ਮੌਸਮ ਦਾ ਬਦਲਦਾ ਮਿਜਾਜ਼, ਪੰਜਾਬ ਤੇ ਹਰਿਆਣਾ ''ਚ ਬਾਰਸ਼ ਦੀ ਸੰਭਾਵਨਾ
Saturday, May 02, 2020 - 11:35 PM (IST)
ਲੁਧਿਆਣਾ, (ਸਲੂਜਾ)— ਪੰਜਾਬ ਤੇ ਹਰਿਆਣਾ ਦੇ ਉਨ੍ਹਾਂ ਕਿਸਾਨਾਂ ਲਈ ਮੌਸਮ ਦੇ ਬਦਲਦੇ ਮਿਜਾਜ਼ ਨੂੰ ਲੈ ਕੇ ਇਹ ਚੰਗੀ ਖ਼ਬਰ ਨਹੀਂ ਹੈ, ਜਿਨ੍ਹਾਂ ਦੀ ਕਣਕ ਦੀ ਫਸਲ ਅਜੇ ਖੇਤਾਂ 'ਚ ਵਾਢੀ ਲਈ ਤਿਆਰ ਖੜ੍ਹੀ ਹੈ ਜਾਂ ਫਿਰ ਮੰਡੀਆਂ 'ਚ ਵਿਕਣ ਲਈ ਪਈ ਹੋਈ ਹੈ ਕਿਉਂਕਿ ਬਾਰਸ਼ ਦਸਤਕ ਦੇ ਸਕਦੀ ਹੈ।
ਮੌਸਮ ਵਿਭਾਗ ਨੇ ਸ਼ਨੀਵਾਰ ਸ਼ਾਮ ਮੌਸਮ ਦੇ ਬਦਲਦੇ ਮਿਜਾਜ਼ ਸਬੰਧੀ ਵਿਸ਼ੇਸ਼ ਬੁਲੇਟਿਨ ਜਾਰੀ ਕਰਦੇ ਹੋਏ ਦੱਸਿਆ ਕਿ ਪੱਛਮੀ ਚੱਕਰਵਾਤ ਦੇ ਇਕ ਵਾਰ ਫਿਰ ਸਰਗਰਮ ਹੋ ਜਾਣ ਨਾਲ ਸ਼ਨੀਵਾਰ ਤੋਂ ਲੈ ਕੇ 6 ਮਈ ਤਕ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ 'ਚ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਧੂੜ ਭਾਰੀ ਹਨੇਰੀ ਚੱਲਣ ਨਾਲ ਹੀ ਬਾਰਸ਼ ਹੋਦ ਦੀ ਵੀ ਸੰਭਾਵਨਾ ਹੈ। ਸਥਾਨਕ ਲੁਧਿਆਣਾ ਦੀ ਗੱਲ ਕਰੀਏ ਤਾਂ ਦਿਨ ਦੀ ਸ਼ੁਰੂਆਤ ਖਿੜਖਿੜਾਉਂਦੀ ਧੁੱਪ ਦੇ ਨਾਲ ਹੋਈ ਪਰ ਉਸ ਤੋਂ ਬਾਅਦ ਆਸਮਾਨ 'ਤੇ ਬੱਦਲ ਛਾਣ ਲੱਗੇ ਅਤੇ ਕੁਝ ਇਲਾਕਿਆਂ 'ਚ ਬੂੰਦਾ-ਬਾਂਦੀ ਵੀ ਹੋਈ। ਪੀ. ਏ. ਯੂ. ਤੋਂ ਮਿਲੀ ਜਾਣਕਾਰੀ ਮੁਤਾਬਕ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 25.4 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਸਵੇਰ ਹਵਾ 'ਚ ਨਮੀ ਦੀ ਮਾਤਰਾ 68 ਫੀਸਦੀ ਅਤੇ ਸ਼ਾਮ ਨੂੰ 40 ਫੀਸਦੀ ਰਹੀ।