ਮਾਨਸੂਨ ਤੋਂ ਪਹਿਲਾਂ ਪੈ ਰਹੇ ਮੀਂਹ ਕਈ ਕਿਸਾਨਾਂ ਲਈ ਵਰਦਾਨ, ਕਈਆਂ ਲਈ ਆਫ਼ਤ

Tuesday, Jun 02, 2020 - 01:38 PM (IST)

ਮਾਨਸੂਨ ਤੋਂ ਪਹਿਲਾਂ ਪੈ ਰਹੇ ਮੀਂਹ ਕਈ ਕਿਸਾਨਾਂ ਲਈ ਵਰਦਾਨ, ਕਈਆਂ ਲਈ ਆਫ਼ਤ

 ਮੋਗਾ (ਸੰਦੀਪ ਸ਼ਰਮਾ) : ਅੱਜ-ਕੱਲ੍ਹ ਅਚਾਨਕ ਅਸਮਾਨ ’ਤੇ ਘਿਰੇ ਬੱਦਲਾਂ ਅਤੇ ਤੇਜ਼ ਹਵਾਵਾਂ ਚੱਲਣ ਦੇ ਬਾਅਦ ਹੋ ਰਹੀ ਬਾਰਸ਼ ਨੇ ਲੋਕਾਂ ਨੂੰ ਲੂੰ-ਤਿੱਖੀ ਗਰਮੀ ਤੋਂ ਰਾਹਤ ਦੇ ਦਿੱਤੀ ਹੈ ਪਰ 37.8 ਐੱਮ. ਐੱਮ. ਤੋਂ ਵੀ ਜ਼ਿਆਦਾ ਰਫਤਾਰ ਨਾਲ ਪੈ ਰਹੀ ਬਾਰਸ਼ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਵਧਾ ਦਿੱਤਾ ਹੈ। ਇਸ ਬਾਰਸ਼ ਨਾਲ ਇਕ ਪਾਸੇ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ 'ਚ ਤਾਂ ਖੁਸ਼ੀ ਦੀ ਲਹਿਰ ਹੈ, ਉੱਥੇ ਇਸ ਨਾਲ ਮੂੰਗ ਅਤੇ ਬਰਸੀਨ ਸਮੇਤ ਕੁੱਝ ਹੋਰਾਂ ਫਸਲਾਂ ਦੀ ਬਿਜਾਈ ਕਰ ਰਹੇ ਜਾਂ ਕਰ ਚੁੱਕੇ ਕਿਸਾਨਾਂ ਦੀ ਇਸ ਬਾਰਸ਼ ਨੇ ਚਿੰਤਾ ਵਧਾ ਦਿੱਤੀ ਹੈ।
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦਰਜਾ ਚਾਰ ਗੁਣਾ ਜ਼ਿਆਦਾ ਬਾਰਸ਼
ਮੌਸਮ ਵਿਭਾਗ ਅਨੁਸਾਰ ਪਿਛਲੇ ਸਾਲ ਮਈ ਮਹੀਨੇ 'ਚ ਸਿਰਫ 16 ਐੱਮ. ਐੱਮ. ਬਾਰਸ਼ ਹੋਈ ਸੀ, ਉੱਥੇ ਇਸ ਸਾਲ ਮਈ ਮਹੀਨੇ 'ਚ 63.3 ਐੱਮ. ਐੱਮ. ਤੋਂ ਜ਼ਿਆਦਾ ਮੀਂਹ ਪਿਆ ਹੈ। ਬਾਰਸ਼ ਤੋਂ ਤਿੰਨ ਦਿਨ ਪਹਿਲਾਂ ਜ਼ਿਲ੍ਹੇ ’ਚ ਤਾਪਮਾਨ 46 ਡਿਗਰੀ ਤੱਕ ਪਹੁੰਚ ਗਿਆ ਸੀ। ਹੁਣ ਹੋਈ ਬਾਰਸ਼ ਨਾਲ ਇਹ ਤਾਪਮਾਨ 28 ਤੋਂ 30 ਡਿਗਰੀ ਤੱਕ ਜਾ ਚੁੱਕਾ ਹੈ। ਖੇਤੀ ਮਾਹਿਰਾਂ ਮੁਤਾਬਕ ਜਿਨ੍ਹਾਂ ਕਿਸਾਨਾਂ ਨੇ ਸਿੱਧੇ ਤੌਰ ’ਤੇ 10 ਦਿਨ ਤੋਂ ਜ਼ਿਆਦਾ ਸਮੇਂ ਤੋਂ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ, ਉੁਨ੍ਹਾਂ ਲਈ ਤਾਂ ਇਹ ਬਾਰਸ਼ ਵਰਦਾਨ ਸਾਬਿਤ ਹੋਵੇਗੀ, ਉੱਥੇ ਜਿਨ੍ਹਾਂ ਕਿਸਾਨਾਂ ਨੇ ਇਕ ਹਫਤੇ ਤੋਂ ਵੀ ਘੱਟ ਸਮਾਂ ਪਹਿਲਾਂ ਝੋਨੇ ਦੀ ਫਸਲ ਦੀ ਸਿੱਧੇ ਤੌਰ ’ਤੇ ਬਿਜਾਈ ਕੀਤੀ ਹੈ, ਅਜਿਹੇ ਕਿਸਾਨਾਂ ਲਈ ਇਹ ਬਾਰਸ਼ ਨੁਕਸਾਨਦਾਇਕ ਸਾਬਤ ਹੋਵੇਗੀ, ਉੱਥੇ ਜਿਨ੍ਹਾਂ ਕਿਸਾਨਾਂ ਨੇ ਬੀਜ ਤਿਆਰ ਕਰਨ ਲਈ ਬਰਸੀਨ ਦੀ ਕਾਸ਼ਤ ਕੀਤੀ ਹੈ, ਉਨ੍ਹਾਂ ਲਈ ਵੀ ਇਹ ਬਾਰਸ਼ ਸਿੱਧੇ ਤੌਰ ’ਤੇ ਹਾਨੀ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਬਿਲਕੁੱਲ ਹੋਣ ਦੇ ਕਿਨਾਰੇ ਪਹੁੰਚੇ ਬਰਸੀਨ ਦੀ ਗੁਣਵੱਤਾ ’ਤੇ ਇਸ ਦਾ ਸਿੱਧੇ ਤੌਰ ’ਤੇ ਬਹੁਤ ਹੀ ਬੁਰਾ ਪ੍ਰਭਾਵ ਪਵੇਗਾ ਅਤੇ ਅਜਿਹੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਚੁੱਕਣਾ ਪਵੇਗਾ।


author

Babita

Content Editor

Related News