ਮੀਂਹ ਨੇ ਵਿਗਾੜੇ ਮੋਹਾਲੀ ਦੇ ਹਾਲਾਤ, ਕਰੋੜਾਂ ਦਾ ਨੁਕਸਾਨ, ਪਾਣੀ ’ਤੇ ਤੈਰਦੇ ਰਹੇ ਵਾਹਨ
Monday, Jul 10, 2023 - 04:55 AM (IST)
ਮੋਹਾਲੀ (ਨਿਆਮੀਆਂ) : ਮੋਹਾਲੀ 'ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਪਿਛਲੇ 2 ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਮੋਹਾਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਜਨਜੀਵਨ ਠੱਪ ਹੋ ਕੇ ਰਹਿ ਗਿਆ ਹੈ। ਇੱਥੋਂ ਦੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਸਾਲ ਬਾਰਿਸ਼ ਇੰਨੀ ਜ਼ਿਆਦਾ ਰਹੀ ਕਿ ਮੋਹਾਲੀ ਦੇ ਕਈ ਫੇਜ਼ਾਂ 'ਚ ਪਾਣੀ ਭਰ ਗਿਆ ਅਤੇ ਲੋਕਾਂ ਦਾ ਕਰੋੜਾਂ ਰੁਪਏ ਦਾ ਕੀਮਤੀ ਸਾਮਾਨ ਖਰਾਬ ਹੋ ਗਿਆ ਹੈ। ਫੇਜ਼-1, 2, 3, 5, 11 ਤੇ ਹੋਰ ਕਈ ਫੇਜ਼ਾਂ 'ਚ ਮੀਂਹ ਦਾ ਪਾਣੀ ਘਰਾਂ ਵਿੱਚ ਵੜ ਗਿਆ। ਲੋਕਾਂ ਨੂੰ ਕਿਸ਼ਤੀਆਂ ਰਾਹੀਂ ਘਰਾਂ 'ਚੋਂ ਬਾਹਰ ਕੱਢਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਭਾਰੀ ਮੀਂਹ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ 10 ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ
ਮੀਂਹ ਕਾਰਨ ਵਿਗੜਦੇ ਹਾਲਾਤ ਕਾਰਨ ਪ੍ਰਸ਼ਾਸਨ ਨੇ 10 ਜੁਲਾਈ ਨੂੰ ਸਾਰੇ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਮੋਹਾਲੀ ਦੇ ਪਿੰਡ ਬਲਾਕ ਦਾ ਸਭ ਤੋਂ ਮਾੜਾ ਹਾਲ ਹੈ, ਜਿੱਥੇ 50 ਫ਼ੀਸਦੀ ਤੋਂ ਵੱਧ ਘਰਾਂ 'ਚ ਪਾਣੀ ਭਰ ਗਿਆ ਅਤੇ ਲੋਕਾਂ ਦਾ ਕੀਮਤੀ ਸਾਮਾਨ ਬਰਬਾਦ ਹੋ ਗਿਆ। ਰਾਧਾ ਸੁਆਮੀ ਰੋਡ ਨੇੜੇ ਇੰਨਾ ਪਾਣੀ ਭਰ ਗਿਆ ਕਿ ਏਅਰਪੋਰਟ ਰੋਡ ਅਤੇ ਰਾਧਾ ਸੁਆਮੀ ਭਵਨ ਦੇ ਨਾਲ ਵਾਲੀ ਸੜਕ ’ਤੇ ਵਾਹਨ ਪਾਣੀ ’ਤੇ ਤੈਰਦੇ ਦੇਖੇ ਗਏ। ਭਾਰੀ ਮੀਂਹ ਦੇ ਅਲਰਟ ਤੋਂ ਬਾਅਦ ਬਚਾਅ ਮੁਹਿੰਮ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਫ਼ੌਜ ਤੋਂ ਮਦਦ ਮੰਗੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : 5ਵੀਂ ਤੇ 8ਵੀਂ ਜਮਾਤ ਦੀਆਂ ਹੋਣ ਵਾਲੀਆਂ Re-appear ਪ੍ਰੀਖਿਆਵਾਂ ਮੁਲਤਵੀ
ਪਾਣੀ ’ਚ ਫਸੇ ਵਾਹਨ
ਮੋਹਾਲੀ ਫੇਜ਼-1 'ਚ ਲਗਾਤਾਰ 2 ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਗੱਡੀਆਂ ਪਾਣੀ ਵਿੱਚ ਫਸ ਗਈਆਂ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਐੱਚ. ਐੱਲ-ਐੱਚ. ਈ. ਬਲਾਕ 'ਚ ਰਾਤ ਸਮੇਂ ਪਾਣੀ ਇਕੱਠਾ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ। ਸੁਰੱਖਿਆ ਦੇ ਨਜ਼ਰੀਏ ਤੋਂ ਲੋਕਾਂ ਨੇ ਆਪਣੇ ਵਾਹਨ ਨੀਵੇਂ ਇਲਾਕਿਆਂ ਤੋਂ ਲਿਜਾ ਕੇ ਉੱਚੇ ਇਲਾਕਿਆਂ 'ਚ ਪਾਰਕ ਕੀਤੇ।
ਇਹ ਵੀ ਪੜ੍ਹੋ : ਬਦ ਤੋਂ ਬਦਤਰ ਹੋ ਰਹੇ ਹਾਲਾਤ, ਹੜ੍ਹਾਂ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਮੋਹਾਲੀ ’ਚ ਫ਼ੌਜ ਬੁਲਾਉਣ ਦੀ ਤਿਆਰੀ
ਡਿਪਟੀ ਮੇਅਰ ਨੇ ਲਿਆ ਨੁਕਸਾਨ ਦਾ ਜਾਇਜ਼ਾ
ਮੋਹਾਲੀ ’ਚ 2 ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਮੇਅਰ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਭਾਰੀ ਬਾਰਿਸ਼ ਦੌਰਾਨ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਵੀ ਕੀਤੇ। ਇਸ ਮੌਕੇ ਉਨ੍ਹਾਂ ਨਾਲ ਵੱਖ-ਵੱਖ ਵਾਰਡਾਂ ਦੇ ਕੌਂਸਲਰ ਵੀ ਨਜ਼ਰ ਆਏ। ਉਨ੍ਹਾਂ ਕਿਹਾ ਕਿ ਭਾਵੇਂ ਇਹ ਇਕ ਕੁਦਰਤੀ ਵਰਤਾਰਾ ਹੈ ਅਤੇ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਅਧਿਕਾਰੀ ਤੇ ਕਰਮਚਾਰੀ ਕੰਮ ਨਹੀਂ ਕਰ ਰਹੇ ਪਰ ਉਨ੍ਹਾਂ ਨੇ ਸਿੱਧੇ ਤੌਰ ’ਤੇ ਜਨ ਸਿਹਤ ਵਿਭਾਗ ਨੂੰ ਨਿਕਾਸੀ ਦਾ ਪੁਖਤਾ ਪ੍ਰਬੰਧ ਨਾ ਹੋਣ ਦਾ ਦੋਸ਼ ਲਾਇਆ। ਨਿਕਾਸੀ ਦਾ ਪ੍ਰਬੰਧ ਸਿਹਤ ਵਿਭਾਗ ਦਾ ਹੈ ਅਤੇ ਨਗਰ ਨਿਗਮ ਉਨ੍ਹਾਂ ਨੂੰ ਪੈਸੇ ਦਿੰਦਾ ਹੈ। ਇਸ ਦੌਰਾਨ ਉਨ੍ਹਾਂ ਸ਼ਹਿਰ ਵਾਸੀਆਂ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8