮੰਨੀਏ ਤਾਂ 2 ਜੁਲਾਈ ਤੱਕ ਧੂੜ ਭਰੀ ਹਨੇਰੀ ਅਤੇ ਮੀਂਹ ਪੈਣ ਦੀਆਂ ਪੂਰੀ ਸੰਭਾਵਨਾ ਹੈ। 3 ਤੋਂ 4 ਜੁਲਾਈ ਤੱਕ ਹਲਕੇ ਤੋਂ ਤੇਜ਼ ਮੀਂਹ ਪੈਣ ਦੇ ਨਾਲ-ਨਾਲ ਸਾਧਾਰਨ ਤਾਪਮਾਨ ਵਿਚ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ।
PunjabKesari
ਘਰਾਂ ਅਤੇ ਦੁਕਾਨਾਂ ਵਿਚ ਦਾਖਲ ਹੋਇਆ ਪਾਣੀ
ਆਦਮਪੁਰ, 28 ਜੂਨ (ਦਿਲਬਾਗੀ, ਕਮਲਜੀਤ)- ਆਦਮਪੁਰ ਵਿਚ ਹੋਈ ਬਰਸਾਤ ਨੇ ਨਗਰ ਕੌਂਸਲ ਦੀ ਪੋਲ ਖੋਲ੍ਹ ਦਿੱਤੀ। ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿਚ ਦਾਖਲ ਹੋ ਗਿਆ।  ਪਾਣੀ ਮੇਨ ਰੋਡ ਤੇ ਕਈ ਹੋਰ ਸੜਕਾਂ 'ਤੇ ਕਾਫੀ ਦੇਰ ਖੜ੍ਹਾ ਰਿਹਾ। ਪਾਣੀ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪਿਆ। ਥੋੜ੍ਹੀ ਜਿਹੀ ਬਰਸਾਤ ਰੁਕਣ 'ਤੇ ਇਕ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਸ਼ਿਵਪੁਰੀ ਲਿਆਂਦਾ ਗਿਆ ਤਾਂ ਉਸ ਨਾਲ ਆਏ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਅਤੇ ਇਕ ਦੋ ਬਜ਼ੁਰਗ ਤਾਂ ਇਸ ਦਲ-ਦਲ ਵਿਚ ਫਸ ਗਏ ਅਤੇ ਗਾਰੇ ਦੇ ਵਿਚ ਹੀ ਡਿੱਗ ਪਏ। ਪ੍ਰਮਾਤਮਾ ਦਾ ਸ਼ੁੱਕਰ ਹੈ ਕਿ ਕਿਸੇ ਦੇ ਕੋਈ ਗੰਭੀਰ ਸੱਟ ਨਹੀਂ ਲੱਗੀ। ਆਦਮਪੁਰ ਦੀ ਮੇਨ ਰੋਡ 'ਤੇ ਸੀਵਰੇਜ ਬੋਰਡ ਵਲੋਂ ਪਾਈਪ ਪਾਉਣ ਲਈ ਡੂੰਘੇ ਖੱਡੇ ਪੁੱਟੇ ਹੋਏ ਹਨ ਅਤੇ ਉਨ੍ਹਾਂ ਖੱਡਿਆਂ 'ਚ ਥੋੜ੍ਹੀ ਜਿਹੀ ਮਿੱਟੀ ਪਾ ਕੇ ਕੰਮ ਚਲਾਊ ਕੰਮ ਕੀਤਾ ਗਿਆ ਸੀ। ਜਿਸ ਦੀ ਪੋਲ ਅੱਜ ਥੋੜ੍ਹੀ ਜਿਹੀ ਪਈ ਬਰਸਾਤ ਨੇ ਖੋਲ੍ਹ ਦਿੱਤੀ ਅਤੇ ਇਹ ਜ਼ਮੀਨ ਧਸ ਗਈ ਅਤੇ ਸੜਕ ਨਹਿਰ ਦਾ ਰੂਪ ਧਾਰ ਗਈ। 
ਨਗਰ ਕੌਂਸਲ ਆਦਮਪੁਰ ਵਲੋਂ ਹਰ ਸਾਲ ਬਰਸਾਤਾਂ ਤੋਂ ਪਹਿਲਾਂ ਵੱਡੇ ਨਾਲਿਆਂ ਦੀ ਸਫਾਈ ਕਰਵਾਈ ਜਾਂਦੀ ਹੈ ਪਰ ਇਸ ਸਾਲ ਕੌਂਸਲਰਾਂ ਦੀ ਆਪਸੀ ਖਿੱਚੋਤਾਣ ਕਾਰਨ ਇਹ ਕੰਮ ਵੀ ਨਹੀਂ ਕਰਵਾਇਆ ਜਾ ਸਕਿਆ । ਆਦਮਪੁਰ ਸ਼ਹਿਰ ਦੀ ਇੰਨੀ ਮਾੜੀ ਹਾਲਤ ਹੋਣ ਕਾਰਨ ਲੋਕਾਂ ਦਾ ਕਹਿਣਾ ਸੀ ਕਿ ਆਦਮਪੁਰ ਤਾਂ ਰਾਮ ਭਰੋਸੇ ਹੀ ਚਲ ਰਿਹਾ ਹੈ। ਆਦਮਪੁਰ ਨਿਵਾਸੀਆਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਆਦਮਪੁਰ ਦੇ ਹੋਏ ਵਿਕਾਸ ਕੰਮਾਂ ਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇ ਕੇ ਮੁੜ ਤੋਂ ਸ਼ੁਰੂ ਕਰਵਾਇਆ ਜਾਵੇ ਤਾਂ ਕਿ ਆਦਮਪੁਰ ਨਿਵਾਸੀ ਵੀ ਸੁੱਖ ਦੀ ਨੀਂਦ ਸੌਂ ਸਕਣ। 


Related News