ਪੰਜਾਬ ’ਚ ਅੱਜ ਕੁਝ ਥਾਵਾਂ ’ਤੇ ਮੀਂਹ ਸੰਭਵ
Monday, Jan 20, 2020 - 07:08 PM (IST)
ਚੰਡੀਗੜ੍ਹ (ਏਜੰਸੀਆਂ)- ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ’ਚ ਸੋਮਵਾਰ ਵੀ ਸੀਤ ਲਹਿਰ ਦਾ ਜ਼ੋਰ ਰਿਹਾ। ਪੰਜਾਬ ਅਤੇ ਹਰਿਆਣਾ ’ਚ ਸਭ ਤੋਂ ਠੰਡਾ ਇਲਾਕਾ ਨਾਰਨੌਲ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ’ਚ 7.3, ਅੰਮ੍ਰਿਤਸਰ ’ਚ 7.4, ਲੁਧਿਆਣਾ ’ਚ 6.9, ਪਟਿਆਲਾ ’ਚ 8.1, ਜਲੰਧਰ ਨੇੜੇ ਆਦਮਪੁਰ ’ਚ 5.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਸ਼ਾਮ ਤਕ ਪੰਜਾਬ ਦੇ ਕੁਝ ਇਲਾਕਿਆਂ ’ਚ ਹਲਕੀ ਵਰਖਾ ਹੋ ਸਕਦੀ ਹੈ ਨਾਲ ਹੀ ਅਗਲੇ ਕੁਝ ਦਿਨ ਧੁੰਦ ਪੈਣ ਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ ’ਚ ਵੀ ਕਈ ਉਚੇਰੇ ਇਲਾਕਿਆਂ ’ਚ ਬਰਫਬਾਰੀ ਹੋਣ ਕਾਰਣ ਸੀਤ ਲਹਿਰ ਦਾ ਜ਼ੋਰ ਵੱਧ ਗਿਆ ਹੈ। ਕਬਾਇਲੀ ਇਲਾਕਿਆਂ ’ਚ ਤਾਂ ਘੱਟੋ-ਘੱਟ ਤਾਪਮਾਨ ਮਨਫੀ 15 ਤੋਂ ਮਨਫੀ 25 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸ਼ਿਮਲਾ ’ਚ ਸੋਮਵਾਰ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਸੀ। ਡਲਹੌਜ਼ੀ ’ਚ ਮਨਫੀ 2 ਅਤੇ ਕੁਫਰੀ ’ਚ ਮਨਫੀ 3 ਸੀ। ਜੰਮੂ-ਕਸ਼ਮੀਰ ’ਚ ਵੀ ਸੀਤ ਲਹਿਰ ਦਾ ਜ਼ੋਰ ਹੈ। ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਵਿਖੇ ਘੱਟੋ-ਘੱਟ ਤਾਪਮਾਨ ਮਨਫੀ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਗੁਲਮਰਗ ਵਿਖੇ ਇਹ ਮਨਫੀ 12.8 ਸੀ।